ਸੋਰਠਿ ਮਹਲਾ

Sorat'h, Fifth Mehl:

ਸੋਰਠਿ ਪੰਜਵੀਂ ਪਾਤਿਸ਼ਾਹੀ।

ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ

To the happy person, everyone seems happy; to the sick person, everyone seems sick.

ਹੇ ਭਾਈ! ਆਤਮਕ ਸੁਖ ਮਾਣਨ ਵਾਲੇ ਨੂੰ ਹਰੇਕ ਮਨੁੱਖ ਆਤਮਕ ਸੁਖ ਮਾਣਦਾ ਦਿਸਦਾ ਹੈ, (ਵਿਕਾਰਾਂ ਦੇ) ਰੋਗ ਵਿਚ ਫਸੇ ਹੋਏ ਦੇ ਖ਼ਿਆਲ ਵਿਚ ਸਾਰੀ ਲੁਕਾਈ ਹੀ ਵਿਕਾਰੀ ਹੈ। ਸੁਖੀਆ = (ਆਤਮਕ) ਸੁਖ ਮਾਣਨ ਵਾਲਾ। ਕਉ = ਨੂੰ। ਪੇਖੈ = ਦਿੱਸਦਾ ਹੈ। ਕੈ ਭਾਣੈ = ਦੇ ਖ਼ਿਆਲ ਵਿਚ। ਰੋਗੀ = (ਵਿਕਾਰਾਂ ਦੇ) ਰੋਗ ਵਿਚ ਫਸਿਆ ਹੋਇਆ।

ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥੧॥

The Lord and Master acts, and causes us to act; union is in His Hands. ||1||

(ਆਪਣੇ ਅੰਦਰੋਂ ਮੇਰ-ਤੇਰ ਗਵਾ ਚੁਕੇ ਮਨੁੱਖ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਮਾਲਕ-ਪ੍ਰਭੂ ਹੀ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਜੀਵਾਂ ਪਾਸੋਂ ਕਰਾਣ ਦੀ ਤਾਕਤ ਵਾਲਾ ਹੈ, (ਜੀਵਾਂ ਲਈ ਆਤਮਕ ਸੁਖ ਤੇ ਆਤਮਕ ਦੁੱਖ ਦਾ) ਮੇਲ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ ॥੧॥ ਕਰਾਵਨਹਾਰ = (ਜੀਵਾਂ ਪਾਸੋਂ) ਕਰਾਣ ਦੀ ਸਮਰਥਾ ਰੱਖਣ ਵਾਲਾ। ਹਾਥਿ = ਹੱਥ ਵਿਚ। ਸੰਜੋਗੀ = (ਆਤਮਕ ਸੁਖ ਤੇ ਆਤਮਕ ਰੋਗ ਦਾ) ਮੇਲ ॥੧॥

ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ

O my mind, no one appears to be mistaken, to one who has dispelled his own doubts;

ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਅੰਦਰੋਂ ਮੇਰ-ਤੇਰ ਗਵਾ ਲਈ, ਜਿਨਿ = ਜਿਸ (ਮਨੁੱਖ) ਨੇ। ਭਰਮੁ = ਭਟਕਣਾ।

ਤਿਸ ਕੈ ਭਾਣੈ ਕੋਇ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ਰਹਾਉ

He realizes that everyone is God. ||Pause||

ਜਿਸ ਨੇ ਸਭ ਜੀਵਾਂ ਵਿਚ ਪਰਮਾਤਮਾ ਵੱਸਦਾ ਪਛਾਣ ਲਿਆ, ਉਸ ਦੇ ਖ਼ਿਆਲ ਵਿਚ ਕੋਈ ਜੀਵ ਕੁਰਾਹੇ ਨਹੀਂ ਜਾ ਰਿਹਾ ਰਹਾਉ॥ ਤਿਸ ਕੈ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੈ' ਦੇ ਕਾਰਨ ਉਡ ਗਿਆ ਹੈ}। ਸਗਲੋ = ਸਭ ਵਿਚ ॥ਰਹਾਉ॥

ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ

One whose mind is comforted in the Society of the Saints, believes that all are joyful.

ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ (ਵਿਕਾਰਾਂ ਵਲੋਂ) ਸ਼ਾਂਤ ਹੋ ਜਾਂਦਾ ਹੈ, ਉਹ ਸਾਰੀ ਲੁਕਾਈ ਨੂੰ ਹੀ ਸ਼ਾਂਤ-ਚਿੱਤ ਸਮਝਦਾ ਹੈ। ਸੰਗਿ = ਸੰਗਤਿ ਵਿਚ। ਸੀਤਲੁ = ਸ਼ਾਂਤ, ਠੰਡਾ। ਸਗਲੀ = ਸਾਰੀ ਲੁਕਾਈ।

ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥੨॥

One whose mind is afflicted by the disease of egotism, cries out in birth and death. ||2||

ਪਰ ਜਿਸ ਮਨੁੱਖ ਦਾ ਮਨ ਹਉਮੈ-ਰੋਗ ਵਿਚ ਫਸਿਆ ਰਹਿੰਦਾ ਹੈ, ਉਹ ਸਦਾ ਦੁੱਖੀ ਰਹਿੰਦਾ ਹੈ, ਉਹ (ਹਉਮੈ ਵਿਚ) ਜਨਮ ਲੈ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ॥੨॥ ਰੋਗਿ = ਰੋਗ ਵਿਚ। ਬਿਆਪਿਤ = ਫਸਿਆ ਹੋਇਆ। ਜਨਮਿ ਮਰੈ = ਜੰਮਦਾ ਮਰਦਾ ਰਹਿੰਦਾ ਹੈ। ਬਿਲਲਾਤੀ = ਵਿਲਕਦਾ, ਦੁੱਖੀ ਹੁੰਦਾ ॥੨॥

ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ

Everything is clear to one whose eyes are blessed with the ointment of spiritual wisdom.

ਹੇ ਭਾਈ! ਆਤਮਕ ਜੀਵਨ ਦੀ ਸੂਝ ਦਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਆਤਮਕ ਜੀਵਨ ਦੀ ਸਾਰੀ ਸਮਝ ਪੈ ਜਾਂਦੀ ਹੈ। ਗਿਆਨ ਅੰਜਨੁ = ਆਤਮਕ ਜੀਵਨ ਦੀ ਸੂਝ ਦਾ ਸੁਰਮਾ। ਨੇਤ੍ਰੀ = ਅੱਖਾਂ ਵਿਚ। ਪ੍ਰਗਾਸਾ = ਚਾਨਣ।

ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥੩॥

In the darkness of spiritual ignorance, he sees nothing at all; he wanders around in reincarnation, over and over again. ||3||

ਪਰ ਗਿਆਨ-ਹੀਨ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿਚ (ਸਹੀ ਜੀਵਨ ਬਾਰੇ) ਕੁਝ ਨਹੀਂ ਸੁੱਝਦਾ, ਉਹ ਮੁੜ ਮੁੜ ਭਟਕਦਾ ਰਹਿੰਦਾ ਹੈ ॥੩॥ ਅਗਿਆਨਿ = ਗਿਆਨ-ਹੀਣ ਮਨੁੱਖ ਨੂੰ। ਅੰਧੇਰੈ = ਹਨੇਰੇ ਵਿਚ। ਬਹੁੜਿ ਬਹੁੜਿ = ਮੁੜ ਮੁੜ ॥੩॥

ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ

Hear my prayer, O Lord and Master; Nanak begs for this happiness:

ਹੇ ਮੇਰੇ ਮਾਲਕ! (ਮੇਰੀ) ਬੇਨਤੀ ਸੁਣ (ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਇਹ ਸੁਖ ਮੰਗਦਾ ਹੈ, ਸੁਆਮੀ ਅਪੁਨੇ = ਹੇ ਮੇਰੇ ਸੁਆਮੀ! ਨਾਨਕੁ ਮਾਗੈ = ਨਾਨਕ ਮੰਗਦਾ ਹੈ।

ਜਹ ਕੀਰਤਨੁ ਤੇਰਾ ਸਾਧੂ ਗਾਵਹਿ ਤਹ ਮੇਰਾ ਮਨੁ ਲਾਗੈ ॥੪॥੬॥

whereever Your Holy Saints sing the Kirtan of Your Praises, let my mind be attached to that place. ||4||6||

(ਕਿ) ਜਿੱਥੇ ਸੰਤ ਜਨ ਤੇਰੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਹੋਣ, ਉੱਥੇ ਮੇਰਾ ਮਨ ਪਰਚਿਆ ਰਹੇ ॥੪॥੬॥ ਜਹ = ਜਿੱਥੇ। ਗਾਵਹਿ = ਗਾਉਂਦੇ ਹਨ। ਲਾਗੈ = ਪਰਚਿਆ ਰਹੇ ॥੪॥੬॥