ਮਾਰੂ ਮਹਲਾ ੩ ॥
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
ਜੁਗ ਛਤੀਹ ਕੀਓ ਗੁਬਾਰਾ ॥
For thirty-six ages, utter darkness prevailed.
ਹੇ ਪ੍ਰਭੂ! (ਜਗਤ-ਰਚਨਾ ਤੋਂ ਪਹਿਲਾਂ) ਬੇਅੰਤ ਸਮਾ ਤੂੰ ਅਜਿਹੀ ਹਾਲਤ ਬਣਾਈ ਰੱਖੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਜੁਗ ਛਤੀਹ = ਛੱਤੀ ਜੁਗ, ਅਨੇਕਾਂ ਜੁਗ, ਬੇਅੰਤ ਸਮਾ। ਗੁਬਾਰਾ = ਘੁੱਪ ਹਨੇਰਾ, ਅਜਿਹੀ ਹਾਲਤ ਜੋ ਮਨੁੱਖ ਦੀ ਸਮਝ ਤੋਂ ਪਰੇ ਹੈ।
ਤੂ ਆਪੇ ਜਾਣਹਿ ਸਿਰਜਣਹਾਰਾ ॥
Only You Yourself know this, O Creator Lord.
ਹੇ ਸਿਰਜਣਹਾਰ! ਤੂੰ ਆਪ ਹੀ ਜਾਣਦਾ ਹੈਂ (ਕਿ ਉਹ ਹਾਲਤ ਕੀਹ ਸੀ)। ਸਿਰਜਣਹਾਰਾ = ਹੇ ਸਿਰਜਣਹਾਰ!
ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥
What can anyone else say? What can anyone explain? Only You Yourself can estimate Your worth. ||1||
(ਉਸ ਗੁਬਾਰ ਦੀ ਬਾਬਤ) ਕੋਈ ਜੀਵ ਕੁਝ ਭੀ ਨਹੀਂ ਕਹਿ ਸਕਦਾ, ਕੋਈ ਜੀਵ ਆਖ ਕੇ ਕੁਝ ਭੀ ਨਹੀਂ ਬਿਆਨ ਕਰ ਸਕਦਾ। ਤੂੰ ਆਪ ਹੀ ਉਸ ਦੀ ਅਸਲੀਅਤ ਜਾਣਦਾ ਹੈਂ ॥੧॥ ਕੋ = ਕੋਈ ਜੀਵ। ਹੋਰ ਕਿਆ ਕਹੈ = ਕੁਝ ਭੀ ਨਹੀਂ ਦੱਸ ਸਕਦਾ। ਆਖਿ = ਆਖ ਕੇ। ਕਿ ਵਖਾਣੈ = ਕੀਹ ਬਿਆਨ ਕਰੇ? ਕੁਝ ਭੀ ਬਿਆਨ ਨਹੀਂ ਕਰ ਸਕਦਾ ॥੧॥
ਓਅੰਕਾਰਿ ਸਭ ਸ੍ਰਿਸਟਿ ਉਪਾਈ ॥
The One Universal Creator created the entire Universe.
ਪਰਮਾਤਮਾ ਨੇ ਆਪ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਓਅੰਕਾਰਿ = ਓਅੰਕਾਰ ਨੇ, ਪਰਮਾਤਮਾ ਨੇ।
ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥
All the plays and dramas are to Your glory and greatness.
