ਸੂਹੀ ਮਹਲਾ ੪ ॥
Soohee, Fourth Mehl:
ਸੂਹੀ ਚੌਥੀ ਪਾਤਿਸ਼ਾਹੀ।
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
In the first round of the marriage ceremony, the Lord sets out His Instructions for performing the daily duties of married life.
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ) ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ)। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ। ਹਰਿ ਪਹਿਲੜੀ ਲਾਵ = ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਇਹ ਪਹਿਲੀ ਸੋਹਣੀ ਲਾਵ ਹੈ। ਪਰਵਿਰਤੀ ਕਰਮ = ਪਰਮਾਤਮਾ ਦਾ ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ। ਦ੍ਰਿੜਾਇਆ = (ਗੁਰੂ ਨੇ) ਨਿਸ਼ਚੇ ਕਰਾਇਆ ਹੈ।
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
Instead of the hymns of the Vedas to Brahma, embrace the righteous conduct of Dharma, and renounce sinful actions.
ਹੇ ਭਾਈ! ਗੁਰੂ ਦੀ ਬਾਣੀ ਹੀ (ਸਿੱਖ ਵਾਸਤੇ) ਬ੍ਰਹਮਾ ਦਾ ਵੇਦ ਹੈ। ਇਸ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਨ ਦਾ) ਧਰਮ (ਆਪਣੇ ਹਿਰਦੇ ਵਿਚ) ਪੱਕਾ ਕਰੋ (ਨਾਮ ਸਿਮਰਿਆਂ ਸਾਰੇ) ਪਾਪ ਦੂਰ ਹੋ ਜਾਂਦੇ ਹਨ। ਬਾਣੀ = ਗੁਰੂ ਦੀ ਬਾਣੀ। ਦ੍ਰਿੜਹੁ = ਹਿਰਦੇ ਵਿਚ ਪੱਕਾ ਕਰੋ। ਤਜਾਇਆ = ਤਜੇ ਜਾਂਦੇ ਹਨ।
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
Meditate on the Lord's Name; embrace and enshrine the contemplative remembrance of the Naam.
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦੇ ਰਹੋ, (ਮਨੁੱਖਾ ਜੀਵਨ ਦਾ ਇਹ) ਧਰਮ (ਆਪਣੇ ਅੰਦਰ) ਪੱਕਾ ਕਰ ਲਵੋ। ਗੁਰੂ ਨੇ ਜੋ ਨਾਮ ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ। ਸਿਮ੍ਰਿਤਿ ਨਾਮੁ ਦ੍ਰਿੜਾਇਆ = ਗੁਰੂ ਨੇ ਜੋ ਹਰਿ-ਨਾਮ-ਸਿਮਰਨ ਦੀ ਤਾਕੀਦ ਕੀਤੀ ਹੈ, ਇਹੀ ਸਿੱਖ ਵਾਸਤੇ ਸਿਮ੍ਰਿਤਿ (ਦਾ ਉਪਦੇਸ਼) ਹੈ।
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
Worship and adore the Guru, the Perfect True Guru, and all your sins shall be dispelled.
ਹੇ ਭਾਈ! ਪੂਰੇ ਗੁਰੂ (ਦੇ ਇਸ ਉਪਦੇਸ਼ ਨੂੰ) ਹਰ ਵੇਲੇ ਚੇਤੇ ਰੱਖੋ, ਸਾਰੇ ਪਾਪ ਵਿਕਾਰ (ਇਸ ਦੀ ਬਰਕਤਿ ਨਾਲ) ਦੂਰ ਹੋ ਜਾਂਦੇ ਹਨ। ਸਭਿ = ਸਾਰੇ। ਕਿਲਵਿਖ = ਪਾਪ।
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
By great good fortune, celestial bliss is attained, and the Lord, Har, Har, seems sweet to the mind.
