ਮਲਾਰ ਮਹਲਾ ੩ ॥
Malaar, Third Mehl:
ਮਲਾਰ ਤੀਜੀ ਪਾਤਿਸ਼ਾਹੀ।
ਗਣ ਗੰਧਰਬ ਨਾਮੇ ਸਭਿ ਉਧਰੇ ਗੁਰ ਕਾ ਸਬਦੁ ਵੀਚਾਰਿ ॥
All the heavenly heralds and celestial singers are saved through the Naam, the Name of the Lord.
ਗਣ ਗੰਧਰਬ (ਆਦਿਕ ਦੇਵ-ਸ਼੍ਰੇਣੀਆਂ ਦੇ ਲੋਕ) ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ, ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ਹਨ। ਗਣ = ਦੇਵਤਿਆਂ ਦੀ ਇਕ ਸ਼੍ਰੇਣੀ ਜੋ ਸ਼ਿਵ ਜੀ ਦੀ ਉਪਾਸਕ ਮੰਨੀ ਜਾਂਦੀ ਹੈ। ਗੰਧਰਬ = ਦੇਵਤਿਆਂ ਦੇ ਰਾਗੀ। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਉਧਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘੇ। ਵੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ।
ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥
They contemplate the Word of the Guru's Shabad. Subduing their ego, the Name abides in their minds; they keep the Lord enshrined in their hearts.
(ਜਿਨ੍ਹਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਹਨਾਂ ਨੇ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿਚ ਵਸਾ ਲਿਆ। ਮਾਰਿ = ਮਾਰ ਕੇ। ਸਦ = ਸਦਾ। ਮੰਨਿ = ਮਨਿ, ਮਨ ਵਿਚ। ਉਰਿ = ਹਿਰਦੇ ਵਿਚ। ਜਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਆਪੇ = ਆਪ ਹੀ।
ਜਿਸਹਿ ਬੁਝਾਏ ਸੋਈ ਬੂਝੈ ਜਿਸ ਨੋ ਆਪੇ ਲਏ ਮਿਲਾਇ ॥
He alone understands, whom the Lord causes to understand; the Lord unites him with Himself.
ਉਹੀ ਮਨੁੱਖ (ਇਸ ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖ਼ਸ਼ਦਾ ਹੈ, ਜਿਸ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।
ਅਨਦਿਨੁ ਬਾਣੀ ਸਬਦੇ ਗਾਂਵੈ ਸਾਚਿ ਰਹੈ ਲਿਵ ਲਾਇ ॥੧॥
Night and day, he sings the Word of the Shabad and the Guru's Bani; he remains lovingly attuned to the True Lord. ||1||
ਉਹ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਸਬਦੇ = (ਗੁਰੂ ਦੇ) ਸ਼ਬਦ ਦੀ ਰਾਹੀਂ। ਗਾਵੈ = ਗਾਂਦਾ ਹੈ (ਇਕ-ਵਚਨ)। ਸਾਚਿ = ਸਦਾ-ਥਿਰ ਪ੍ਰਭੂ ਵਿਚ। ਲਿਵ ਲਾਇ = ਸੁਰਤ ਜੋੜ ਕੇ ॥੧॥
ਮਨ ਮੇਰੇ ਖਿਨੁ ਖਿਨੁ ਨਾਮੁ ਸਮੑਾਲਿ ॥
O my mind, each and every moment, dwell on the Naam.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਇਕ ਇਕ ਖਿਨ ਯਾਦ ਕਰਦਾ ਰਹੁ। ਮਨ = ਹੇ ਮਨ! ਖਿਨੁ ਖਿਨੁ = ਹਰੇਕ ਖਿਨ। ਸਮ੍ਹ੍ਹਾਲਿ = ਚੇਤੇ ਕਰਦਾ ਰਹੁ।
ਗੁਰ ਕੀ ਦਾਤਿ ਸਬਦ ਸੁਖੁ ਅੰਤਰਿ ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥
The Shabad is the Guru's Gift. It shall bring you lasting peace deep within; it shall always stand by you. ||1||Pause||
ਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ। ਹੇ ਮਨ! (ਇਹ ਹਰਿ-ਨਾਮ) ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ॥੧॥ ਰਹਾਉ ॥ ਸਬਦ ਸੁਖੁ = ਸ਼ਬਦ ਦਾ ਆਨੰਦ। ਅੰਤਰਿ = ਹਿਰਦੇ ਵਿਚ। ਨਿਬਹੈ = ਸਾਥ ਬਣਾਈ ਰੱਖਦਾ ਹੈ ॥੧॥ ਰਹਾਉ ॥
ਮਨਮੁਖ ਪਾਖੰਡੁ ਕਦੇ ਨ ਚੂਕੈ ਦੂਜੈ ਭਾਇ ਦੁਖੁ ਪਾਏ ॥
The self-willed manmukhs never give up their hypocrisy; in the love of duality, they suffer in pain.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁੱਕਦਾ ਨਹੀਂ। ਉਹ ਮਾਇਆ ਦੇ ਮੋਹ ਵਿਚ ਦੁੱਖ ਸਹਾਰਦਾ ਰਹਿੰਦਾ ਹੈ। ਮਨਮੁਖ ਪਾਖੰਡੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਵਿਖਾਵਾ। ਚੂਕੈ = ਮੁੱਕਦਾ। ਦੂਜੈ ਭਾਇ = ਮਾਇਆ ਦੇ ਮੋਹ ਵਿਚ।
ਨਾਮੁ ਵਿਸਾਰਿ ਬਿਖਿਆ ਮਨਿ ਰਾਤੇ ਬਿਰਥਾ ਜਨਮੁ ਗਵਾਏ ॥
Forgetting the Naam, their minds are imbued with corruption. They waste away their lives uselessly.
ਪ੍ਰਭੂ-ਨਾਮ ਨੂੰ ਭੁਲਾ ਕੇ ਆਪਣੇ ਮਨੋਂ ਮਾਇਆ ਵਿਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਂਦਾ ਹੈ। ਵਿਸਾਰਿ = ਭੁਲਾ ਕੇ। ਬਿਖਿਆ = ਮਾਇਆ। ਮਨਿ = ਮਨ ਦੀ ਰਾਹੀਂ, ਮਨੋਂ। ਰਾਤੇ = ਰੱਤੇ ਹੋਏ, ਮਸਤ।
ਇਹ ਵੇਲਾ ਫਿਰਿ ਹਥਿ ਨ ਆਵੈ ਅਨਦਿਨੁ ਸਦਾ ਪਛੁਤਾਏ ॥
This opportunity shall not come into their hands again; night and day, they shall always regret and repent.
ਉਸ ਨੂੰ ਇਹ (ਮਨੁੱਖਾ ਜਨਮ ਦਾ) ਸਮਾ ਮੁੜ ਨਹੀਂ ਮਿਲਦਾ, (ਇਸ ਵਾਸਤੇ) ਸਦਾ ਹੱਥ ਮਲਦਾ ਰਹਿੰਦਾ ਹੈ। ਹਥਿ ਨ ਆਵੈ = ਨਹੀਂ ਮਿਲਦਾ। ਹਥਿ = ਹੱਥ ਵਿਚ।
ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥੨॥
They die and die again and again, only to be reborn, but they never understand. They rot away in manure. ||2||
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ (ਸਹੀ ਜੀਵਨ-ਰਾਹ ਨੂੰ) ਸਮਝ ਨਹੀਂ ਸਕਦਾ, ਅਤੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿੰਦਾ ਹੈ ॥੨॥ ਮਰਿ = ਮਰ ਕੇ। ਮਾਹਿ = ਵਿਚ ॥੨॥
ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥
The Gurmukhs are imbued with the Naam, and are saved; they contemplate the Word of the Guru's Shabad.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰਿ-ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਨਾਮਿ = ਨਾਮ (-ਰੰਗ) ਵਿਚ। ਸੇ = ਉਹ (ਬਹੁ-ਵਚਨ)।
ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥
Meditating on the Name of the Lord, they are Jivan-mukta, liberated while yet alive. They enshrine the Lord within their hearts.
