ਬਿਲਾਵਲੁ ਮਹਲਾ

Bilaaval, Fourth Mehl:

ਬਿਲਾਵਲ ਚੌਥੀ ਪਾਤਿਸ਼ਾਹੀ।

ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ

Come, O Saints, and join together, O my Siblings of Destiny; let us tell the Stories of the Lord, Har, Har.

ਹੇ ਸੰਤ ਜਨੋ! ਹੇ ਭਰਾਵੋ! (ਸਾਧ-ਸੰਗਤਿ ਵਿਚ) ਇਕੱਠੇ ਰਲ ਬੈਠੋ, ਅਤੇ ਮਿਲ ਕੇ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ। ਸੰਤ = ਹੇ ਸੰਤ ਜਨੋ! ਭਾਈ = ਹੇ ਭਰਾਵੋ! ਮਿਲਿ = ਮਿਲ ਕੇ, ਰਲ ਕੇ। ਕਥਾ = ਸਿਫ਼ਤਿ-ਸਾਲਾਹ ਦੀਆਂ ਗੱਲਾਂ।

ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥੧॥

The Naam, the Name of the Lord, is the boat in this Dark Age of Kali Yuga; the Word of the Guru's Shabad is the boatman to ferry us across. ||1||

ਇਸ ਕਲਹ-ਭਰੇ ਸੰਸਾਰ ਵਿਚ ਪਰਮਾਤਮਾ ਦਾ ਨਾਮ (ਮਾਨੋ) ਜਹਾਜ਼ ਹੈ, (ਗੁਰੂ ਇਸ ਜਹਾਜ਼ ਦਾ) ਮਲਾਹ (ਹੈ, ਤੁਸੀ) ਗੁਰੂ ਦੇ ਸ਼ਬਦ ਵਿਚ ਜੁੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘੋ ॥੧॥ ਬੋਹਿਥੁ = ਜਹਾਜ਼। ਕਲਜੁਗਿ = ਕਲਜੁਗ ਵਿਚ, ਕਲਹ-ਭਰੇ ਸੰਸਾਰ ਵਿਚ {ਨੋਟ: ਇਥੇ ਜੁਗਾਂ ਦੀ ਵੰਡ ਦਾ ਜ਼ਿਕਰ ਨਹੀਂ। ਕਲਜੁਗ ਦੇ ਜ਼ਮਾਨੇ ਵਿਚ ਆ ਕੇ ਸਾਧਾਰਨ ਤੌਰ ਤੇ ਆਪਣੇ ਸਮੇ ਦਾ ਜ਼ਿਕਰ ਕਰ ਰਹੇ ਹਨ। ਗੁਰੂ-ਆਸ਼ੇ ਅਨੁਸਾਰ ਕੋਈ ਇਕ ਜੁਗ ਕਿਸੇ ਦੂਸਰੇ ਜੁਗ ਨਾਲੋਂ ਵਧੀਆ ਜਾਂ ਘਟੀਆ ਨਹੀਂ ਹੈ}। ਖੇਵਟੁ = ਮਲਾਹ। ਸਬਦਿ = ਸ਼ਬਦ ਦੀ ਰਾਹੀਂ ॥੧॥

ਮੇਰੇ ਮਨ ਹਰਿ ਗੁਣ ਹਰਿ ਉਚਰਹੁ

O my mind, chant the Glorious Praises of the Lord.

ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਗੁਣ ਯਾਦ ਕਰਦਾ ਰਹੁ। ਉਚਰਹੁ = ਉਚਾਰਨ ਕਰੋ।

ਮਸਤਕਿ ਲਿਖਤ ਲਿਖੇ ਗੁਨ ਗਾਏ ਮਿਲਿ ਸੰਗਤਿ ਪਾਰਿ ਪਰਹੁ ॥੧॥ ਰਹਾਉ

According to the pre-ordained destiny inscribed upon your forehead, sing the Praises of the Lord; join the Holy Congregation, and cross over the world-ocean. ||1||Pause||

ਜਿਸ ਮਨੁੱਖ ਦੇ ਮੱਥੇ ਉੱਤੇ ਲਿਖੇ ਚੰਗੇ ਭਾਗ ਜਾਗਦੇ ਹਨ ਉਹ ਪ੍ਰਭੂ ਦੇ ਗੁਣ ਗਾਂਦਾ ਹੈ। (ਹੇ ਮਨ! ਤੂੰ ਭੀ) ਸਾਧ ਸੰਗਤਿ ਵਿਚ ਮਿਲ ਕੇ (ਗੁਣ ਗਾ ਅਤੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥ ਮਸਤਕਿ = ਮੱਥੇ ਉੱਤੇ। ਪਾਰਿ ਪਰਹੁ = ਪਾਰ ਲੰਘੋ ॥੧॥ ਰਹਾਉ ॥

ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ

Within the body-village is the Lord's supreme, sublime essence. How can I obtain it? Teach me, O humble Saints.

