ਆਸਾ ਮਹਲਾ ੫ ॥
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
ਮਿਟੀ ਤਿਆਸ ਅਗਿਆਨ ਅੰਧੇਰੇ ॥
My thirst, and the darkness of ignorance have been removed.
(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਤਿਆਸ = ਤ੍ਰੇਹ, ਪਿਆਸ, ਤ੍ਰਿਸ਼ਨਾ। ਅਗਿਆਨ = ਗਿਆਨ ਦੀ ਅਣਹੋਂਦ, ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੀ ਅਣਹੋਂਦ।
ਸਾਧ ਸੇਵਾ ਅਘ ਕਟੇ ਘਨੇਰੇ ॥੧॥
Serving the Holy Saints, countless sins are obliterated. ||1||
ਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ॥੧॥ ਸਾਧ = ਗੁਰੂ। ਅਘ = ਪਾਪ। ਘਨੇਰੇ = ਬਹੁਤ ॥੧॥
ਸੂਖ ਸਹਜ ਆਨੰਦੁ ਘਨਾ ॥
I have obtained celestial peace and immense joy.
(ਹੇ ਭਾਈ! ਉਹਨਾਂ ਮਨੁੱਖਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸਹਜ = ਆਤਮਕ ਅਡੋਲਤਾ। ਘਨਾ = ਬਹੁਤ।
ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
ਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, (ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ॥੧॥ ਰਹਾਉ ॥ ਨਿਰਮਲ = ਪਵਿਤ੍ਰ ॥੧॥ ਰਹਾਉ ॥
ਬਿਨਸਿਓ ਮਨ ਕਾ ਮੂਰਖੁ ਢੀਠਾ ॥
The stubborn foolishness of my mind is gone;
(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ। ਮੂਰਖੁ = ਮੂਰਖਪੁਣਾ। ਢੀਠਾ = ਅਮੋੜ-ਪਨ।
ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥
God's Will has become sweet to me. ||2||
ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ॥੨॥ ਭਾਣਾ = ਰਜ਼ਾ ॥੨॥
ਗੁਰ ਪੂਰੇ ਕੇ ਚਰਣ ਗਹੇ ॥
I have grasped the Feet of the Perfect Guru,
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ, ਗਹੇ = ਫੜੇ।
ਕੋਟਿ ਜਨਮ ਕੇ ਪਾਪ ਲਹੇ ॥੩॥
and the sins of countless incarnations have been washed away. ||3||
ਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ॥੩॥ ਕੋਟਿ = ਕ੍ਰੋੜਾਂ ॥੩॥
ਰਤਨ ਜਨਮੁ ਇਹੁ ਸਫਲ ਭਇਆ ॥
The jewel of this life has become fruitful.
ਉਹਨਾਂ ਮਨੁੱਖਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਸਫਲ = ਕਾਮਯਾਬ।
ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥
Says Nanak, God has shown mercy to me. ||4||15||66||
ਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ॥੪॥੧੫॥੬੬॥ ਮਇਆ = ਦਇਆ ॥੪॥੧੫॥੬੬॥