ਦੇਵਗੰਧਾਰੀ ੫ ॥

Dayv-Gandhaaree, Fifth Mehl:

ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।

ਦਰਸਨ ਨਾਮ ਕਉ ਮਨੁ ਆਛੈ ॥

My mind longs for the Blessed Vision of the Lord's Darshan, and His Name.

ਪਰਮਾਤਮਾ ਦਾ ਦਰਸਨ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ। ਕਉ = ਵਾਸਤੇ। ਆਛੈ = ਤਾਂਘਦਾ ਹੈ।

ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥

I have wandered everywhere, and now I have come to follow the Saint. ||1||Pause||

ਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ ॥੧॥ ਰਹਾਉ ॥ ਭ੍ਰਮਿ = ਭਟਕ ਭਟਕ ਕੇ। ਸਗਲ ਥਾਨ = ਸਭਨੀਂ ਥਾਈਂ। ਰੇ = ਹੇ ਭਾਈ! ਆਹਿ = ਤਾਂਘ ਕਰ ਕੇ। ਸੰਤ ਪਾਛੈ = ਸੰਤਾਂ ਦੇ ਪਿੱਛੇ, ਸੰਤਾਂ ਦੀ ਸਰਨ ॥੧॥ ਰਹਾਉ ॥

ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥

Whom should I serve? Whom should I worship in adoration? Whoever I see shall pass away.

(ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕਿਸ ਦਾ ਆਰਾਧਨ ਕਰਾਂ? ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਾ ਕਰਾਂ। ਆਰਾਧੀ = ਆਰਾਧੀਂ। ਦਿਸਟੈ = ਦਿਸਦਾ ਹੈ। ਗਾਛੈ = ਨਾਸਵੰਤ ਹੈ।

ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥

I have sought the Sanctuary of the Saadh Sangat, the Company of the Holy; my mind longs for the dust of their Feet. ||1||

ਸਾਧ ਸੰਗਤ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ ॥੧॥ ਪਰੀਐ = ਪੈਣਾ ਚਾਹੀਦਾ ਹੈ। ਰੇਨੁ = ਧੂੜ। ਬਾਛੈ = ਮੰਗਦਾ ਹੈ ॥੧॥

ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥

I do not know the way, and I have no virtue. It is so difficult to escape from Maya!

ਮੈਨੂੰ (ਇਸ ਮਾਇਆ-ਸਮੁੰਦਰ ਤੋਂ ਪਾਰ ਲੰਘਣ ਦਾ) ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ (ਐਸਾ) ਗੁਣ (ਭੀ) ਨਹੀਂ, ਇਹ ਮਾਇਆ (-ਸਮੁੰਦਰ) ਤੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ। ਜਾਨਾ = ਜਾਨਾਂ, ਮੈਂ ਜਾਣਦਾ। ਦੁਤਰੁ = {दुस्तर} ਜਿਸ ਨੂੰ ਤਰਨਾ ਔਖਾ ਹੈ। ਮਾਇ = ਮਾਇਆ। ਆਛੈ = {अस्ति} ਹੈ।

ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥

Nanak has come and fallen at the Guru's feet; all of his evil inclinations have vanished. ||2||2||28||

ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ ॥੨॥੨॥੨੮॥ ਤਉ = ਤਦੋਂ। ਦੁਰਾਛੈ = ਦੁਰ ਆਛੈ, ਮੰਦੀ ਵਾਸਨਾ ॥੨॥੨॥੨੮॥