ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
ਅਬ ਜਨ ਊਪਰਿ ਕੋ ਨ ਪੁਕਾਰੈ ॥
Now, no one complains about the Lord's humble servant.
(ਜਦੋਂ ਮਨੁੱਖ ਗੁਰੂ ਦੇ ਬਚਨ ਉੱਤੇ ਤੁਰ ਕੇ ਹਰਿ-ਨਾਮ ਜਪਦਾ ਹੈ) ਤਦੋਂ ਉਸ ਸੇਵਕ ਉੱਤੇ ਕੋਈ ਮਨੁੱਖ ਕੋਈ ਦੂਸ਼ਣ ਨਹੀਂ ਲਾ ਸਕਦਾ। ਕੋ = ਕੋਈ (ਮਨੁੱਖ)। ਪੁਕਾਰੈ = ਦੁਸ਼ਣ ਲਾਂਦਾ, ਉਂਗਲ ਕਰਦਾ।
ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥੧॥ ਰਹਾਉ ॥
Whoever tries to complain is destroyed by the Guru, the Transcendent Lord God. ||1||Pause||
ਜਿਹੜਾ ਮਨੁੱਖ ਪ੍ਰਭੂ ਦੇ ਸੇਵਕ ਉੱਤੇ ਦੂਸ਼ਣ ਥੱਪਣ ਦਾ ਜਤਨ ਕਰਦਾ ਹੈ, ਗੁਰੂ ਪਰਮਾਤਮਾ ਉਸ ਦਾ ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ ॥੧॥ ਰਹਾਉ ॥ ਪੂਕਾਰਨ ਕਉ = ਦੂਸ਼ਣ ਲਾਣ ਲਈ। ਤਾ ਕਉ = ਉਸ (ਮਨੁੱਖ) ਨੂੰ। ਮਾਰੈ = (ਆਤਮਕ ਮੌਤੇ) ਮਾਰਦਾ ਹੈ, ਆਤਮਕ ਜੀਵਨ ਨੀਵਾਂ ਕਰ ਦੇਂਦਾ ਹੈ ॥੧॥ ਰਹਾਉ ॥
ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥
Whoever harbors vengeance against the One who is beyond all vengenace, shall lose in the Court of the Lord.
ਜਿਹੜਾ ਮਨੁੱਖ ਕਦੇ ਕਿਸੇ ਨਾਲ ਵੈਰ ਨਹੀਂ ਕਰਦਾ, ਉਸ ਨਾਲ ਜਿਹੜਾ ਵੈਰ ਕਮਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿਚ ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ। ਸੰਗਿ = ਨਾਲ। ਰਚਾਵੈ = ਸਹੇੜਦਾ ਹੈ। ਹਾਰੈ = ਹਾਰ ਜਾਂਦਾ ਹੈ, ਜੀਵਨ-ਬਾਜ਼ੀ ਹਾਰ ਜਾਂਦਾ ਹੈ, ਆਤਮਕ ਜੀਵਨ ਦੇ ਤੋਲ ਵਿਚ ਪੂਰਾ ਨਹੀਂ ਉਤਰਦਾ।
ਆਦਿ ਜੁਗਾਦਿ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੈ ॥੧॥
From the very beginning of time, and throughout the ages, it is the glorious greatness of God, that He preserves the honor of His humble servants. ||1||
ਜਗਤ ਦੇ ਸ਼ੁਰੂ ਤੋਂ, ਜੁਗਾਂ ਦੇ ਮੁੱਢ ਤੋਂ ਹੀ ਪਰਮਾਤਮਾ ਦਾ ਇਹ ਗੁਣ ਚਲਿਆ ਆ ਰਿਹਾ ਹੈ ਕਿ ਉਹ ਆਪਣੇ ਸੇਵਕ ਦੀ ਲਾਜ ਰੱਖਦਾ ਹੈ ॥੧॥ ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ। ਵਡਿਆਈ = ਬਿਰਦ। ਪੈਜ = ਇੱਜ਼ਤ ॥੧॥
ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥
The mortal becomes fearless, and all his fears are taken away, when he leans on the Support of the Lord's Lotus Feet.
ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ ਪ੍ਰਭੂ ਦਾ ਸੇਵਕ ਨਿਰਭਉ ਹੋ ਜਾਂਦਾ ਹੈ, ਉਸ ਦਾ (ਦੁਨੀਆ ਵਾਲਾ) ਹਰੇਕ ਡਰ ਮਿਟ ਜਾਂਦਾ ਹੈ। ਸਗਲ = ਸਾਰਾ। ਆਧਾਰੈ = ਆਸਰੇ, ਆਸਰਾ ਲਿਆਂ।
ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥੨॥੪੫॥੬੮॥
Chanting the Name, through the Guru's Word, Nanak has become famous throughout the world. ||2||45||68||
ਹੇ ਨਾਨਕ! ਗੁਰੂ ਦੇ ਉਪਦੇਸ਼ ਤੇ ਤੁਰ ਕੇ ਜਿਸ ਨੇ ਭੀ ਪਰਮਾਤਮਾ ਦਾ ਨਾਮ ਜਪਿਆ, ਉਹ ਜਗਤ ਵਿਚ ਨਾਮਣੇ ਵਾਲਾ ਹੋ ਗਿਆ ॥੨॥੪੫॥੬੮॥ ਕੈ ਬਚਨਿ = ਦੇ ਬਚਨ ਦੀ ਰਾਹੀਂ, ਦੇ ਬਚਨ ਉਤੇ ਤੁਰਿਆਂ। ਸੰਸਾਰੈ = ਸੰਸਾਰ ਵਿਚ ॥੨॥੪੫॥੬੮॥