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਜੀਊਂਦੇ ਹੀ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ) ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ। ਜੀਵਨ ਮੁਕਤਿ = ਜਿਨ੍ਹਾਂ ਨੂੰ ਜੀਊਂਦਿਆਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੋ ਜਾਂਦੀ ਹੈ। ਉਰਿ = ਹਿਰਦੇ ਵਿਚ।
ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ॥
Their minds and bodies are immaculate, their intellect is immaculate and sublime. Their speech is sublime as well.
ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ, ਉਹਨਾਂ ਦਾ ਬੋਲ-ਚਾਲ ਉੱਤਮ ਹੋ ਜਾਂਦਾ ਹੈ। ਨਿਰਮਲੁ = ਪਵਿੱਤਰ। ਬਾਣੀ = ਬੋਲ-ਚਾਲ।
ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥੩॥
They realize the One Primal Being, the One Lord God. There is no other at all. ||3||
ਉਹ ਮਨੁੱਖ ਇਕ ਸਰਬ-ਵਿਆਪਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੇ ਹਨ (ਪ੍ਰਭੂ ਤੋਂ ਬਿਨਾ) ਕੋਈ ਹੋਰ ਦੂਜਾ (ਉਹਨਾਂ ਨੂੰ ਕਿਤੇ) ਨਹੀਂ (ਦਿੱਸਦਾ) ॥੩॥ ਜਾਤਾ = ਡੂੰਘੀ ਸਾਂਝ ਪਾ ਲਈ ॥੩॥
ਆਪੇ ਕਰੇ ਕਰਾਏ ਪ੍ਰਭੁ ਆਪੇ ਆਪੇ ਨਦਰਿ ਕਰੇਇ ॥
God Himself is the Doer, and He Himself is the Cause of causes. He Himself bestows His Glance of Grace.
ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ ਮਿਹਰ ਦੀ ਨਿਗਾਹ (ਜੀਵਾਂ ਉਤੇ) ਕਰਦਾ ਹੈ। ਆਪੇ = ਆਪ ਹੀ। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ (ਇਕ-ਵਚਨ)।
ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੇਇ ॥
My mind and body are imbued with the Word of the Guru's Bani. My consciousness is immersed in His service.
(ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ) ਮਨ (ਉਸ ਦਾ) ਤਨ ਗੁਰੂ ਦੀ ਬਾਣੀ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ ਦੀ) ਭਗਤੀ ਵਿਚ ਲੀਨ ਰਹਿੰਦੀ ਹੈ। ਰਾਤਾ = ਰੰਗਿਆ ਹੋਇਆ। ਸੇਵਾ = ਭਗਤੀ। ਸਮੇਇ = ਸਮਾਈ ਰਹਿੰਦੀ ਹੈ, ਲੀਨ ਰਹਿੰਦੀ ਹੈ।
ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥
The Unseen and Inscrutable Lord dwells deep within. He is seen only by the Gurmukh.
ਉਸ ਦੇ ਅੰਦਰ ਅਲੱਖ ਅਤੇ ਅਭੇਵ ਪ੍ਰਭੂ ਪਰਗਟ ਹੋ ਜਾਂਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਉਹ ਅੰਦਰ ਵੱਸਦੇ ਪ੍ਰਭੂ ਨੂੰ) ਵੇਖ ਲੈਂਦਾ ਹੈ। ਅੰਤਰਿ = ਅੰਦਰ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਭੇਵਾ = ਜਿਸ ਦਾ ਭੇਤ ਨ ਪਾਇਆ ਜਾ ਸਕੇ।
ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥੪॥੫॥
O Nanak, He gives to whomever He pleases. According to the Pleasure of His Will, He leads the mortals on. ||4||5||
ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਨੂੰ ਭਾ ਜਾਂਦਾ ਹੈ ਉਸ ਨੂੰ ਇਹ ਦਾਤ ਬਖ਼ਸ਼ਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ (ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥ ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ। ਭਾਵੈ = ਜਿਵੇਂ ਉਸ ਦੀ ਰਜ਼ਾ ਹੁੰਦੀ ਹੈ। ਚਲਾਇ = ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