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਵੱਡੇ ਭਾਗਾਂ ਵਾਲੇ ਨੂੰ ਆਤਮਕ ਅਡੋਲਤਾ ਦਾ ਸੁਖ ਮਿਲਿਆ ਰਹਿੰਦਾ ਹੈ। ਸਹਜ ਅਨੰਦੁ = ਆਤਮਕ ਅਡੋਲਤਾ ਦਾ ਸੁਖ। ਮਨਿ = ਮਨ ਵਿਚ।
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
Servant Nanak proclaims that, in this, the first round of the marriage ceremony, the marriage ceremony has begun. ||1||
ਦਾਸ ਨਾਨਕ ਆਖਦਾ ਹੈ-ਪਰਮਾਤਮਾ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਪਹਿਲੀ ਲਾਂਵ ਹੈ। ਹਰਿ-ਨਾਮ ਸਿਮਰਨ ਤੋਂ ਹੀ (ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ) ਵਿਆਹ (ਦਾ) ਮੁੱਢ ਬੱਝਦਾ ਹੈ ॥੧॥ ਆਰੰਭੁ = ਮੁੱਢ। ਕਾਜੁ = ਵਿਆਹ ॥੧॥
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
In the second round of the marriage ceremony, the Lord leads you to meet the True Guru, the Primal Being.
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ- (ਜੋ ਤੂੰ ਮਿਹਰ ਕਰ ਕੇ ਜਿਸ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦੇਂਦਾ ਹੈਂ, ਹਰਿ ਦੂਜੜੀ ਲਾਵ = ਪ੍ਰਭੂ-ਪਤੀ (ਜੀਵ-ਇਸਤ੍ਰੀ ਦੇ ਵਿਆਹ ਦੀ) ਦੂਜੀ ਸੋਹਣੀ ਲਾਂਵ। ਸਤਿਗੁਰੁ ਪੁਰਖੁ ਮਿਲਾਇਆ = (ਪ੍ਰਭੂ ਨੇ ਜੀਵ-ਇਸਤ੍ਰੀ ਨੂੰ) ਗੁਰੂ ਮਹਾ ਪੁਰਖ ਮਿਲਾ ਦਿੱਤਾ। ਬਲਿ ਰਾਮ ਜੀਉ = ਹੇ ਰਾਮ ਜੀ! ਤੈਥੋਂ ਸਦਕੇ ਹਾਂ।
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
With the Fear of God, the Fearless Lord in the mind, the filth of egotism is eradicated.
(ਉਸ ਦਾ) ਮਨ (ਦੁਨੀਆ ਦੇ) ਸਾਰੇ ਡਰਾਂ ਵਲੋਂ ਨਿਡਰ ਹੋ ਜਾਂਦਾ ਹੈ, (ਗੁਰੂ ਉਸ ਦੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ। ਭੈ = (ਦੁਨੀਆ ਦੇ) ਸਾਰੇ ਡਰਾਂ ਤੋਂ। ਨਿਰਭਉ = ਨਿਡਰ। ਹੋਇ = ਹੋ ਜਾਂਦਾ ਹੈ। ਗਵਾਇਆ = (ਗੁਰੂ) ਦੂਰ ਕਰ ਦੇਂਦਾ ਹੈ।
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥
In the Fear of God, the Immaculate Lord, sing the Glorious Praises of the Lord, and behold the Lord's Presence before you.
ਹੇ ਭਾਈ! (ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰ ਕੇ) ਪਰਮਾਤਮਾ ਦੇ ਗੁਣ ਗਾਂਦੀ ਹੈ, ਉਸ ਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦੀ ਹੈ। ਭਉ = ਡਰ। ਨਿਰਮਲੁ ਭਉ = ਪਵਿੱਤਰ ਡਰ, ਅਦਬ-ਸਤਕਾਰ। ਵੇਖੈ = ਵੇਖਦੀ ਹੈ। ਹਦੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
The Lord, the Supreme Soul, is the Lord and Master of the Universe; He is pervading and permeating everywhere, fully filling all spaces.
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ) ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ-ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਰਿਹਾ ਹੈ। ਆਤਮ ਰਾਮੁ ਪਸਾਰਿਆ = ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ! ਸਰਬ = ਸਭ ਜੀਵਾਂ ਵਿਚ। ਭਰਪੂਰੇ = ਵਿਆਪਕ।
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
Deep within, and outside as well, there is only the One Lord God. Meeting together, the humble servants of the Lord sing the songs of joy.
