ਵਡਹੰਸੁ ਮਹਲਾ ੩ ॥
Wadahans, Third Mehl:
ਵਡਹੰਸ ਤੀਜੀ ਪਾਤਸ਼ਾਹੀ।
ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥
All dealings of the Gurmukh are good, if they are accomplished with poise and grace.
ਜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ (ਹਰਿ-ਨਾਮ ਦਾ) ਵਪਾਰ ਕੀਤਾ ਜਾਏ, ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਾਪਾਰੁ = ਨਾਮ ਦਾ ਵਣਜ। ਸਹਜੇ = ਆਤਮਕ ਅਡੋਲਤਾ ਵਿਚ।
ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥
Night and day, he repeats the Naam, the Name of the Lord, and he earns his profits, drinking in the subtle essence of the Lord.
ਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ, ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ, ਇਹੀ ਹੈ ਮਨੁੱਖਾ ਜਨਮ ਦੀ ਖੱਟੀ। ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀਐ = ਉਚਾਰਨਾ ਚਾਹੀਦਾ ਹੈ। ਪੀਜੈ = ਪੀਣਾ ਚਾਹੀਦਾ ਹੈ।
ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥
He earns the profit of the subtle essence of the Lord, meditating on the Lord, and repeating the Naam, night and day.
ਹਰਿ-ਨਾਮ ਦਾ ਸੁਆਦ ਲੈਣਾ ਚਾਹੀਦਾ ਹੈ, ਹਰਿ-ਨਾਮ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਇਹੀ ਮਨੁੱਖਾ ਜਨਮ ਦਾ ਲਾਭ ਹੈ। ਲਾਹਾ = ਲਾਭ। ਰਾਵੀਜੈ = ਹਿਰਦੇ ਵਿਚ ਵਸਾਣਾ ਚਾਹੀਦਾ ਹੈ। ਵਖਾਣੈ = ਉਚਾਰਦਾ ਹੈ।
ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥
He gathers in merits, and eliminates demerits, and realizes his own self.
ਉਹ (ਆਤਮਕ) ਗੁਣ ਇਕੱਠੇ ਕਰ ਕੇ, ਔਗੁਣ ਦੂਰ ਕਰ ਕੇ ਆਪਣੇ ਆਤਮਕ ਜੀਵਨ ਨੂੰ ਪਰਖਦਾ ਹੈ। ਸੰਗ੍ਰਹਿ = ਇਕੱਠੇ ਕਰ ਕੇ। ਵਿਕਣਹਿ = ਵਿਕ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਆਪੈ ਆਪੁ = ਆਪਣੇ ਆਪ ਨੂੰ।
ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥
Under Guru's Instruction, he is blessed with glorious greatness; he drinks in the essence of the True Word of the Shabad.
ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ, ਉਸ ਨੇ ਬੜੀ ਇੱਜ਼ਤ ਪਾਈ ਤੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਹਰਿ-ਨਾਮ-ਰਸ ਪੀਣਾ ਚਾਹੀਦਾ ਹੈ।
ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥
O Nanak, devotional worship of the Lord is wonderful, but only a few Gurmukhs perform it. ||1||
ਹੇ ਨਾਨਕ! ਪਰਮਾਤਮਾ ਦੀ ਭਗਤੀ ਇਕ ਅਸਚਰਜ ਦਾਤ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਭਗਤੀ ਕੀਤੀ ਹੈ ॥੧॥ ਨਿਰਾਲੀ = ਅਨੋਖੀ ॥੧॥
ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥
As Gurmukh, plant the crop of the Lord within the field of your body, and let it grow.
ਗੁਰੂ ਦੇ ਸਨਮੁਖ ਰਹਿ ਕੇ ਹਰਿ-ਨਾਮ ਦੀ ਖੇਤੀ ਆਪਣੇ ਮਨ ਵਿਚ ਬੀਜਣੀ ਚਾਹੀਦੀ ਹੈ ਤੇ ਇੰਜ ਹਰਿ-ਨਾਮ ਬੀਜ ਆਪਣੇ ਹਿਰਦੇ ਵਿਚ ਉਗਾਣਾ ਚਾਹੀਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਅੰਤਰਿ = (ਮਨ ਦੇ) ਅੰਦਰ। ਸਰੀਰਿ = ਸਰੀਰ ਵਿਚ, ਹਿਰਦੇ ਵਿਚ। ਲੀਜੈ ਜਮਾਏ = ਜਮਾਇ ਲੀਜੈ, ਉਗਾ ਲੈਣੀ ਚਾਹੀਦੀ ਹੈ।
ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥
Within the home of your own being, enjoy the Lord's subtle essence, and earn profits in the world hereafter.