ਹੇ ਪ੍ਰਭੂ! (ਤੇਰਾ ਰਚਿਆ ਇਹ ਜਗਤ) ਸਾਰਾ ਤੇਰਾ ਖੇਲ-ਤਮਾਸ਼ਾ ਹੈ, ਤੇਰੀ ਹੀ ਵਡਿਆਈ ਹੈ।
ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥
The True Lord Himself makes all distinctions; He Himself breaks and builds. ||2||
ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵਖ ਵਖ ਕਿਸਮ ਦੇ ਬਣਾਂਦਾ ਹੈ, ਆਪ ਹੀ ਨਾਸ ਕਰ ਕੇ ਆਪ ਹੀ ਪੈਦਾ ਕਰਦਾ ਹੈ ॥੨॥ ਵੇਕ = ਵਖ ਵਖ। ਸਭਿ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਭੰਨਿ = ਭੰਨ ਕੇ, ਨਾਸ ਕਰ ਕੇ ॥੨॥
ਬਾਜੀਗਰਿ ਇਕ ਬਾਜੀ ਪਾਈ ॥
The Juggler has staged His juggling show.
(ਪ੍ਰਭੂ-) ਬਾਜੀਗਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ। ਬਾਜੀਗਰਿ = ਬਾਜੀਗਰ ਨੇ। ਬਾਜੀ ਪਾਈ = ਤਮਾਸ਼ਾ ਰਚਿਆ ਹੈ।
ਪੂਰੇ ਗੁਰ ਤੇ ਨਦਰੀ ਆਈ ॥
Through the Perfect Guru, one comes to behold it.
ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਆ ਗਈ, ਤੇ = ਤੋਂ, ਪਾਸੋਂ। ਨਦਰੀ ਆਈ = ਦਿੱਸ ਪਈ।
ਸਦਾ ਅਲਿਪਤੁ ਰਹੈ ਗੁਰਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥
One who remains forever detached in the Word of the Guru's Shabad - his consciousness is attuned to the True Lord. ||3||
ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਇਸ ਜਗਤ-ਤਮਾਸ਼ੇ ਵਿਚ) ਨਿਰਲੇਪ ਰਹਿੰਦਾ ਹੈ, ਉਹ ਮਨੁੱਖ ਸਦਾ-ਥਿਰ ਪਰਮਾਤਮਾ ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੩॥ ਅਲਿਪਤੁ = ਨਿਰਲੇਪ। ਸਬਦੀ = ਸ਼ਬਦ ਦੀ ਰਾਹੀਂ। ਸਿਉ = ਨਾਲ ॥੩॥
ਬਾਜਹਿ ਬਾਜੇ ਧੁਨਿ ਆਕਾਰਾ ॥
The musical instruments of the body vibrate and resound.
ਇਹ ਸਾਰੇ ਦਿੱਸ ਰਹੇ ਸਰੀਰ (ਮਿੱਠੀ ਸੁਰ) ਨਾਲ (ਮਾਨੋ) ਵਾਜੇ ਵੱਜ ਰਹੇ ਹਨ। ਆਕਾਰਾ = ਸਾਰੇ (ਦਿੱਸ ਰਹੇ) ਸਰੀਰ। ਬਾਜਹਿ = ਵੱਜ ਰਹੇ ਹਨ। ਧੁਨਿ = ਸੁਰ (ਨਾਲ)।
ਆਪਿ ਵਜਾਏ ਵਜਾਵਣਹਾਰਾ ॥
The Player Himself plays them.
ਵਜਾਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਇਹ (ਸਰੀਰ-) ਵਾਜੇ ਵਜਾ ਰਿਹਾ ਹੈ।
ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥
The breath flows equally through the hearts of each and every being. Receiving the breath, all the instruments sing. ||4||
ਹਰੇਕ ਸਰੀਰ ਵਿਚ ਉਸ ਸਦਾ ਇਕ-ਰੰਗ ਰਹਿਣ ਵਾਲੇ ਪਰਮਾਤਮਾ ਦਾ ਬਣਾਇਆ ਹੋਇਆ ਸੁਆਸ ਚੱਲ ਰਿਹਾ ਹੈ, (ਉਸ ਆਪਣੇ ਪੈਦਾ ਕੀਤੇ) ਪਉਣ ਵਿਚ ਮਿਲ ਕੇ ਪਰਮਾਤਮਾ ਇਹ ਸਾਰੇ ਵਾਜੇ ਵਜਾ ਰਿਹਾ ਹੈ ॥੪॥ ਘਟਿ ਘਟਿ = ਹਰੇਕ ਸਰੀਰ ਵਿਚ। ਪਉਣੁ = ਹਵਾ, ਸਾਹ। ਵਹੈ = ਚੱਲ ਰਿਹਾ ਹੈ। ਇਕ ਰੰਗੀ = ਇਕ-ਰਸ ਰਹਿਣ ਵਾਲੇ ਪਰਮਾਤਮਾ ਦੀ। ਮਿਲਿ = ਮਿਲ ਕੇ। ਪਵਣੈ = ਪਵਣ ਵਿਚ, ਸੁਆਸ ਵਿਚ ॥੪॥
ਕਰਤਾ ਕਰੇ ਸੁ ਨਿਹਚਉ ਹੋਵੈ ॥
Whatever the Creator does, surely comes to pass.
(ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ, ਨਿਹਚਉ = ਜ਼ਰੂਰ।
ਗੁਰ ਕੈ ਸਬਦੇ ਹਉਮੈ ਖੋਵੈ ॥
Through the Word of the Guru's Shabad, egotism is consumed.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕੈ ਸਬਦੇ = ਦੇ ਸ਼ਬਦ ਦੀ ਰਾਹੀਂ।
ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥
By Guru's Grace, some are blessed with glorious greatness; they meditate on the Naam, the Name of the Lord. ||5||
(ਜਿਸ) ਕਿਸੇ (ਵਿਰਲੇ ਮਨੁੱਖ) ਨੂੰ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਡਿਆਈ ਦੇਂਦਾ ਹੈ। ਉਹ ਮਨੁੱਖ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੫॥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਕਿਸੈ = (ਜਿਸ) ਵਿਰਲੇ ਨੂੰ। ਦੇ = ਦੇਂਦਾ ਹੈ। ਨਾਮੋ ਨਾਮੁ = ਨਾਮ ਹੀ ਨਾਮ, ਹਰ ਵੇਲੇ ਨਾਮ ॥੫॥
ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥
There is no other profit as great as service to the Guru.
ਗੁਰੂ ਦੀ ਸਰਨ ਪੈਣ ਦੇ ਬਰਾਬਰ (ਜਗਤ ਵਿਚ) ਹੋਰ ਕੋਈ ਲਾਭ ਨਹੀਂ ਹੈ। ਜੇਵਡੁ = ਜੇਡਾ, ਬਰਾਬਰ ਦਾ। ਲਾਹਾ = ਲਾਭ।
ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥
The Naam abides within my mind, and I praise the Naam.
(ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ) ਮਨ ਵਿਚ (ਪਰਮਾਤਮਾ ਦਾ) ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਹਰਿ-ਨਾਮ ਦੀ ਸਿਫ਼ਤ ਕਰਦੇ ਹਨ। ਮੰਨਿ = ਮਨਿ, ਮਨ ਵਿਚ। ਸਾਲਾਹੀ = ਸਾਲਾਹਿ, ਸਲਾਹੁੰਦੇ ਹਨ।
ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥
The Naam is forever the Giver of peace. Through the Naam, we earn the profit. ||6||
ਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ। ਹਰਿ-ਨਾਮ ਹੀ (ਅਸਲ) ਲਾਭ ਮਨੁੱਖ ਖੱਟਦਾ ਹੈ ॥੬॥
ਬਿਨੁ ਨਾਵੈ ਸਭ ਦੁਖੁ ਸੰਸਾਰਾ ॥
Without the Name, all the world suffers in misery.
ਹਰਿ-ਨਾਮ ਤੋਂ ਖੁੰਝਿਆਂ ਜਗਤ ਵਿਚ ਹਰ ਪਾਸੇ ਦੁੱਖ ਹੀ ਦੁੱਖ ਹੈ। ਸੰਸਾਰ-ਸੰਸਾਰਿ, ਸੰਸਾਰ ਵਿਚ।
ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥
The more actions one does, the more the corruption increases.
(ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿਥੇ ਹੋਏ ਹੋਰ) ਅਨੇਕਾਂ ਕਰਮ ਕਰਦੇ ਹਨ (ਉਹਨਾਂ ਦੇ ਅੰਦਰ ਸਗੋਂ) ਵਿਕਾਰ ਵਧਦੇ ਹਨ।
ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥
Without serving the Naam, how can anyone find peace? Without the Naam, one suffers in pain. ||7||
ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ ॥੭॥ ਨ ਸੇਵਹਿ = ਨਹੀਂ ਸਿਮਰਦੇ। ਕਿਉ ਪਾਈਐ = ਕਿਵੇਂ ਪ੍ਰਾਪਤ ਹੋ ਸਕਦਾ ਹੈ? ॥੭॥
ਆਪਿ ਕਰੇ ਤੈ ਆਪਿ ਕਰਾਏ ॥
He Himself acts, and inspires all to act.
ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ। ਤੈ = ਅਤੇ।
ਗੁਰ ਪਰਸਾਦੀ ਕਿਸੈ ਬੁਝਾਏ ॥
By Guru's Grace, He reveals Himself to a few.
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ। ਕਿਸੈ = ਕਿਸੇ ਵਿਰਲੇ ਨੂੰ। ਬੁਝਾਏ = ਸਮਝ ਬਖ਼ਸ਼ਦਾ ਹੈ।
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥
One who becomes Gurmukh breaks his bonds, and attains the home of liberation. ||8||
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋੜ ਲੈਂਦੇ ਹਨ। ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ ॥੮॥ ਸੇ = ਉਹ {ਬਹੁ-ਵਚਨ}। ਮੁਕਤੀ ਕੈ ਘਰਿ = ਮੁਕਤੀ ਦੇ ਘਰ ਵਿਚ, ਉਸ ਘਰ ਵਿਚ ਜਿਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ ॥੮॥
ਗਣਤ ਗਣੈ ਸੋ ਜਲੈ ਸੰਸਾਰਾ ॥
One who calculates his accounts, burns in the world.
ਜਿਹੜਾ ਮਨੁੱਖ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ, ਉਹ ਜਗਤ ਵਿਚ ਸਦਾ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ, ਗਣਤ = ਮਾਇਆ ਬਾਰੇ ਚਿੰਤਾ-ਫ਼ਿਕਰ, ਗਿਣਤੀਆਂ। ਗਣੈ = ਗਿਣਦਾ ਰਹਿੰਦਾ ਹੈ। ਜਲੈ = (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ। ਸੰਸਾਰਾ = ਸੰਸਾਰਿ, ਜਗਤ ਵਿਚ।
ਸਹਸਾ ਮੂਲਿ ਨ ਚੁਕੈ ਵਿਕਾਰਾ ॥
His skepticism and corruption are never dispelled.
ਉਸ ਦਾ ਇਹ ਵਿਅਰਥ ਸਹਮ ਕਦੇ ਭੀ ਨਹੀਂ ਮੁੱਕਦਾ। ਸਹਸਾ = (ਮਾਇਆ ਬਾਰੇ) ਸਹਮ। ਮੂਲਿ = ਬਿਲਕੁਲ। ਚੁਕੈ = ਮੁੱਕਦਾ। ਵਿਕਾਰਾ = ਬੇ-ਕਾਰ, ਵਿਅਰਥ।
ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥
One who becomes Gurmukh abandons his calculations; through Truth, we merge in the True Lord. ||9||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਮੁਕਾਈ ਰੱਖਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੯॥ ਗੁਰਮੁਖਿ = ਗੁਰੂ ਦੇ ਸਨਮੁਖ। ਚੁਕਾਏ = ਮੁਕਾ ਦੇਂਦਾ ਹੈ। ਸਚੇ ਸਚਿ = ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ॥੯॥
ਜੇ ਸਚੁ ਦੇਇ ਤ ਪਾਏ ਕੋਈ ॥
If God grants Truth, then we may attain it.