(ਉਸ ਜੀਵ-ਇਸਤ੍ਰੀ ਨੂੰ ਆਪਣੇ) ਅੰਦਰ ਅਤੇ ਬਾਹਰ (ਸਾਰੇ ਜਗਤ ਵਿਚ) ਸਿਰਫ਼ ਪਰਮਾਤਮਾ ਹੀ (ਵੱਸਦਾ ਦਿੱਸਦਾ ਹੈ), ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਰਹਿੰਦੀ ਹੈ। ਏਕੋ = ਇੱਕ ਹੀ। ਮਿਲਿ ਹਰਿ ਜਨ = ਸੰਤ ਜਨਾਂ ਨਾਲ ਮਿਲ ਕੇ, ਸਾਧ ਸੰਗਤਿ ਵਿਚ ਮਿਲ ਕੇ। ਮੰਗਲ = ਸਿਫ਼ਤਿ-ਸਾਲਾਹ ਦੇ ਗੀਤ।
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥
Servant Nanak proclaims that, in this, the second round of the marriage ceremony, the unstruck sound current of the Shabad resounds. ||2||
ਹੇ ਦਾਸ ਨਾਨਕ! (ਆਖ-ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ) ਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, (ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ) ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ ॥੨॥ ਚਲਾਈ = ਤੋਰ ਦਿੱਤੀ। ਅਨਹਦ = ਇਕ-ਰਸ, ਬਿਨਾ ਵਜਾਇਆਂ। ਸਬਦ ਵਜਾਏ = ਸਿਫ਼ਤਿ-ਸਾਲਾਹ ਦੀ ਬਾਣੀ ਦੇ ਮਾਨੋ, ਵਾਜੇ ਵਜਾ ਦੇਂਦਾ ਹੈ ॥੨॥
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
In the third round of the marriage ceremony, the mind is filled with Divine Love.
ਹੇ ਰਾਮ ਜੀ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮਿਹਰ ਨਾਲ) ਵੈਰਾਗਵਾਨਾਂ ਦੇ ਮਨ ਵਿਚ (ਤੇਰੇ ਮਿਲਾਪ ਲਈ) ਤਾਂਘ ਪੈਦਾ ਹੁੰਦੀ ਹੈ, (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ ਹੈ। ਤੀਜੜੀ ਲਾਵ = ਤੀਜੀ ਸੋਹਣੀ ਲਾਂਵ। ਹਰਿ ਤੀਜੜੀ ਲਾਵ = ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਸੋਹਣੀ ਲਾਂਵ। ਮਨਿ = ਮਨ ਵਿਚ। ਬੈਰਾਗੀਆ ਮਨਿ = ਵੈਰਾਗਵਾਨਾਂ ਦੇ ਮਨ ਵਿਚ। ਚਾਉ = (ਪ੍ਰਭੂ-ਮਿਲਾਪ ਲਈ) ਉਤਸ਼ਾਹ।
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
Meeting with the humble Saints of the Lord, I have found the Lord, by great good fortune.
ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੂੰ ਸੰਤ ਜਨਾਂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ। ਮੇਲੁ = ਮਿਲਾਪ। ਵਡਭਾਗੀਆ = ਵੱਡੇ ਭਾਗਾਂ ਵਾਲੇ ਮਨੁੱਖ।
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
I have found the Immaculate Lord, and I sing the Glorious Praises of the Lord. I speak the Word of the Lord's Bani.
(ਉਹ ਮਨੁੱਖ ਜੀਵਨ ਨੂੰ) ਪਵਿੱਤਰ ਕਰਨ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਦੇ ਹਨ, ਸਦਾ ਪ੍ਰਭੂ ਦੇ ਗੁਣ ਗਾਂਦੇ ਹਨ, ਅਤੇ ਮੂੰਹ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ। ਮੁਖਿ = ਮੂੰਹ ਤੋਂ। ਬੋਲੀ = ਉਚਾਰੀ। ਹਰਿ ਬਾਣੀ = ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ।
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥
By great good fortune, I have found the humble Saints, and I speak the Unspoken Speech of the Lord.
ਉਹ ਵਡ-ਭਾਗੀ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਪ੍ਰਭੂ-ਮਿਲਾਪ ਪ੍ਰਾਪਤ ਕਰਦੇ ਹਨ। ਹੇ ਭਾਈ! ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾ ਚਾਹੀਦਾ ਹੈ। ਕਥੀਐ = ਕਥਨ ਕਰਨੀ ਚਾਹੀਦੀ ਹੈ। ਅਕਥ = ਅਕੱਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਕਥ ਕਹਾਣੀ = ਅਕੱਥ ਪ੍ਰਭੂ ਦੀ ਸਿਫ਼ਤਿ-ਸਾਲਾਹ।
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
The Name of the Lord, Har, Har, Har, vibrates and resounds within my heart; meditating on the Lord, I have realized the destiny inscribed upon my forehead.
(ਜਿਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ, ਉਸ ਦੇ) ਹਿਰਦੇ ਵਿਚ ਸਦਾ ਟਿਕੀ ਰਹਿਣ ਵਾਲੀ ਪ੍ਰਭੂ-ਪ੍ਰੇਮ ਦੀ ਰੌ ਚੱਲ ਪੈਂਦੀ ਹੈ। ਪਰ, ਹੇ ਭਾਈ! ਪਰਮਾਤਮਾ ਦਾ ਨਾਮ (ਤਦੋਂ ਹੀ) ਜਪਿਆ ਜਾ ਸਕਦਾ ਹੈ, ਜੇ ਮੱਥੇ ਉੱਤੇ ਚੰਗਾ ਭਾਗ ਜਾਗ ਪਏ। ਹਿਰਦੈ = ਹਿਰਦੇ ਵਿਚ। ਧੁਨਿ = ਰੌ, ਲਗਨ। ਜਪੀਐ = ਜਪਿਆ ਜਾ ਸਕਦਾ ਹੈ। ਮਸਤਕਿ = ਮੱਥੇ ਉੱਤੇ। ਭਾਗੁ = ਚੰਗੀ ਕਿਸਮਤ।
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥
Servant Nanak proclaims that, in this, the third round of the marriage ceremony, the mind is filled with Divine Love for the Lord. ||3||
ਹੇ ਭਾਈ! ਦਾਸ ਨਾਨਕ ਆਖਦਾ ਹੈ (ਕਿ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ) ਤੀਜੀ ਲਾਂਵ ਸਮੇ (ਜੀਵ-ਇਸਤ੍ਰੀ ਦੇ) ਮਨ ਵਿਚ ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ ਪੈਦਾ ਹੋ ਜਾਂਦੀ ਹੈ ॥੩॥ ਨਾਨਕੁ ਬੋਲੇ = ਨਾਨਕ ਬੋਲਦਾ ਹੈ। ਤੀਜੀ ਲਾਵੈ = ਤੀਜੀ ਲਾਂਵ ਦੀ ਰਾਹੀਂ, ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਲਾਂਵ ਸਮੇ। ਮਨਿ = (ਜੀਵ-ਇਸਤ੍ਰੀ ਦੇ) ਮਨ ਵਿਚ। ਹਰਿ ਬੈਰਾਗੁ = ਪ੍ਰਭੂ (-ਮਿਲਾਪ ਦੀ) ਤੀਬਰ ਤਾਂਘ। ਉਪਜੈ = ਪੈਦਾ ਹੋ ਜਾਂਦੀ ਹੈ ॥੩॥
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
In the fourth round of the marriage ceremony, my mind has become peaceful; I have found the Lord.
ਹੇ ਸੋਹਣੇ ਰਾਮ! ਮੈਂ ਤੈਥੋਂ ਸਦਕੇ ਹਾਂ। (ਤੇਰੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ) ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਤੇਰਾ ਮਿਲਾਪ ਹੋ ਜਾਂਦਾ ਹੈ। (ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ) ਚੌਥੀ ਸੋਹਣੀ ਲਾਂਵ ਹੈ। ਚਉਥੜੀ ਲਾਵ = ਚੌਥੀ ਸੋਹਣੀ ਲਾਂਵ। ਹਰਿ ਚਉਥੜੀ ਲਾਵ = ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਚੌਥੀ ਸੋਹਣੀ ਲਾਂਵ। ਮਨਿ = (ਜੀਵ-ਇਸਤ੍ਰੀ ਦੇ) ਮਨ ਵਿਚ। ਸਹਜੁ = ਆਤਮਕ ਅਡੋਲਤਾ।
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥
As Gurmukh, I have met Him, with intuitive ease; the Lord seems so sweet to my mind and body.
