ਸਿਰੀਰਾਗੁ ਮਹਲਾ ੪ ॥
Siree Raag, Fourth Mehl:
ਸਿਰੀ ਰਾਗ, ਚਉਥੀ ਪਾਤਸ਼ਾਹੀ।
ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥
The day dawns, and then it ends, and the night passes away.
ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ। ਆਥਵੈ = ਡੁੱਬ ਜਾਂਦਾ ਹੈ। ਰੈਣਿ = ਰਾਤ। ਸਬਾਈ = ਸਾਰੀ।
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥
Man's life is diminishing, but he does not understand. Each day, the mouse of death is gnawing away at the rope of life.
(ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ। ਆਵ = ਉਮਰ। ਨਰੁ = ਮਨੁੱਖ। ਨਿਤਿ = ਸਦਾ। ਮੂਸਾ = ਚੂਹਾ। ਲਾਜੁ = {लज्जु} ਰੱਸੀ।
ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥
Maya spreads out like sweet molasses; the self-willed manmukh is stuck like a fly, rotting away. ||1||
(ਜਿਵੇਂ) ਗੁੜ (ਜੀਵਾਂ ਨੂੰ) ਮਿੱਠਾ (ਲੱਗਦਾ ਹੈ, ਤਿਵੇਂ) ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿਚ ਫਸ ਕੇ ਖ਼ੁਆਰ ਹੁੰਦਾ ਹੈ ਜਿਵੇਂ ਮੱਖੀ ਗੁੜ ਉਤੇ ਚੰਬੜ ਕੇ ਮਰ ਜਾਂਦੀ ਹੈ ॥੧॥ ਪਸਰਿਆ = ਖਿਲਰਿਆ ਹੋਇਆ ਹੈ, ਪ੍ਰਭਾਵ ਪਾ ਰਿਹਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਪਚੈ ਪਚਾਇ = ਖ਼ੁਆਰ ਹੁੰਦਾ ਹੈ॥੧॥
ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ ॥
O Siblings of Destiny, God is my Friend and Companion.
ਹੇ ਭਾਈ! ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ, ਸਾਥੀ ਹੈ। ਮੈ = ਮੇਰੇ ਵਾਸਤੇ, ਮੇਰਾ। ਸਖਾ = ਸਾਥੀ, ਮਿੱਤਰ।
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥੧॥ ਰਹਾਉ ॥
Emotional attachment to children and spouse is poison; in the end, no one will go along with you as your helper. ||1||Pause||
ਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ ॥੧॥ ਰਹਾਉ ॥ ਕਲਤੁ = {कलत्र} ਇਸਤ੍ਰੀ, ਵਹੁਟੀ। ਬਿਖੁ = ਜ਼ਹਰ॥੧॥ਰਹਾਉ॥
ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥
Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.
(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ। ਉਬਰੇ = ਬਚ ਜਾਂਦੇ ਹਨ। ਅਲਿਪਤੁ = ਨਿਰਲੇਪ।
ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥
They keep death constantly before their eyes; they gather the Provisions of the Lord's Name, and receive honor.
ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ। ਓਨੀ = ਉਹਨਾਂ ਨੇ। ਨਿਹਾਲਿਆ = ਵੇਖ ਲਿਆ ਹੈ। ਪਤਿ = ਇੱਜ਼ਤ। ਮੰਨੀਅਹਿ = ਮੰਨੇ ਜਾਂਦੇ ਹਨ।
ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥
The Gurmukhs are honored in the Court of the Lord. The Lord Himself takes them in His Loving Embrace. ||2||
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ ॥੨॥ ਗਲਿ = ਗਲ ਨਾਲ॥੨॥
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥
For the Gurmukhs, the Way is obvious. At the Lord's Door, they face no obstructions.
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ। ਪੰਥੁ = ਰਸਤਾ। ਪਰਗਟਾ = ਸਾਫ਼। ਦਰਿ = ਦਰ ਤੇ। ਠਾਕ = ਰੁਕਾਵਟ। ਸਲਾਹਨਿ = ਸਲਾਹੁੰਦੇ ਹਨ।
ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ ॥
They praise the Lord's Name, they keep the Naam in their minds, and they remain attached to the Love of the Naam.
ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ। ਮਨਿ = ਮਨ ਵਿਚ। ਨਾਮਿ = ਨਾਮ ਵਿਚ।
ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥
The Unstruck Celestial Music vibrates for them at the Lord's Door, and they are honored at the True Door. ||3||
ਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤਿ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ॥੩॥ ਅਨਹਦ ਧੁਨੀ = ਇਕ-ਰਸ ਸੁਰ ਨਾਲ ਵੱਜਣ ਵਾਲੇ। ਅਨਹਦ = {अनाहत} ਬਿਨਾ ਵਜਾਏ ਵੱਜਣ ਵਾਲੇ। ਦਰਿ = (ਉਹਨਾਂ ਦੇ) ਦਰ ਤੇ, ਉਹਨਾਂ ਦੇ ਹਿਰਦੇ ਵਿਚ॥੩॥
ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥
Those Gurmukhs who praise the Naam are applauded by everyone.
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ। ਕਹੈ ਸਾਬਾਸਿ = ਸ਼ਾਬਾਸ਼ੇ ਆਖਦਾ ਹੈ, ਵਡਿਆਉਂਦਾ ਹੈ, ਆਦਰ ਦੇਂਦਾ ਹੈ।
ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥
Grant me their company, God-I am a beggar; this is my prayer.
ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤਿ ਬਖ਼ਸ਼। ਪ੍ਰਭ = ਹੇ ਪ੍ਰ੍ਰਭੂ! ਜਾਚਕਿ = ਮੰਗਤਾ।
ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥
O Nanak, great is the good fortune of those Gurmukhs, who are filled with the Light of the Naam within. ||4||33||31||6||70||
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ ॥੪॥੩੩॥੩੧॥੬॥੭੦॥{41-42} ਪਰਗਾਸਿ = ਪਰਗਾਸੇ, ਚਾਨਣ ਕਰਦਾ ਹੈ॥੪॥