ਆਸਾ ਮਹਲਾ ੫ ਤਿਪਦੇ ੨ ॥
Aasaa, Fifth Mehl, Thi-Padhay:
ਆਸਾ ਪੰਜਵੀਂ ਪਾਤਸ਼ਾਹੀ। ਤਿਪਦੇ।
ਹਰਿ ਰਸੁ ਪੀਵਤ ਸਦ ਹੀ ਰਾਤਾ ॥
One who drinks in the Lord's sublime essence is forever imbued with it,
(ਹੇ ਭਾਈ!) ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਣ ਵਾਲਾ ਮਨੁੱਖ (ਨਾਮ-ਰੰਗ ਵਿਚ) ਸਦਾ ਹੀ ਰੰਗਿਆ ਰਹਿੰਦਾ ਹੈ, ਪੀਵਤ = ਪੀਂਦਿਆਂ। ਸਦ = ਸਦਾ। ਰਾਤਾ = ਰੰਗਿਆ ਹੋਇਆ, ਮਸਤ।
ਆਨ ਰਸਾ ਖਿਨ ਮਹਿ ਲਹਿ ਜਾਤਾ ॥
while other essences wear off in an instant.
(ਕਿਉਂਕਿ ਨਾਮ-ਰਸ ਦਾ ਅਸਰ ਕਦੇ ਦੂਰ ਨਹੀਂ ਹੁੰਦਾ, ਇਸ ਤੋਂ ਬਿਨਾ ਦੁਨੀਆ ਦੇ ਪਦਾਰਥਾਂ ਦੇ) ਹੋਰ ਹੋਰ ਰਸਾਂ ਦਾ ਅਸਰ ਇਕ ਖਿਨ ਵਿਚ ਉਤਰ ਜਾਂਦਾ ਹੈ। ਆਨ = {अन्य} ਹੋਰ।
ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥
Intoxicated with the Lord's sublime essence, the mind is forever in ecstasy.
ਪਰਮਾਤਮਾ ਦੇ ਨਾਮ-ਰਸ ਦੇ ਮਤਵਾਲੇ ਮਨੁੱਖ ਦੇ ਮਨ ਵਿਚ ਸਦਾ ਆਨੰਦ ਟਿਕਿਆ ਰਹਿੰਦਾ ਹੈ, ਮਾਤੇ = ਮਸਤ, ਮਤਵਾਲੇ। ਮਨਿ = ਮਨ ਵਿਚ।
ਆਨ ਰਸਾ ਮਹਿ ਵਿਆਪੈ ਚਿੰਦ ॥੧॥
Other essences bring only anxiety. ||1||
ਪਰ ਦੁਨੀਆ ਦੇ ਪਦਾਰਥਾਂ ਦੇ ਸਵਾਦਾਂ ਵਿਚ ਪਿਆਂ ਚਿੰਤਾ ਆ ਦਬਾਂਦੀ ਹੈ ॥੧॥ ਵਿਆਪੈ = ਜ਼ੋਰ ਪਾ ਲੈਂਦੀ ਹੈ। ਚਿੰਦ = ਚਿੰਤਾ ॥੧॥
ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥
One who drinks in the Lord's sublime essence, is intoxicated and enraptured;
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਅੰਮ੍ਰਿਤ ਪੀਂਦਾ ਹੈ ਉਹ ਉਸ ਰਸ ਵਿਚ ਪੂਰਨ ਤੌਰ ਤੇ ਮਸਤ ਰਹਿੰਦਾ ਹੈ। ਉਹ ਉਸ ਨਾਮ-ਰਸ ਦਾ ਆਸ਼ਿਕ ਬਣ ਜਾਂਦਾ ਹੈ। ਅਲਮਸਤੁ = ਪੂਰਨ ਤੌਰ ਤੇ ਮਸਤ। ਮਤਵਾਰਾ = ਮਤਵਾਲਾ, ਆਸ਼ਿਕ।
ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥
all other essences have no effect. ||1||Pause||
ਉਸ ਨੂੰ ਦੁਨੀਆ ਦੇ ਹੋਰ ਸਾਰੇ ਰਸ (ਨਾਮ-ਰਸ ਦੇ ਟਾਕਰੇ ਤੇ) ਫਿੱਕੇ ਜਾਪਦੇ ਹਨ ॥੧॥ ਰਹਾਉ ॥ ਸਭਿ = ਸਾਰੇ। ਹੋਛੇ = ਫਿੱਕੇ ॥੧॥ ਰਹਾਉ ॥
ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥
The value of the Lord's sublime essence cannot be described.
(ਹੇ ਭਾਈ! ਹਰਿ-ਨਾਮ-ਰਸ ਦੁਨੀਆ ਦੇ ਧਨ-ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ) ਪਰਮਾਤਮਾ ਦੇ ਨਾਮ-ਰਸ ਦਾ ਮੁੱਲ (ਧਨ-ਪਦਾਰਥ ਦੀ ਸ਼ਕਲ ਵਿਚ) ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕੀਮਤਿ = ਮੁੱਲ।
ਹਰਿ ਰਸੁ ਸਾਧੂ ਹਾਟਿ ਸਮਾਇ ॥
The Lord's sublime essence permeates the homes of the Holy.
