ਬੈਰਾੜੀ ਮਹਲਾ ੪ ॥
Bairaaree, Fourth Mehl:
ਬੈਰਾੜੀ ਚੌਥੀ ਪਾਤਿਸ਼ਾਹੀ।
ਜਪਿ ਮਨ ਰਾਮ ਨਾਮੁ ਨਿਸਤਾਰਾ ॥
Chant the Name of the Lord, O mind, and you shall be emancipated.
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ। ਮਨ = ਹੇ ਮਨ! ਨਿਸਤਾਰਾ = ਪਾਰ-ਉਤਾਰਾ।
ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥
The Lord shall destroy all the sins of millions upon millions of incarnations, and carry you across the terrifying world-ocean. ||1||Pause||
(ਪਰਮਾਤਮਾ ਦਾ ਨਾਮ) ਅਨੇਕਾਂ ਜੂਨਾਂ ਦੇ (ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ, ਪਰਮਾਤਮਾ (ਸਿਮਰਨ ਕਰਨ ਵਾਲੇ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥ ਕੋਟੁ = ਕਿਲ੍ਹਾ। ਕੋਟ = ਕਿਲ੍ਹੇ। ਕੋਟਿ = ਕ੍ਰੋੜ। ਕੋਟ ਕੋਟੰਤਰ ਕੇ = ਅਨੇਕਾਂ ਕਿਲ੍ਹਿਆਂ ਦੇ, ਅਨੇਕਾਂ ਜੂਨਾਂ ਦੇ। ਸਭਿ = ਸਾਰੇ। ਖੋਵੈ = ਨਾਸ ਕਰਦਾ ਹੈ। ਭਵਜਲੁ = ਸੰਸਾਰ-ਸਮੁੰਦਰ ॥੧॥ ਰਹਾਉ ॥
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥
In the body-village, the Lord Master abides; the Lord is without fear, without vengeance, and without form.
(ਹੇ ਭਾਈ!) ਮਾਲਕ-ਪ੍ਰਭੂ (ਸਾਡੇ) ਸਰੀਰ-ਸ਼ਹਰ ਵਿਚ ਵੱਸਦਾ ਹੈ, (ਫਿਰ ਭੀ) ਉਸ ਨੂੰ ਕੋਈ ਡਰ ਨਹੀਂ ਪੋਂਹਦਾ, ਉਸ ਨੂੰ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਖ਼ਾਸ ਆਕਾਰ ਨਹੀਂ। ਕਾਇਆ = ਸਰੀਰ। ਨਗਰਿ = ਨਗਰ ਵਿਚ। ਨਿਰੰਕਾਰਾ = ਆਕਾਰ-ਰਹਿਤ।
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥
The Lord is dwelling near at hand, but He cannot be seen. By the Guru's Teachings, the Lord is obtained. ||1||
ਪਰਮਾਤਮਾ (ਸਦਾ ਸਾਡੇ) ਨੇੜੇ ਵੱਸਦਾ ਹੈ, (ਪਰ ਸਾਨੂੰ) ਦਿੱਸਦਾ ਨਹੀਂ (ਹਾਂ,) ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ ॥੧॥ ਨਿਕਟਿ = ਨੇੜੇ। ਗੁਰ ਵੀਚਾਰਾ = ਗੁਰੂ ਦੀ ਦਿੱਤੀ ਸੂਝ ਨਾਲ ॥੧॥
ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥
The Lord Himself is the banker, the jeweller, the jewel, the gem; the Lord Himself created the entire expanse of the creation.
(ਗੁਰੂ ਦੀ ਬਖ਼ਸ਼ੀ ਮਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ। ਆਪੇ = ਆਪ ਹੀ। ਪਾਸਾਰਾ = ਖਿਲਾਰਾ।
ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥
O Nanak, one who is blessed by the Lord's Kind Mercy, trades in the Lord's Name; He alone is the true banker, the true trader. ||2||4||
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ ॥੨॥੪॥ ਵਿਹਾਝੇ = ਖ਼ਰੀਦਦਾ ਹੈ। ਸਚਾ = ਸਦਾ-ਥਿਰ ॥੨॥੪॥