ਪਰ, ਜੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ ਇਹ ਬੇ-ਫ਼ਿਕਰੀ) ਬਖ਼ਸ਼ੇ, ਤਦੋਂ ਹੀ ਕੋਈ ਮਨੁੱਖ ਇਸ ਨੂੰ ਪ੍ਰਾਪਤ ਕਰਦਾ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਦੇਇ = ਦੇਵੇ।
ਗੁਰ ਪਰਸਾਦੀ ਪਰਗਟੁ ਹੋਈ ॥
By Guru's Grace, it is revealed.
ਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਦੇ ਅੰਦਰ) ਪਰਗਟ ਹੋ ਜਾਂਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ।
ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥
One who praises the True Name, and remains imbued with the Lord's Love, by Guru's Grace, finds peace. ||10||
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰੇਮ-ਰੰਗ ਵਿਚ ਮਸਤ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ, ਤੇ, ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੧੦॥ ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ। ਤੇ = ਤੋਂ, ਦੀ ਰਾਹੀਂ ॥੧੦॥
ਜਪੁ ਤਪੁ ਸੰਜਮੁ ਨਾਮੁ ਪਿਆਰਾ ॥
The Beloved Naam, the Name of the Lord, is chanting, meditation, penance and self-control.
ਪਰਮਾਤਮਾ ਦਾ ਮਿੱਠਾ ਨਾਮ (ਜਪਣਾ ਹੀ) ਜਪ ਹੈ ਤਪ ਹੈ ਸੰਜਮ ਹੈ। ਜਪੁ = (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ) ਮੰਤ੍ਰਾਂ ਦਾ ਜਾਪ। ਤਪੁ = ਧੂਣੀਆਂ ਤਪਾ ਕੇ ਪੁੱਠੇ ਲਟਕ ਕੇ ਅਜਿਹੇ ਤਰੀਕਿਆਂ ਨਾਲ ਸਰੀਰ ਨੂੰ ਕਸ਼ਟ ਦੇਣੇ। ਸੰਜਮੁ = ਪਾਪ।
ਕਿਲਵਿਖ ਕਾਟੇ ਕਾਟਣਹਾਰਾ ॥
God, the Destroyer, destroys sins.
(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ) ਪਾਪ (ਪਾਪ) ਕੱਟਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਕੱਟ ਦੇਂਦਾ ਹੈ। ਕਾਟਣਹਾਰਾ = ਕੱਟਣ ਦੀ ਸਮਰੱਥਾ ਵਾਲਾ ਪ੍ਰਭੂ।
ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥
Through the Name of the Lord, the body and mind are cooled and soothed, and one is intuitively, easily absorbed into the Celestial Lord. ||11||
ਪਰਮਾਤਮਾ ਦੇ ਨਾਮ ਵਿਚ ਜੁੜਨ ਦੀ ਬਰਕਤਿ ਨਾਲ ਉਸ ਦਾ ਤਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਸਦਾ ਹੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧੧॥ ਕੈ ਨਾਮਿ = ਦੇ ਨਾਮ ਦੀ ਰਾਹੀਂ। ਸਹਜੇ ਸਹਜਿ = ਹਰ ਵੇਲੇ ਸਹਜ (ਆਤਮਕ ਅਡੋਲਤਾ) ਵਿਚ ॥੧੧॥
ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥
With greed within them, their minds are filthy, and they spread filth around.
ਜਿਸ ਮਨੁੱਖ ਦੇ ਅੰਦਰ (ਮਾਇਆ ਦਾ) ਲਾਲਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ), ਅੰਤਰਿ = ਅੰਦਰ। ਮਨਿ ਮੈਲੈ = ਮਨ ਮੈਲਾ ਰਹਿਣ ਦੇ ਕਾਰਨ।
ਮੈਲੇ ਕਰਮ ਕਰੇ ਦੁਖੁ ਪਾਏ ॥
They do filthy deeds, and suffer in pain.
ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ (ਆਪਣੇ ਮਨ ਨੂੰ) ਲਾਂਦਾ ਰਹਿੰਦਾ ਹੈ।
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥
They deal in falsehood, and nothing but falsehood; telling lies, they suffer in pain. ||12||
(ਜਿਉਂ ਜਿਉਂ ਲਾਲਚ ਦੇ ਅਧੀਨ ਉਹ) ਮੈਲੇ ਕਰਮ ਕਰਦਾ ਹੈ, ਉਹ (ਆਤਮਕ) ਦੁੱਖ ਪਾਂਦਾ ਹੈ। ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਹੀ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁੱਖ ਸਹਿੰਦਾ ਹੈ ॥੧੨॥ ਕੂੜੋ ਕੂੜੁ ਵਾਪਾਰਾ = ਹਰ ਵੇਲੇ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ। ਬੋਲਿ = ਬੋਲ ਕੇ। ਕੂੜੁ = ਝੂਠ ॥੧੨॥
ਨਿਰਮਲ ਬਾਣੀ ਕੋ ਮੰਨਿ ਵਸਾਏ ॥
Rare is that person who enshrines the Immaculate Bani of the Guru's Word within his mind.
ਜਿਹੜਾ ਕੋਈ ਮਨੁੱਖ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਗੁਰ-) ਬਾਣੀ (ਆਪਣੇ) ਮਨ ਵਿਚ ਵਸਾਂਦਾ ਹੈ, ਨਿਰਮਲ = (ਜੀਵਨ ਨੂੰ) ਪਵਿੱਤਰ ਕਰਨ ਵਾਲੀ। ਕੋ = ਜਿਹੜਾ ਕੋਈ ਮਨੁੱਖ। ਮੰਨਿ = ਮਨਿ, ਮਨ ਵਿਚ।
ਗੁਰ ਪਰਸਾਦੀ ਸਹਸਾ ਜਾਏ ॥
By Guru's Grace, his skepticism is removed.
ਗੁਰੂ ਦੀ ਕਿਰਪਾ ਨਾਲ (ਉਸ ਦਾ) ਸਹਮ ਦੂਰ ਹੋ ਜਾਂਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਸਾ = ਸਹਮ।
ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥
He walks in harmony with the Guru's Will, day and night; remembering the Naam, the Name of the Lord, he finds peace. ||13||
ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੩॥ ਕੈ ਭਾਣੈ = ਦੀ ਰਜ਼ਾ ਵਿਚ, ਦੇ ਹੁਕਮ ਵਿਚ। ਚੇਤਿ = ਯਾਦ ਕਰ ਕੇ, ਸਿਮਰ ਕੇ ॥੧੩॥
ਆਪਿ ਸਿਰੰਦਾ ਸਚਾ ਸੋਈ ॥
The True Lord Himself is the Creator.
ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਸਿਰੰਦਾ = ਪੈਦਾ ਕਰਨ ਵਾਲਾ। ਸਚਾ = ਸਦਾ-ਥਿਰ ਪ੍ਰਭੂ।
ਆਪਿ ਉਪਾਇ ਖਪਾਏ ਸੋਈ ॥
He Himself creates and destroys.
ਆਪ ਪੈਦਾ ਕਰ ਕੇ ਉਹ ਆਪ ਹੀ ਨਾਸ ਕਰਦਾ ਹੈ। ਉਪਾਇ = ਪੈਦਾ ਕਰ ਕੇ। ਖਪਾਏ = ਨਾਸ ਕਰਦਾ ਹੈ। ਸੋਈ = ਉਹ (ਆਪ) ਹੀ।
ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥
One who becomes Gurmukh, praises the Lord forever. Meeting the True Lord, he finds peace. ||14||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੧੪॥ ਗੁਰਮੁਖਿ = ਗੁਰੂ ਦੇ ਸਨਮੁਖ। ਸਲਾਹੇ = ਸਿਫ਼ਤ-ਸਾਲਾਹ ਕਰਦਾ ਹੈ। ਮਿਲਿ = ਮਿਲ ਕੇ ॥੧੪॥
ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥
Making countless efforts, sexual desire is not overcome.