ਇਹ ਨਾਮ-ਰਸ ਗੁਰੂ ਦੇ ਹੱਟ ਵਿਚ (ਗੁਰੂ ਦੀ ਸੰਗਤਿ ਵਿਚ) ਸਦਾ ਟਿਕਿਆ ਰਹਿੰਦਾ ਹੈ। ਸਾਧੂ ਹਾਟਿ = ਗੁਰੂ ਦੇ ਹੱਟ ਵਿਚ, ਗੁਰੂ ਦੀ ਸੰਗਤਿ ਵਿਚ। ਸਮਾਇ = ਟਿਕਿਆ ਰਹਿੰਦਾ ਹੈ।
ਲਾਖ ਕਰੋਰੀ ਮਿਲੈ ਨ ਕੇਹ ॥
One may spend thousands and millions, but it cannot be purchased.
ਲੱਖਾਂ ਕ੍ਰੋੜਾਂ ਰੁਪਏ ਦਿੱਤਿਆਂ ਭੀ ਇਹ ਕਿਸੇ ਨੂੰ ਮਿਲ ਨਹੀਂ ਸਕਦਾ। ਕੇਹ = ਕਿਸੇ ਨੂੰ।
ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥
He alone obtains it, who is so pre-ordained. ||2||
ਹੇ ਪ੍ਰਭੂ! ਜਿਸ ਮਨੁੱਖ ਦੇ ਭਾਗਾਂ ਵਿਚ ਤੂੰ ਇਸ ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਹੀ ਤੂੰ ਆਪ ਹੀ ਦੇਂਦਾ ਹੈਂ ॥੨॥ ਜਿਸਹਿ ਪਰਾਪਤਿ = ਜਿਸ ਦੇ ਭਾਗਾਂ ਵਿਚ ਲਿਖੀ ਹੈ ਪ੍ਰਾਪਤੀ। ਦੇਹਿ = ਤੂੰ ਦੇਂਦਾ ਹੈਂ (ਹੇ ਪ੍ਰਭੂ!) ॥੨॥
ਨਾਨਕ ਚਾਖਿ ਭਏ ਬਿਸਮਾਦੁ ॥
Tasting it, Nanak is wonder-struck.
ਹੇ ਨਾਨਕ! (ਇਹ ਨਾਮ-ਰਸ) ਚੱਖ ਕੇ (ਕੋਈ ਇਸ ਦਾ ਸਵਾਦ ਬਿਆਨ ਨਹੀਂ ਕਰ ਸਕਦਾ। ਜੇ ਕੋਈ ਜਤਨ ਕਰੇ ਤਾਂ) ਹੈਰਾਨ ਪਿਆ ਹੁੰਦਾ ਹੈ (ਕਿਉਂਕਿ ਉਹ ਆਪਣੇ ਆਪ ਨੂੰ ਇਸ ਰਸ ਦਾ ਅਸਰ ਬਿਆਨ ਕਰਨ ਤੋਂ ਅਸਮਰਥ ਵੇਖਦਾ ਹੈ)। ਚਾਖਿ = ਚੱਖ ਕੇ।
ਨਾਨਕ ਗੁਰ ਤੇ ਆਇਆ ਸਾਦੁ ॥
Through the Guru, Nanak has obtained this taste.
ਇਸ ਹਰਿ-ਨਾਮ-ਰਸ ਦਾ ਅਨੰਦ ਗੁਰੂ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਤੇ = ਤੋਂ, ਪਾਸੋਂ। ਸਾਦੁ = ਸੁਆਦ, ਆਨੰਦ।
ਈਤ ਊਤ ਕਤ ਛੋਡਿ ਨ ਜਾਇ ॥
Here and hereafter, it does not leave him.
(ਜਿਸ ਨੂੰ ਇਕ ਵਾਰੀ ਇਸ ਦੀ ਪ੍ਰਾਪਤੀ ਹੋ ਗਈ ਉਹ) ਇਸ ਲੋਕ ਤੇ ਪਰਲੋਕ ਵਿਚ (ਕਿਸੇ ਭੀ ਹੋਰ ਪਦਾਰਥ ਦੀ ਖ਼ਾਤਰ) ਇਸ ਨਾਮ-ਰਸ ਨੂੰ ਛੱਡ ਕੇ ਨਹੀਂ ਜਾਂਦਾ, ਈਤ ਊਤ = ਇਸ ਲੋਕ ਵਿਚ ਤੇ ਪਰਲੋਕ ਵਿਚ। ਕਤ = ਕਿਤੇ ਭੀ।
ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥
Nanak is imbued and enraptured with the Lord's subtle essence. ||3||27||
ਉਹ ਸਦਾ ਹਰਿ-ਨਾਮ-ਰਸ ਵਿਚ ਹੀ ਮਸਤ ਰਹਿੰਦਾ ਹੈ ॥੩॥੨੭॥ ਗੀਧਾ = ਗਿੱਝਾ ਹੋਇਆ ॥੩॥੨੭॥