ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ

The month of Maghar is good, for those who sing the Glorious Praises of the Lord, and merge in His Being.

ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਆ ਵੱਸਦਾ ਹੈ, ਉਸ ਨੂੰ ਮੱਘਰ ਦਾ ਮਹੀਨਾ ਚੰਗਾ ਲੱਗਦਾ ਹੈ। ਗੁਣ = ਗੁਣਾਂ ਦੇ ਕਾਰਨ, ਸਿਫ਼ਤ-ਸਾਲਾਹ ਕਰਨ ਨਾਲ। ਅੰਕਿ = ਹਿਰਦੇ ਵਿਚ। ਹਰਿ ਸਮਾਵਏ = ਪ੍ਰਭੂ ਆ ਵੱਸਦਾ ਹੈ।

ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ

The virtuous wife utters His Glorious Praises; my Beloved Husband Lord is Eternal and Unchanging.

ਇਹ ਸਦਾ-ਥਿਰ ਪਿਆਰਾ ਪ੍ਰਭੂ-ਪਤੀ ਉਸ ਗੁਣਾਂ ਵਾਲੀ ਜੀਵ-ਇਸਤ੍ਰੀ ਨੂੰ ਪਿਆਰਾ ਲੱਗਦਾ ਹੈ ਜੋ ਉਸ ਦੇ ਗੁਣ ਚੇਤੇ ਕਰਦੀ ਰਹਿੰਦੀ ਹੈ। ਗੁਣ ਰਵੈ = ਜੋ (ਜੀਵ-ਇਸਤ੍ਰੀ) ਪ੍ਰਭੂ ਦੇ ਗੁਣ ਚੇਤੇ ਕਰਦੀ ਹੈ। ਮੈ ਪਿਰੁ = ਮੇਰਾ ਪਤੀ, ਪਿਆਰਾ ਪ੍ਰਭੂ-ਪਤੀ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ। ਭਾਵਏ = (ਉਸ ਨੂੰ) ਪਿਆਰਾ ਲੱਗਦਾ ਹੈ।

ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ

The Primal Lord is Unmoving and Unchanging, Clever and Wise; all the world is fickle.

ਹੋਰ ਸਾਰਾ ਜਗਤ ਤਾਂ ਨਾਸਵੰਤ ਹੈ, ਇਕ ਸਿਰਜਣਹਾਰ ਹੀ ਜੋ ਚਤੁਰ ਹੈ ਤੇ ਸਿਆਣਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਬਿਧਾਤਾ = ਸਿਰਜਣਹਾਰ। ਚੰਚਲੁ = ਨਾਸਵੰਤ। ਸਬਾਇਆ = ਸਾਰਾ।

ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ

By virtue of spiritual wisdom and meditation, she merges in His Being; she is pleasing to God, and He is pleasing to her.

ਉਸ ਨੂੰ ਪ੍ਰਭੂ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਪ੍ਰਭੂ ਦੇ ਗੁਣ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ; ਪ੍ਰਭੂ ਦੀ ਰਜ਼ਾ ਅਨੁਸਾਰ ਇਹ ਸਭ ਕੁਝ ਉਸ ਜੀਵ-ਇਸਤ੍ਰੀ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਗਿਆਨੁ = ਪ੍ਰਭੂ ਨਾਲ ਜਾਣ-ਪਛਾਣ। ਧਿਆਨੁ = ਸੁਰਤ ਦਾ ਟਿਕਾਉ। ਗੁਣ = ਪ੍ਰਭੂ ਦੀ ਸਿਫ਼ਤ-ਸਾਲਾਹ। ਪ੍ਰਭ ਭਾਣੇ = ਜਦੋਂ ਪ੍ਰਭੂ ਦੀ ਰਜ਼ਾ ਹੋਈ। ਤਾ = ਤਦੋਂ।

ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ

I have heard the songs and the music, and the poems of the poets; but only the Name of the Lord takes away my pain.

ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ ਸੁਣ ਸੁਣ ਕੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ਉਸ ਦਾ ਹੋਰ ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਗੀਤ ਨਾਦ ਕਵਿਤ ਕਵੇ = ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਬਾਣੀ ਕਾਵਿ। ਸੁਣਿ = ਸੁਣ ਕੇ। ਨਾਮਿ = ਨਾਮ ਵਿਚ (ਜੁੜਿਆਂ)।

ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥੧੩॥

O Nanak, that soul-bride is pleasing to her Husband Lord, who performs loving devotional worship before her Beloved. ||13||

ਹੇ ਨਾਨਕ! ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਹੋ ਜਾਂਦੀ ਹੈ, ਉਹ ਆਪਣਾ ਦਿਲੀ ਪਿਆਰ ਪ੍ਰਭੂ ਦੇ ਅੱਗੇ (ਭੇਟ) ਪੇਸ਼ ਕਰਦੀ ਹੈ ॥੧੩॥ ਨਾਹ ਪਿਆਰੀ = ਖਸਮ-ਪ੍ਰਭੂ ਨੂੰ ਪਿਆਰੀ। ਅਭ = ਹਿਰਦਾ। ਨਾਹ = ਨਾਥ, ਖ਼ਸਮ। ਅਭ ਭਗਤੀ = ਦਿਲੀ ਪਿਆਰ ॥੧੩॥