(ਗੁਰੂ ਦੀ ਸਰਨ ਤੋਂ ਬਿਨਾ) ਹੋਰ ਅਨੇਕਾਂ ਜਤਨ ਭੀ ਮਨੁੱਖ ਕਰੇ ਤਾਂ ਭੀ ਕਾਮ-ਵਾਸਨਾ ਕਾਬੂ ਵਿਚ ਨਹੀਂ ਆ ਸਕਦੀ। ਇੰਦ੍ਰੀ = ਕਾਮ-ਵਾਸਨਾ।
ਕਾਮਿ ਕਰੋਧਿ ਜਲੈ ਸਭੁ ਕੋਈ ॥
Everyone is burning in the fires of sexuality and anger.
(ਧਿਆਨ ਮਾਰ ਕੇ ਵੇਖੋ) ਹਰੇਕ ਜੀਵ ਕਾਮ ਵਿਚ ਕ੍ਰੋਧ ਵਿਚ ਸੜ ਰਿਹਾ ਹੈ। ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਸਭੁ ਕੋਈ = ਹਰੇਕ ਜੀਵ।
ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥
Serving the True Guru, one brings his mind under control; conquering his mind, he merges in the Mind of God. ||15||
ਗੁਰੂ ਦੀ ਸਰਨ ਪਿਆਂ ਹੀ ਮਨ ਕਾਬੂ ਵਿਚ ਆਉਂਦਾ ਹੈ। ਜੇ ਮਨ (ਵਿਕਾਰਾਂ ਵਲੋਂ) ਰੋਕ ਲਿਆ ਜਾਏ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ (ਵਿਕਾਰਾਂ ਵਲ ਨਹੀਂ ਭਟਕਦਾ) ॥੧੫॥ ਸਤਿਗੁਰ ਸੇਵੇ = ਗੁਰੂ ਦੀ ਸਰਨ ਪਿਆਂ। ਵਸਿ = ਕਾਬੂ ਵਿਚ। ਮਨ ਮਾਰੇ = ਜੇ ਮਨ ਨੂੰ ਮਾਰ ਲਏ, ਜੇ ਮਨ ਨੂੰ ਵੱਸ ਵਿਚ ਕਰ ਲਏ। ਮਨਹਿ = ਮਨਿ ਹੀ, ਮਨ ਵਿਚ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਮਨਿ' ਦੀ 'ਿ' ਉੱਡ ਗਈ ਹੈ} ॥੧੫॥
ਮੇਰਾ ਤੇਰਾ ਤੁਧੁ ਆਪੇ ਕੀਆ ॥
You Yourself created the sense of 'mine' and 'yours.'
ਹੇ ਪ੍ਰਭੂ! (ਜੀਵਾਂ ਦੇ ਮਨ ਵਿਚ) ਮੇਰ-ਤੇਰ ਤੂੰ ਆਪ ਹੀ ਪੈਦਾ ਕੀਤੀ ਹੈ। ਮੇਰਾ ਤੇਰਾ = ਮੇਰ-ਤੇਰ, ਵਿਤਕਰਾ। ਆਪੇ = ਆਪ ਹੀ।
ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥
All creatures are Yours; You created all beings.
ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ। ਸਭਿ = ਸਾਰੇ।
ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥
O Nanak, contemplate the Naam forever; through the Guru's Teachings, the Lord abides in the mind. ||16||4||18||
ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ (ਪ੍ਰਭੂ ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ॥੧੬॥੪॥੧੮॥ ਸਮਾਲਿ = ਯਾਦ ਕਰਦਾ ਰਹੁ ॥੧੬॥੪॥੧੮॥