(ਸ਼ਹਿਰਾਂ ਵਿਚ ਖਾਣ ਪੀਣ ਲਈ ਕਈ ਕਿਸਮਾਂ ਦੇ ਸੁਆਦਲੇ ਪਦਾਰਥ ਮਿਲਦੇ ਹਨ। ਮਨੁੱਖਾ) ਸਰੀਰ (ਭੀ, ਮਾਨੋ, ਇਕ ਸ਼ਹਿਰ ਹੈ, ਇਸ) ਸ਼ਹਿਰ ਵਿਚ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਨਾਲੋਂ) ਵਧੀਆ ਸੁਆਦਲਾ ਪਦਾਰਥ ਹੈ। (ਪਰ) ਹੇ ਸੰਤ ਜਨੋ! (ਮੈਨੂੰ) ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ। ਕਾਇਆ = ਸਰੀਰ। ਊਤਮੁ = ਸ੍ਰੇਸ਼ਟ, ਸਭ ਤੋਂ ਵਧੀਆ। ਜਨ = ਹੇ ਸੰਤ ਜਨੋ!

ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥

Serving the True Guru, you shall obtain the Fruitful Vision of the Lord's Darshan; meeting Him, drink in the ambrosial essence of the Lord's Nectar. ||2||

(ਸੰਤ ਜਨ ਇਹੀ ਦੱਸਦੇ ਹਨ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ (ਆਤਮਕ ਜੀਵਨ-) ਫਲ ਦੇਣ ਵਾਲਾ ਦਰਸਨ ਕਰੋ, ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ ॥੨॥ ਸੇਵਿ = ਸੇਵਾ ਕਰ ਕੇ, ਸਰਨ ਪੈ ਕੇ। ਸਫਲ = ਫਲ ਦੇਣ ਵਾਲਾ, ਆਤਮਕ ਜੀਵਨ-ਰੂਪ ਫਲ ਦੇਣ ਵਾਲਾ। ਮਿਲਿ = (ਗੁਰੂ ਨੂੰ) ਮਿਲ ਕੇ ॥੨॥

ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ

The Ambrosial Name of the Lord, Har, Har, is so sweet; O Saints of the Lord, taste it, and see.

ਹੇ ਸੰਤ ਜਨੋ! ਬੇ-ਸ਼ੱਕ ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਚਾਖਿ = ਚੱਖ ਕੇ। ਦਿਖਹੁ = ਦੇਖ ਲਵੋ।

ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥

Under Guru's Instruction, the Lord's essence seems so sweet; through it, all corrupt sensual pleasures are forgotten. ||3||

ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ ॥੩॥ ਤਿਨ੍ਹ੍ਹ = ਉਹਨਾਂ ਨੂੰ। ਸਭਿ ਬਿਖ ਰਸਹੁ = ਸਾਰੇ ਜ਼ਹਿਰ-ਰਸ, ਸਾਰੇ ਉਹ ਰਸ ਜੋ ਆਤਮਕ ਜੀਵਨ ਲਈ ਜ਼ਹਿਰ ਹਨ ॥੩॥

ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ

The Name of the Lord is the medicine to cure all diseases; so serve the Lord, O humble Saints.

ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ)। ਰਸਾਇਣੁ = {ਰਸ-ਅਯਨ} ਰਸਾਂ ਦਾ ਘਰ, ਸ੍ਰੇਸ਼ਟ ਰਸ।

ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥

The four great blessings are obtained, O Nanak, by vibrating upon the Lord, under Guru's Instruction. ||4||4||

ਹੇ ਨਾਨਕ! (ਜਗਤ ਵਿਚ ਕੁੱਲ) ਚਾਰ ਪਦਾਰਥ (ਗਿਣੇ ਗਏ ਹਨ, ਨਾਮ-ਰਸੈਣ ਦੀ ਬਰਕਤਿ ਨਾਲ ਇਹ) ਚਾਰੇ ਹੀ ਮਿਲ ਜਾਂਦੇ ਹਨ। (ਇਸ ਵਾਸਤੇ) ਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰਦੇ ਰਹੋ ॥੪॥੪॥ ਚਾਰੇ = ਚਾਰ ਹੀ। ਚਾਰਿ ਪਦਾਰਥ = (ਧਰਮ, ਅਰਥ, ਕਾਮ, ਮੋਖ) ॥੪॥੪॥