ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥
Pain and disease have left my body, and my mind has become pure; I sing the Glorious Praises of the Lord, Har, Har.
(ਹੇ ਮਾਂ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਹੋ ਗਿਆ ਹੈ, ਮੇਰੇ ਸਰੀਰ ਤੋਂ ਸਾਰੇ ਦੁੱਖ ਤੇ ਰੋਗ ਦੂਰ ਹੋ ਗਏ ਹਨ। ਭਏ ਗਤੁ = ਚਲੇ ਗਏ, ਦੂਰ ਹੋ ਗਏ। ਤੇ = ਤੋਂ। ਗਾਇ = ਗਾ ਕੇ।
ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥੧॥
I am in bliss, meeting with the Saadh Sangat, the Company of the Holy, and now, my mind does not go wandering. ||1||
ਗੁਰੂ ਦੀ ਸੰਗਤ ਵਿਚ ਮਿਲ ਕੇ ਮੇਰੇ ਅੰਦਰ ਆਨੰਦ ਹੀ ਆਨੰਦ ਬਣਿਆ ਪਿਆ ਹੈ। ਹੁਣ ਮੇਰਾ ਮਨ ਕਿਸੇ ਭੀ ਪਾਸੇ ਨਹੀਂ ਭਟਕਦਾ ॥੧॥ ਮਿਲਿ = ਮਿਲ ਕੇ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਕਤ ਹੀ = ਕਿਤੇ ਭੀ ॥੧॥
ਤਪਤਿ ਬੁਝੀ ਗੁਰਸਬਦੀ ਮਾਇ ॥
My burning desires are quenched, through the Word of the Guru's Shabad, O mother.
ਹੇ ਮਾਂ! ਗੁਰੂ ਦੇ ਸਬਦ ਦੀ ਬਰਕਤਿ ਨਾਲ (ਮੇਰੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ ਹੈ। ਤਪਤਿ = ਤਪਸ਼, ਸੜਨ। ਮਾਇ = ਹੇ ਮਾਂ!
ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥੧॥ ਰਹਾਉ ॥
The fever of doubt has been totally eliminated; meeting the Guru, I am cooled and soothed, with intuitive ease. ||1||Pause||
ਮੇਰੇ ਸਾਰੇ ਦੁੱਖ ਕਲੇਸ਼ ਤੇ ਸਹਮ ਨਾਸ ਹੋ ਗਏ ਹਨ। ਆਤਮਕ ਠੰਡ ਦੇਣ ਵਾਲਾ ਗੁਰੂ ਮੈਨੂੰ ਮਿਲ ਪਿਆ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਹਾਂ, ਹੁਣ ਮੈਂ ਪ੍ਰਭੂ-ਪ੍ਰੇਮ ਵਿਚ ਮਗਨ ਹਾਂ ॥੧॥ ਰਹਾਉ ॥ ਸਹਸਾ = ਸਹਮ। ਸੀਤਲੁ = ਠੰਢ ਪਾਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ ॥੧॥ ਰਹਾਉ ॥
ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥
My wandering has ended, since I have realized the One and Only Lord; now, I have come to dwell in the eternal place.
(ਹੇ ਮਾਂ!) ਜਦੋਂ ਦੀ ਮੈਂ ਸਿਰਫ਼ ਇਕ ਪਰਮਾਤਮਾ ਨਾਲ ਸਾਂਝ ਪਾਈ ਹੈ ਮੇਰੀਆਂ ਸਾਰੀਆ ਭਟਕਣਾਂ ਮੁੱਕ ਗਈਆਂ ਹਨ, ਹੁਣ ਮੈਂ ਅਡੋਲ-ਚਿੱਤ ਹੋ ਕੇ ਪ੍ਰਭੂ ਚਰਨਾਂ ਵਿਚ ਆ ਟਿਕਿਆ ਹਾਂ। ਧਾਵਤ = ਦੌੜਨਾ-ਭੱਜਣਾ। ਰਹੇ = ਮੁੱਕ ਗਏ। ਥਾਇ = ਟਿਕਾਣੇ ਤੇ। ਨਿਹਚਲੁ = ਅਡੋਲ-ਚਿੱਤ ਹੋ ਕੇ।
ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥੨॥
Your Saints are the Saving Grace of the world; beholding the Blessed Vision of their Darshan, I remain satisfied. ||2||
(ਹੇ ਪ੍ਰਭੂ!) ਸਾਰੇ ਸੰਸਾਰ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰ ਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ ॥੨॥ ਰਹੇ ਅਘਾਇ = ਰੱਜ ਗਏ, ਤ੍ਰਿਸ਼ਨਾ ਮੁੱਕ ਗਈ ॥੨॥
ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥
I have left behind the sins of countless incarnations, now that I have grasped the feet of the eternal Holy Guru.
