ਮਾਝ ਮਹਲਾ ੫ ॥
Maajh, Fifth Mehl:
ਮਾਝ ਪੰਜਵੀਂ ਪਾਤਸ਼ਾਹੀ।
ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥
My Lord, Har, Har, Har, is the nine treasures, the supernatural spiritual powers of the Siddhas, wealth and prosperity.
(ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ। ਨਿਧਿ = ਨੌ ਨਿਧੀਆਂ, ਦੁਨੀਆ ਦੇ ਨੌ ਹੀ ਖ਼ਜ਼ਾਨੇ। ਸਿਧ = ਆਤਮਕ ਤਾਕਤਾਂ (ਜੋ ਆਮ ਤੌਰ ਤੇ ਅਠਾਰਾਂ ਮੰਨੀਆਂ ਗਈਆਂ ਹਨ)। ਰਿਧਿ = ਧਨ ਦੀ ਬਹੁਲਤਾ। ਮੇਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ।
ਜਨਮੁ ਪਦਾਰਥੁ ਗਹਿਰ ਗੰਭੀਰੈ ॥
He is the Deep and Profound Treasure of Life.
ਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ। ਪਦਾਰਥੁ = ਕੀਮਤੀ ਸ਼ੈ। ਗੰਭੀਰੈ = ਵੱਡੇ ਜਿਗਰੇ ਵਾਲੇ ਪ੍ਰਭੂ ਦੀ ਮਿਹਰ ਨਾਲ।
ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥
Hundreds of thousands, even millions of pleasures and delights are enjoyed by one who falls at the Guru's Feet. ||1||
(ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ ॥੧॥ ਕੋਟਿ = ਕ੍ਰੋੜਾਂ। ਗੁਰ ਪਾਈ = ਗੁਰੂ ਦੀ ਚਰਨੀਂ ॥੧॥
ਦਰਸਨੁ ਪੇਖਤ ਭਏ ਪੁਨੀਤਾ ॥
Gazing upon the Blessed Vision of His Darshan, all are sanctified,
(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ। ਪੇਖਤ = ਵੇਖਦਿਆਂ।
ਸਗਲ ਉਧਾਰੇ ਭਾਈ ਮੀਤਾ ॥
and all family and friends are saved.
ਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ। ਸਗਲੇ = ਸਾਰੇ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ।
ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥
By Guru's Grace, I meditate on the Inaccessible and Unfathomable True Lord. ||2||
ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ ॥੨॥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤੇ = ਤੋਂ, ਦੀ ਰਾਹੀਂ, ਨਾਲ ॥੨॥
ਜਾ ਕਉ ਖੋਜਹਿ ਸਰਬ ਉਪਾਏ ॥
The One, the Guru, who is sought by all-only a few,
ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ, ਜਾ ਕਉ = ਜਿਸ ਨੂੰ। ਉਪਾਏ = ਪੈਦਾ ਕੀਤੇ ਹੋਏ ਜੀਵ।
ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥
By great good fortune, receive His Darshan.
ਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।
ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥
His Place is lofty, infinite and unfathomable; the Guru has shown me that palace. ||3||
ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ ॥੩॥ ਮਹਲੁ = ਟਿਕਾਣਾ ॥੩॥
ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥
Your Ambrosial Name is deep and profound.
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਗੰਭੀਰ = ਹੇ ਵੱਡੇ ਜਿਗਰੇ ਵਾਲੇ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ, ਆਤਮਕ ਮੌਤ ਤੋਂ ਬਚਾਣ ਵਾਲਾ।
ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥
That person is liberated, in whose heart You dwell.
ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।
ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥
The Guru cuts away all his bonds; O Servant Nanak, he is absorbed in the poise of intuitive peace. ||4||16||23||
ਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥੧੬॥੨੩॥ ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ ॥੪॥