ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ ॥
Raag Gauree Gwaarayree, First Mehl, Chau-Padhay & Dho-Padhay:
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਤੇ ਦੋ-ਬੰਦਾਂ ਵਾਲੀ ਬਾਣੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭਉ ਮੁਚੁ ਭਾਰਾ ਵਡਾ ਤੋਲੁ ॥
The Fear of God is overpowering, and so very heavy,
ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ)। ਭਉ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਤੇ ਸਭ ਵਿਚ ਵੱਸਦਾ ਹੈ। ਮੁਚੁ = ਬਹੁਤ।
ਮਨ ਮਤਿ ਹਉਲੀ ਬੋਲੇ ਬੋਲੁ ॥
while the intellect is lightweight, as is the speech one speaks.
ਜਿਸ ਦੀ ਮਤਿ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ। ਮਨ ਮਤਿ = ਮਨ ਦੇ ਪਿੱਛੇ ਤੁਰਨ ਵਾਲੀ ਮਤਿ। ਹਉਲੀ = ਹੋਛੀ। ਬੋਲੁ = ਹੋਛਾ ਬੋਲ।
ਸਿਰਿ ਧਰਿ ਚਲੀਐ ਸਹੀਐ ਭਾਰੁ ॥
So place the Fear of God upon your head, and bear that weight;
ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ) ਸਿਰਿ = ਸਿਰ ਉਤੇ। ਧਰਿ = ਧਰ ਕੇ। ਚਲੀਐ = ਜੀਵਨ ਗੁਜ਼ਾਰੀਏ। ਭਾਰੁ = ਪ੍ਰਭੂ ਦੇ ਡਰ ਦਾ ਭਾਰ।
ਨਦਰੀ ਕਰਮੀ ਗੁਰ ਬੀਚਾਰੁ ॥੧॥
by the Grace of the Merciful Lord, contemplate the Guru. ||1||
ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ॥੧॥ ਨਦਰੀ = ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ। ਕਰਮੀ = ਪ੍ਰਭੂ ਦੀ ਬਖ਼ਸ਼ਸ਼ ਨਾਲ ॥੧॥
ਭੈ ਬਿਨੁ ਕੋਇ ਨ ਲੰਘਸਿ ਪਾਰਿ ॥
Without the Fear of God, no one crosses over the world-ocean.
(ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ। ਭੈ ਬਿਨੁ = ਪ੍ਰਭੂ ਦਾ ਡਰ (ਹਿਰਦੇ ਵਿਚ ਰੱਖਣ) ਤੋਂ ਬਿਨਾ।
ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥
This Fear of God adorns the Love of the Lord. ||1||Pause||
(ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ)-ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ॥੧॥ ਰਹਾਉ ॥ ਭੈ = ਪ੍ਰਭੂ ਦੇ ਡਰ ਵਿਚ (ਰਹਿ ਕੇ)। ਭਾਇ = ਪ੍ਰੇਮ ਨਾਲ। ਸਵਾਰਿ = ਸਵਾਰ ਕੇ, ਸਜਾ ਕੇ, ਸੋਹਣਾ ਬਣਾ ਕੇ ॥੧॥ ਰਹਾਉ ॥
ਭੈ ਤਨਿ ਅਗਨਿ ਭਖੈ ਭੈ ਨਾਲਿ ॥
The fire of fear within the body is burnt away by the Fear of God.
ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ। ਤਨਿ = ਤਨ ਵਿਚ, ਸਰੀਰ ਵਿਚ। ਅਗਨਿ = ਪ੍ਰਭੂ ਨੂੰ ਮਿਲਣ ਦੀ ਅੱਗ, ਤਾਂਘ। ਭਖੈ = ਭਖਦੀ ਹੈ, ਹੋਰ ਤੇਜ਼ ਹੁੰਦੀ ਹੈ। ਭੈ ਨਾਲਿ = ਪ੍ਰਭੂ ਦਾ ਡਰ ਰੱਖਣ ਨਾਲ, ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਉਹ ਸਾਡੇ ਅੰਦਰ ਤੇ ਸਭ ਦੇ ਅੰਦਰ ਵੱਸਦਾ ਹੈ।
ਭੈ ਭਉ ਘੜੀਐ ਸਬਦਿ ਸਵਾਰਿ ॥
Through this Fear of God, we are adorned with the Word of the Shabad.
ਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ। ਭਉ ਘੜੀਐ = ਭਉ-ਰੂਪ ਘਾੜਤ ਘੜੀ ਜਾਂਦੀ ਹੈ, ਪ੍ਰਭੂ ਦੇ ਡਰ ਵਿਚ ਰਹਿਣ ਦਾ ਸੁਭਾਉ ਬਣਦਾ ਜਾਂਦਾ ਹੈ। ਸਵਾਰਿ = ਸਵਾਰ ਕੇ।
ਭੈ ਬਿਨੁ ਘਾੜਤ ਕਚੁ ਨਿਕਚ ॥
Without the Fear of God, all that is fashioned is false.
ਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ, ਘਾੜਤ = ਜੀਵਨ ਦੀ ਘਾੜਤ। ਕਚ = ਹੋਛੀ, ਬੇ-ਰਸੀ। ਨਿਕਚ = ਬਿਲਕੁਲ ਹੋਛੀ।
ਅੰਧਾ ਸਚਾ ਅੰਧੀ ਸਟ ॥੨॥
Useless is the mold, and useless are the hammer-strokes on the mold. ||2||
(ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ ॥੨॥ ਸਚਾ = ਸਾਂਚਾ, ਕਲਬੂਤ ਜਿਸ ਵਿਚ ਕੋਈ ਨਵੀਂ ਚੀਜ਼ ਢਾਲੀ ਜਾਂਦੀ ਹੈ। ਸਟ = ਸੱਟ, ਚੋਟ, ਉੱਦਮ। ਅੰਧਾ = ਅੰਨ੍ਹਾ, ਗਿਆਨ-ਹੀਣ, ਹੋਛਾ-ਪਨ ਪੈਦਾ ਕਰਨ ਵਾਲਾ ॥੨॥
ਬੁਧੀ ਬਾਜੀ ਉਪਜੈ ਚਾਉ ॥
The desire for the worldly drama arises in the intellect,
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ। ਬਾਜੀ = ਸੰਸਾਰ-ਖੇਡ। ਚਾਉ = ਸੰਸਾਰਕ ਚਾਉ।
ਸਹਸ ਸਿਆਣਪ ਪਵੈ ਨ ਤਾਉ ॥
but even with thousands of clever mental tricks, the heat of the Fear of God does not come into play.
ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ। ਸਹਸ = ਹਜ਼ਾਰਾਂ। ਪਵੈ ਨ ਤਾਉ = ਸੇਕ ਨਹੀਂ ਪੈਂਦਾ, ਅਸਰ ਨਹੀਂ ਹੁੰਦਾ, ਮਨ ਢਲਦਾ ਨਹੀਂ।
ਨਾਨਕ ਮਨਮੁਖਿ ਬੋਲਣੁ ਵਾਉ ॥
O Nanak, the speech of the self-willed manmukh is just wind.
ਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ, ਵਾਉ = ਹਵਾ ਵਰਗਾ।
ਅੰਧਾ ਅਖਰੁ ਵਾਉ ਦੁਆਉ ॥੩॥੧॥
His words are worthless and empty, like the wind. ||3||1||
ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ ॥੩॥੧॥ ਵਾਉ ਦੁਆਉ = ਵਿਅਰਥ, ਫ਼ਜ਼ੂਲ ॥੩॥