ਸੂਹੀ ਮਹਲਾ

Soohee, Fifth Mehl:

ਸੂਹੀ ਪੰਜਵੀਂ ਪਾਤਿਸ਼ਾਹੀ।

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ

The True Guru is the Transcendent Lord, the Supreme Lord God; He Himself is the Creator Lord.

ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ। ਪਾਰਬ੍ਰਹਮ = ਹੇ ਪਾਰਬ੍ਰਹਮ! ਸਤਿਗੁਰ = ਹੇ ਸਤਿਗੁਰ! ਆਪੇ = (ਤੂੰ) ਆਪ ਹੀ। ਕਰਣੈਹਾਰਾ = ਕਰਨ-ਯੋਗ, ਕਰ ਸਕਣ ਵਾਲਾ।

ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥

Your servant begs for the dust of Your feet. I am a sacrifice to the Blessed Vision of Your Darshan. ||1||

(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥ ਮਾਗੈ = ਮੰਗਦਾ ਹੈ। ਕਉ = ਤੋਂ। ਬਲਿਹਾਰਾ = ਸਦਕੇ ॥੧॥

ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ

O my Sovereign Lord, as You keep me, so do I remain.

ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ। ਰਾਮਰਾਇ = ਹੇ ਪ੍ਰਭੂ-ਪਾਤਿਸ਼ਾਹ! ਰਾਖਹਿ = ਤੂੰ ਰੱਖਦਾ ਹੈਂ। ਰਹੀਐ = ਰਹਿ ਸਕੀਦਾ ਹੈ।

ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ

When it pleases You, I chant Your Name. You alone can grant me peace. ||1||Pause||

ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥ ਤੁਧੁ ਭਾਵੈ = ਜੇ ਤੈਨੂੰ ਚੰਗਾ ਲੱਗੇ। ਲਹੀਐ = ਲੈ ਸਕੀਦਾ ਹੈ ॥੧॥ ਰਹਾਉ ॥

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ

Liberation, comfort and proper lifestyle come from serving You; You alone cause us to serve You.

ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੁਗਤਿ = ਦੁਨੀਆ ਦੇ ਸੁਖਾਂ ਦੇ ਭੋਗ। ਜੁਗਤਿ = ਚੰਗੀ ਜੀਵਨ-ਮਰਯਾਦਾ।

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥

That place is heaven, where the Kirtan of the Lord's Praises are sung. You Yourself instill faith into us. ||2||

ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥ ਤਹਾ = ਉਥੇ ਹੀ। ਜਹ = ਜਿਥੇ ॥੨॥

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ

Meditating, meditating, meditating in remembrance on the Naam, I live; my mind and body are enraptured.

(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। ਨਿਹਾਲਾ = ਪ੍ਰਸੰਨ, ਖਿੜਿਆ ਹੋਇਆ।

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥

I wash Your Lotus Feet, and drink in this water, O my True Guru, O Merciful to the meek. ||3||

ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥ ਚਰਣ ਕਮਲ = ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਧੋਇ = ਧੋ ਕੇ। ਪੀਵਾ = ਪੀਵਾਂ ॥੩॥

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ

I am a sacrifice to that most wonderful time when I came to Your Door.

(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ। ਜਾਈ = ਜਾਈਂ, ਮੈਂ ਜਾਂਦਾ ਹਾਂ। ਉਸੁ ਵੇਲਾ ਸੁਹਾਵੀ = ਉਸ ਸੋਹਣੀ ਘੜੀ ਤੋਂ। ਜਿਤੁ = ਜਿਸ ਵਿਚ, ਜਿਸ ਵੇਲੇ। ਦੁਆਰੈ = ਦਰ ਤੇ।

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥

God has become compassionate to Nanak; I have found the Perfect True Guru. ||4||8||55||

ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥ ਕਉ = ਨੂੰ, ਉਤੇ ॥੪॥੮॥੫੫॥