ਧਨਾਸਰੀ ਮਹਲਾ ੫ ॥
Dhanaasaree, Fifth Mehl:
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਮਾਂਗਉ ਰਾਮ ਤੇ ਸਭਿ ਥੋਕ ॥
I beg only from the Lord for all things.
ਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ। ਮਾਂਗਉ = ਮਾਂਗਉਂ, ਮੈਂ ਮੰਗਦਾ ਹਾਂ। ਤੇ = ਤੋਂ। ਸਭਿ = ਸਾਰੇ। ਥੋਕ = ਪਦਾਰਥ।
ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ ॥
I would hesitate to beg from other people. Remembering God in meditation, liberation is obtained. ||1||Pause||
ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ ॥ ਕਉ = ਨੂੰ। ਜਾਚਤ = ਮੰਗਦਿਆਂ। ਸ੍ਰਮੁ = ਥਕਾਵਟ, ਖੇਚਲ। ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਮੋਖ = (ਮਾਇਆ ਦੇ ਮੋਹ ਤੋਂ) ਖ਼ਲਾਸੀ ॥੧॥ ਰਹਾਉ ॥
ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥
I have studied with the silent sages, and carefully read the Simritees, the Puraanas and the Vedas; they all proclaim that,
ਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ, ਘੋਖੇ = ਗਹੁ ਨਾਲ ਵਿਚਾਰੇ। ਮੁਨਿ ਜਨ = ਰਿਸ਼ੀ ਮੁਨੀ। ਪੁਕਾਰਹਿ = ਉੱਚੀ ਉੱਚੀ ਪੜ੍ਹਦੇ ਹਨ। ਘੋਖ = ਘੋਖਿ, ਗਹੁ ਨਾਲ ਵਿਚਾਰ ਕੇ।
ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥੧॥
by serving the Lord, the ocean of mercy, Truth is obtained, and both this world and the next are embellished. ||1||
(ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ ॥੧॥ ਸਿੰਧੁ = ਸਮੁੰਦਰ। ਸੇਵਿ = ਸੇਵ ਕੇ, ਸਰਨ ਪੈ ਕੇ। ਸਚੁ = ਸਦਾ-ਥਿਰ ਹਰਿ-ਨਾਮ। ਸੁਹੇਲੇ = ਸੌਖੇ ॥੧॥
ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥
All other rituals and customs are useless, without remembering the Lord in meditation.
ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ। ਆਨ = {अन्य} ਹੋਰ। ਅਚਾਰ = ਧਾਰਮਿਕ ਰਸਮਾਂ। ਬਿਉਹਾਰ = ਵਿਹਾਰ। ਜੇਤੇ = ਜਿਤਨੇ ਭੀ। ਫੋਕ = ਫੋਕੇ, ਵਿਅਰਥ।
ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥੨॥੧੯॥੫੦॥
O Nanak, the fear of birth and death has been removed; meeting the Holy Saint, sorrow is dispelled. ||2||19||50||
ਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥ ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਮਿਲਿ = ਮਿਲ ਕੇ। ਸਾਧੂ = ਗੁਰੂ। ਸੋਕ = ਚਿੰਤਾ, ਗ਼ਮ ॥੨॥੧੯॥੫੦॥