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪ੍ਰਭੂ-) ਪ੍ਰੇਮ ਵਿਚ (ਟਿਕ ਕੇ, ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ) ਮਿਲ ਪੈਂਦਾ ਹੈ, (ਉਸ ਦੇ) ਮਨ ਵਿਚ (ਉਸ ਦੇ) ਤਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੇ ਸਨਮੁਖ ਰਹਿ ਕੇ। ਸੁਭਾਇ = (ਪ੍ਰਭੂ ਦੇ) ਪਿਆਰ ਵਿਚ (ਟਿਕ ਕੇ)। ਮਨਿ = ਮਨ ਵਿਚ। ਤਨਿ = ਤਨ ਵਿਚ।
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
The Lord seems so sweet; I am pleasing to my God. Night and day, I lovingly focus my consciousness on the Lord.
ਹੇ ਭਾਈ! ਜਿਸ ਜੀਵ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਪ੍ਰਭੂ ਨੂੰ ਉਹ ਜੀਵ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਮਨੁੱਖ ਸਦਾ ਪ੍ਰਭੂ (ਦੀ ਯਾਦ ਵਿਚ (ਆਪਣੀ) ਸੁਰਤ ਜੋੜੀ ਰੱਖਦਾ ਹੈ। ਪ੍ਰਭ ਭਾਇਆ = ਪ੍ਰਭੂ ਨੂੰ ਪਿਆਰਾ ਲੱਗਾ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਲਿਵ ਲਾਈ = ਸੁਰਤ ਜੋੜੀ ਰੱਖੀ।
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
I have obtained my Lord and Master, the fruit of my mind's desires. The Lord's Name resounds and resonates.
ਉਹ ਮਨੁੱਖ ਪ੍ਰਭੂ-ਮਿਲਾਪ ਦਾ ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ (ਉਸ ਦੇ ਅੰਦਰ ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਮਨ ਚਿੰਦਿਆ = ਮਨ-ਇੱਛਤ। ਨਾਮਿ = ਨਾਮ ਦੀ ਰਾਹੀਂ। ਵਜੀ ਵਾਧਾਈ = ਚੜ੍ਹਦੀ ਕਲਾ ਬਣ ਗਈ।
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
The Lord God, my Lord and Master, blends with His bride, and her heart blossoms forth in the Naam.
ਹੇ ਭਾਈ! ਪ੍ਰਭੂ ਨੇ, ਮਾਲਕ-ਹਰੀ ਨੇ (ਜਿਸ ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ ਸ਼ੁਰੂ ਕਰ ਦਿੱਤਾ, ਉਹ ਜੀਵ-ਇਸਤ੍ਰੀ ਨਾਮ ਸਿਮਰਨ ਦੀ ਬਰਕਤਿ ਨਾਲ (ਆਪਣੇ) ਹਿਰਦੇ ਵਿਚ ਸਦਾ ਆਨੰਦ-ਭਰਪੂਰ ਰਹਿੰਦੀ ਹੈ। ਪ੍ਰਭਿ = ਪ੍ਰਭੂ ਨੇ। ਠਾਕੁਰਿ = ਠਾਕੁਰ ਨੇ। ਕਾਜੁ = (ਜੀਵ-ਇਸਤ੍ਰੀ ਦੇ) ਵਿਆਹ ਦਾ ਉੱਦਮ। ਰਚਾਇਆ = ਅਰੰਭ ਦਿੱਤਾ। ਧਨ = ਜੀਵ-ਇਸਤ੍ਰੀ। ਹਿਰਦੈ = ਹਿਰਦੇ ਵਿਚ। ਨਾਮਿ = ਨਾਮ ਦੀ ਬਰਕਤਿ ਨਾਲ। ਵਿਗਾਸੀ = ਖਿੜ ਪਈ, ਆਨੰਦ-ਭਰਪੂਰ ਹੋ ਗਈ।
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
Servant Nanak proclaims that, in this, the fourth round of the marriage ceremony, we have found the Eternal Lord God. ||4||2||
ਦਾਸ ਨਾਨਕ ਆਖਦਾ ਹੈ-ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ॥੪॥੨॥ ਚਉਥੀ ਲਾਵੈ = ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ। ਅਵਿਨਾਸੀ = ਕਦੇ ਨਾਸ ਨਾਹ ਹੋਣ ਵਾਲਾ ॥੪॥੨॥