ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਰਸਨਾ ਜਪਤੀ ਤੂਹੀ ਤੂਹੀ ॥
My tongue chants Your Name, Your Name.
ਹੇ ਪ੍ਰਭੂ! ਮੇਰੀ ਜੀਭ ਸਦਾ ਤੇਰਾ ਜਾਪ ਹੀ ਜਪਦੀ ਹੈ। ਰਸਨਾ = ਜੀਭ।
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥
In the mother's womb, You sustained me, and in this mortal world, You alone help me. ||1||Pause||
ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈਂ, ਜਗਤ ਵਿਚ ਹੀ ਸਿਰਫ਼ ਤੂੰ ਹੀ ਪਾਲਣਹਾਰ ਹੈਂ ॥੧॥ ਰਹਾਉ ॥ ਗਰਭ = ਪੇਟ। ਪ੍ਰਤਿਪਾਲਕ = ਪਾਲਣ ਵਾਲਾ। ਮ੍ਰਿਤ ਮੰਡਲ = ਜਗਤ। ਇਕ = ਸਿਰਫ਼ ॥੧॥ ਰਹਾਉ ॥
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥
You are my Father, and You are my Mother; You are my Loving Friend and Sibling.
ਹੇ ਪ੍ਰਭੂ! ਤੂੰ ਹੀ ਸਾਡਾ ਪਿਉ ਹੈਂ, ਤੂੰ ਹੀ ਸਾਡੀ ਮਾਂ ਭੀ ਹੈਂ, ਤੂੰ ਹੀ ਮਿੱਤਰ ਹੈਂ ਤੂੰ ਹੀ ਹਿਤੂ ਹੈਂ ਤੂੰ ਹੀ ਭਰਾ ਹੈਂ। ਤੁਮਹਿ = ਤੁਮ ਹੀ। ਫੁਨਿ = ਭੀ। ਮੀਤ = ਮਿੱਤਰ। ਹਿਤ = ਹਿਤੂ।
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥
You are my Family, and You are my Support. You are the Giver of the Breath of Life. ||1||
ਤੂੰ ਹੀ ਸਾਡਾ ਪਰਵਾਰ ਹੈਂ, ਤੂੰ ਹੀ ਆਸਰਾ ਹੈਂ, ਤੂੰ ਹੀ ਜਿੰਦ ਦੇਣ ਵਾਲਾ ਹੈਂ, ਤੂੰ ਹੀ ਪ੍ਰਾਣ ਦੇਣ ਵਾਲਾ ਹੈਂ ॥੧॥ ਆਧਾਰਾ = ਆਸਰਾ। ਜੀਅ ਦਾਤਾ = ਜਿੰਦ ਦੇਣ ਵਾਲਾ ॥੧॥
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥
You are my Treasure, and You are my Wealth. You are my Gems and Jewels.
ਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ। ਖਜੀਨਾ = ਖ਼ਜ਼ਾਨਾ। ਜਰੀਨਾ = ਜ਼ਰੀਨਾ, ਜ਼ਰ। ਮਾਣਿਕ = ਮੋਤੀ।
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥
You are the wish-fulfilling Elysian Tree. Nanak has found You through the Guru, and now he is enraptured. ||2||33||56||
ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ ॥੨॥੩੩॥੫੬॥ ਪਾਰਜਾਤ = ਸਵਰਗ ਦਾ ਉਹ ਰੁੱਖ ਜੋ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਮੰਨਿਆ ਜਾਂਦਾ ਹੈ। ਗੁਰ ਤੇ = ਗੁਰੂ ਪਾਸੋਂ। ਤਉ = ਤਦੋਂ ॥੨॥੩੩॥੫੬॥