(ਹੇ ਮਾਂ!) ਹੁਣ ਮੈਂ ਅਡੋਲ-ਚਿੱਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ, ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖ਼ਲਾਸੀ ਕਰ ਗਏ ਹਨ। ਦੋਖ = ਐਬ। ਪਰੇ ਪਾਛੈ = ਪਿੱਛੇ ਰਹਿ ਗਏ ਹਨ, ਖ਼ਲਾਸੀ ਕਰ ਗਏ ਹਨ। ਪਾਇ = ਪੈਰ।
ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥੩॥
My mind sings the celestial melody of bliss, and death shall no longer consume it. ||3||
ਮੇਰਾ ਮਨ ਆਤਮਕ ਅਡੋਲਤਾ ਦੀ ਸੁਰ ਵਿਚ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਹੁਣ ਇਸ ਮਨ ਨੂੰ ਕਦੇ ਆਤਮਕ ਮੌਤ ਹੜੱਪ ਨਹੀਂ ਕਰਦੀ ॥੩॥ ਸਹਜ ਧੁਨਿ = ਆਤਮਕ ਅਡੋਲਤਾ ਦੀ ਸੁਰ ਨਾਲ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ। ਤਾ ਤਉ = ਉਸ (ਮਨ) ਨੂੰ। ਫੁਨਿ = ਫਿਰ, ਮੁੜ। ਕਾਲੁ = ਆਤਮਕ ਮੌਤ ॥੩॥
ਕਰਨ ਕਾਰਨ ਸਮਰਥ ਹਮਾਰੇ ਸੁਖਦਾਈ ਮੇਰੇ ਹਰਿ ਹਰਿ ਰਾਇ ॥
My Lord, the Cause of all causes, is All-powerful, the Giver of peace; He is my Lord, my Lord King.
ਹੇ ਮੇਰੇ ਪ੍ਰਭੂ ਪਾਤਸ਼ਾਹ! ਹੇ ਸੁਖਾਂ ਦੇ ਬਖ਼ਸ਼ਣ ਵਾਲੇ! ਹੇ ਸਭ ਕੁਝ ਕਰਨ ਤੇ ਕਰਾਣ ਦੀ ਸ਼ਕਤੀ ਰੱਖਣ ਵਾਲੇ! ਕਰਨ ਕਾਰਨ ਸਮਰਥ = ਸਭ ਕੁਝ ਕਰਨ ਤੇ ਕਰਾਣ ਦੀ ਤਾਕਤ ਰੱਖਣ ਵਾਲੇ! ਹਰਿ ਰਾਇ = ਪ੍ਰਭੂ-ਪਾਤਿਸ਼ਾਹ!
ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥੪॥੯॥
Nanak lives by chanting Your Name, O Lord; You are my helper, with me, through and through. ||4||9||
(ਤੇਰਾ ਦਾਸ) ਨਾਨਕ ਤੇਰਾ ਨਾਮ ਯਾਦ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹੈ, ਤੂੰ ਮੇਰੇ ਨਾਲ (ਇਉਂ ਹਰ ਵੇਲੇ ਦਾ) ਸਾਥੀ ਹੈਂ, (ਜਿਵੇਂ) ਤਾਣੇ ਪੇਟੇ ਵਿਚ (ਸੂਤਰ ਮਿਲਿਆ ਹੋਇਆ ਹੁੰਦਾ ਹੈ) ॥੪॥੯॥ ਜੀਵੈ = ਜੀਊਂਦਾ ਹੈ, ਆਤਮਕ ਜੀਵਨ ਹਾਸਲ ਕਰਦਾ ਹੈ। ਓਤਿ = ਉਣੇ ਹੋਏ ਵਿਚ। ਪੋਤਿ = ਪ੍ਰੋਤੇ ਹੋਏ ਵਿਚ। ਓਤਿ ਪੋਤਿ = ਜਿਵੇਂ ਤਾਣੇ ਪੇਟੇ ਵਿਚ। ਸੰਗਿ = ਨਾਲ। ਸਹਾਇ = ਸਹਾਈ, ਸਾਥੀ ॥੪॥੯॥