ਸੂਹੀ ਮਹਲਾ ੧ ॥
Soohee, First Mehl:
ਸੂਹੀ ਪਹਿਲੀ ਪਾਤਿਸ਼ਾਹੀ।
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥
Build the raft of meditation and self-discipline, to carry you across the river.
(ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ। ਜਪ ਤਪ ਕਾ ਬੇੜੁਲਾ = ਜਤ ਤਪ ਦਾ ਸੋਹਣਾ ਬੇੜਾ। ਜਪੁ ਤਪੁ = ਨਾਮ-ਸਿਮਰਨ {ਨੋਟ: 'ਰਹਾਉ' ਦੀ ਤੁਕ ਸਦਾ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀ ਹੈ। ਇਥੇ 'ਰਹਾਉ' ਵਿਚ 'ਨਾਮ' ਨੂੰ ਹੀ ਮਹਾਨਤਾ ਦਿੱਤੀ ਹੈ। ਹੋਰ ਪ੍ਰਮਾਣ ਭੀ ਹਨ: ਭਨਤਿ ਨਾਨਕੁ ਕਰੇ ਵੀਚਾਰ ॥ ਸਾਚੀ ਬਾਣੀ ਸਿਉ ਧਰੇ ਪਿਆਰੁ ॥ ਤਾ ਕੋ ਪਾਵੈ ਮੋਖ ਦੁਆਰੁ ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ੨ (ਧਨਾਸਰੀ ਮ: ੧, ਪੰਨਾ ੬੬੧)। ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ਰਹਾਉ॥ (ਗੂਜਰੀ ਮ: ੧, ਪੰਨਾ ੫੦੩)। ਬੰਧੁ = ਬੰਨ, ਤਿਆਰ ਕਰ। ਜਿਤੁ = ਜਿਸ ਬੇੜੇ ਦੀ ਰਾਹੀਂ। ਵਹੇਲਾ = ਵਹਿਲਾ, ਛੇਤੀ।
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥
There will be no ocean, and no rising tides to stop you; this is how comfortable your path shall be. ||1||
(ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ ॥੧॥ ਪੰਥੁ = ਰਸਤਾ, ਜੀਵਨ-ਪੰਥ। ਸੁਹੇਲਾ = ਸੌਖਾ ॥੧॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥
Your Name alone is the color, in which the robe of my body is dyed. This color is permanent, O my Beloved. ||1||Pause||
ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ ॥੧॥ ਰਹਾਉ ॥ ਮੰਜੀਠੜਾ = ਸੋਹਣੀ ਮਜੀਠ। ਰਤਾ = ਰੰਗਿਆ। ਸਦ ਰੰਗ = ਸਦਾ ਰਹਿਣ ਵਾਲਾ ਰੰਗ, ਪੱਕਾ ਰੰਗ। ਢੋਲਾ = ਹੇ ਮਿੱਤਰ! ਹੇ ਪਿਆਰੇ! ॥੧॥ ਰਹਾਉ ॥
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥
My beloved friends have departed; how will they meet the Lord?
ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ? ਸਾਜਨ = ਹੇ ਸੱਜਣ! ਚਲੇ ਪਿਆਰਿਆ = ਹੇ ਤੁਰੇ ਜਾ ਰਹੇ ਪਿਆਰੇ! ਹੇ ਜੀਵਨ-ਸਫ਼ਰ ਦੇ ਪਿਆਰੇ ਪਾਂਧੀ!
ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥
If they have virtue in their pack, the Lord will unite them with Himself. ||2||
(ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ ॥੨॥ ਗੰਠੜੀਐ = ਗੰਢੜੀ ਵਿਚ, ਪੱਲੇ, ਰਾਹ ਦੇ ਸਫ਼ਰ ਵਾਸਤੇ ਬੱਧੀ ਹੋਈ ਗੰਢ ਵਿਚ। ਸੋਈ = ਉਹ ਪਰਮਾਤਮਾ ॥੨॥
ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥
Once united with Him, they will not be separated again, if they are truly united.
ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ।
ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥
The True Lord brings their comings and goings to an end. ||3||
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ ॥੩॥ ਆਵਾਗਉਣੁ = ਆਉਣਾ ਤੇ ਜਾਣਾ, ਜਨਮ ਤੇ ਮਰਨ ਦਾ ਗੇੜ। ਨਿਵਾਰਿਆ = ਮੁਕਾ ਦਿੱਤਾ। ਸਾਚਾ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ ਪ੍ਰਭੂ ॥੩॥
ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥
One who subdues and eradicates egotism, sews the robe of devotion.
ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ, ਮਾਰਿ = ਮਾਰ ਕੇ। ਸੀਤਾ ਹੈ ਚੋਲਾ = ਆਪਣੇ ਵਾਸਤੇ ਕੁੜਤਾ ਤਿਆਰ ਕੀਤਾ ਹੈ, ਆਪਣੇ ਆਪ ਨੂੰ ਸਿੰਗਾਰਿਆ ਹੈ, ਆਪਣਾ ਆਪਾ ਸੁੰਦਰ ਬਣਾਇਆ ਹੈ।
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥
Following the Word of the Guru's Teachings, she receives the fruits of her reward, the Ambrosial Words of the Lord. ||4||
ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ ॥੪॥ ਸਹ ਕੇ = ਖਸਮ-ਪ੍ਰਭੂ ਦੇ। ਅੰਮ੍ਰਿਤ ਬੋਲਾ = ਅਮਰ ਕਰਨ ਵਾਲੇ ਬੋਲ, ਆਤਮਕ ਜੀਵਨ ਦੇਣ ਵਾਲੇ ਬਚਨ ॥੪॥
ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥
Says Nanak, O soul-brides, our Husband Lord is so dear!
ਨਾਨਕ ਆਖਦਾ ਹੈ-ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ, ਖਰਾ = ਬਹੁਤ।
ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥
We are the servants, the hand-maidens of the Lord; He is our True Lord and Master. ||5||2||4||
(ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀਂ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ ॥੫॥੨॥੪॥ ਕੇਰੀਆ = ਦੀਆਂ। ਸਾਚਾ = ਸਦਾ-ਥਿਰ ॥੫॥੨॥੪॥