ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਆਸਾ ਘਰੁ ੬ ਮਹਲਾ ੫ ॥
Raag Aasaa, Sixth House, Fifth Mehl:
ਰਾਗ ਆਸਾ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥
Whatever pleases You is acceptable to me; that alone brings peace and ease to my mind.
ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੁੰਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ। ਪਰਵਾਨਾ = ਕਬੂਲ। ਸਹਜੁ = ਆਤਮਕ ਅਡੋਲਤਾ। ਮਨਿ = ਮਨ ਵਿਚ। ਸੋਈ = ਉਹੀ, (ਪਰਮਾਤਮਾ ਦੀ ਰਜ਼ਾ ਮੰਨਣਾ ਹੀ)।
ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥
You are the Doer, the Cause of causes, All-powerful and Infinite; there is none other than You. ||1||
ਹੇ ਪ੍ਰਭੂ! ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਹਨਾਂ ਦੀ ਨਿਗਾਹ ਵਿਚ ਬੇਅੰਤ ਹੈਂ। ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥ ਰੇ = ਹੇ ਭਾਈ! ॥੧॥
ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥
Your humble servants sing Your Glorious Praises with enthusiasm and love.
(ਹੇ ਪ੍ਰਭੂ!) ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ। ਰਸਕਿ = ਰਸ ਲੈ ਲੈ ਕੇ, ਸੁਆਦ ਨਾਲ। ਗਾਵਹਿ = ਗਾਂਦੇ ਹਨ।
ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥
That alone is good advice, wisdom and cleverness for Your humble servant, which You do or cause to be done. ||1||Pause||
ਜੋ ਕੁਝ ਤੂੰ ਆਪ ਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ (ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ) ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ ॥੧॥ ਰਹਾਉ ॥ ਮਸਲਤਿ = ਸਲਾਹ-ਮਸ਼ਵਰਾ। ਮਤਾ = ਫ਼ੈਸਲਾ ॥੧॥ ਰਹਾਉ ॥
ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥
Your Name is Ambrosial Nectar, O Beloved Lord; in the Saadh Sangat, the Company of the Holy, I have obtained its sublime essence.
ਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।
ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥
Those humble beings are satisfied and fulfilled, singing the Praises of the Lord, the treasure of peace. ||2||
(ਹੇ ਭਾਈ!) ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤ੍ਰਿਪਤ ਹੋ ਗਏ ॥੨॥ ਤ੍ਰਿਪਤਿ = ਤ੍ਰਿਪਤੀ, ਸੰਤੋਖ, ਰੱਜ। ਅਘਾਇ = ਰੱਜ ਕੇ। ਨਿਧਾਨੁ = ਖ਼ਜ਼ਾਨਾ ॥੨॥
ਜਾ ਕਉ ਟੇਕ ਤੁਮੑਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥
One who has Your Support, O Lord Master, is not afflicted by anxiety.
ਹੇ ਪ੍ਰਭੂ! ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ। ਕਉ = ਨੂੰ। ਟੇਕ = ਆਸਰਾ।
ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥
One who is blessed by Your Kind Mercy, is the best, the most fortunate king. ||3||
ਹੇ ਸੁਆਮੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ ॥੩॥ ਭਗਵੰਤਾ = ਭਾਗਾਂ ਵਾਲੇ ॥੩॥
ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥
Doubt, attachment, and deceit have all disappeared, since I obtained the Blessed Vision of Your Darshan.
ਹੇ ਨਾਨਕ! (ਆਖ-) ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ (ਉਸ ਦੇ ਅੰਦਰੋਂ) ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ। ਭਰਮ = ਭਟਕਣ। ਧ੍ਰੋਹ = ਠੱਗੀ। ਸਭਿ = ਸਾਰੇ। ਨਿਕਸੇ = ਨਿਕਲ ਗਏ।
ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥
Dealing in the Naam, O Nanak, we become truthful, and in the Love of the Lord's Name, we are absorbed. ||4||1 | 40||
ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੧॥੪੦॥ ਸਚੁ = ਸਦਾ ਕਾਇਮ ਰਹਿਣ ਵਾਲਾ। ਨਾਮੇ = ਨਾਮ ਵਿਚ ਹੀ। ਰੰਗਿ = ਪ੍ਰੇਮ ਨਾਲ ॥੪॥੧॥੪੦॥