ਤੂੰ ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਚੱਖਿਆ ਕਰ, ਤੇ ਇਸ ਤਰ੍ਹਾਂ ਪਰਲੋਕ ਦਾ ਲਾਭ ਖੱਟ। ਘਰ = ਹਿਰਦਾ। ਭੁੰਚੁ = ਖਾਹ। ਲਾਹਾ = ਲਾਭ। ਪਰਥਾਏ = ਪਰਲੋਕ ਦਾ।
ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥
This profit is earned by enshrining the Lord within your mind; blessed is this farming and trade.
ਉਹ ਮਨੁੱਖ ਪਰਲੋਕ ਦਾ ਲਾਭ ਖੱਟ ਲੈਂਦਾ ਹੈ ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ਤੇ ਉਸ ਦੀ ਨਾਮ-ਖੇਤੀ ਦਾ ਵਪਾਰ ਸਲਾਹੁਣ-ਜੋਗ ਹੈ। ਮੰਨਿ = ਮਨਿ, ਮਨ ਵਿਚ। ਧਨੁ = ਧੰਨੁ, ਸਲਾਹੁਣ-ਯੋਗ।
ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥
Meditating on the Lord's Name, and enshrining Him within your mind, you shall come to understand the Guru's Teachings.
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਆਪਣੇ ਮਨ ਵਿਚ ਵਸਾਂਦਾ ਹੈ ਉਹ ਗੁਰ-ਸ਼ਬਦ ਦੀ ਵਿਚਾਰ ਸਮਝ ਲੈਂਦਾ ਹੈ। ਬੂਝੈ = (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ।
ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥
The self-willed manmukhs have grown weary of this farming and trade; their hunger and thirst will not go away.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰਕ ਖੇਤੀ ਤੇ ਸੰਸਾਰਕ ਵਣਜ ਕਰ ਕੇ ਥੱਕ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਤ੍ਰੇਹ ਨਹੀਂ ਮਿਟਦੀ, ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਨ ਜਾਏ = ਦੂਰ ਨਹੀਂ ਹੁੰਦੀ।
ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥
O Nanak, plant the seed of the Name within your mind, and adorn yourself with the True Word of the Shabad. ||2||
ਹੇ ਨਾਨਕ! ਤੂੰ ਪ੍ਰੇਮ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ-ਬੀਜ ਬੀਜਿਆ ਕਰ ॥੨॥ ਸਬਦਿ = ਸ਼ਬਦ ਵਿਚ (ਜੁੜ ਕੇ)। ਸੁਭਾਏ = ਸੁਭਾਇ, ਪ੍ਰੇਮ ਨਾਲ ॥੨॥
ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥
Those humble beings engage in the Lord's Trade, who have the jewel of such pre-ordained destiny upon their foreheads.
ਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤ ਦੀ ਮਣੀ ਚਮਕ ਪੈਂਦੀ ਹੈ। ਵਾਪਾਰਿ = ਵਪਾਰ ਵਿਚ। ਮਸਤਕਿ = ਮੱਥੇ ਉੱਤੇ।
ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥
Under Guru's Instruction, the soul dwells in the home of the self; through the True Word of the Shabad, she becomes unattached.
ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ। ਨਿਜ ਘਰਿ = ਪ੍ਰਭੂ ਦੀ ਹਜ਼ੂਰੀ ਵਿਚ। ਬੈਰਾਗੋ = ਲਗਨ।
ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥
By the destiny written upon their foreheads, they become truly unattached, and by reflective meditation, they are imbued with Truth.
ਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ। ਸਚਿ = ਸਦਾ-ਥਿਰ ਪ੍ਰਭੂ ਵਿਚ। ਵੀਚਾਰੀ = ਵਿਚਾਰਵਾਨ।
ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥
Without the Naam, the Name of the Lord, the whole world is insane; through the Shabad, the ego is conquered.
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਹਉਮੈ ਵਿਚ) ਝੱਲਾ ਹੋਇਆ ਫਿਰਦਾ ਹੈ (ਇਹ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਦੂਰ ਕੀਤੀ ਜਾ ਸਕਦੀ ਹੈ। ਬਉਰਾਨਾ = ਝੱਲਾ, ਕਮਲਾ। ਸਬਦੇ = ਸਬਦ ਦੀ ਰਾਹੀਂ ਹੀ।
ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥
Attached to the True Word of the Shabad, wisdom comes forth. The Gurmukh obtains the Naam, the Name of the Husband Lord.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ (ਮਨੁੱਖ ਦੇ ਅੰਦਰ ਉੱਚੀ) ਮੱਤ ਪੈਦਾ ਹੁੰਦੀ ਹੈ, ਗੁਰੂ ਦੀ ਸਰਨ ਪਿਆਂ ਹਰਿ-ਨਾਮ-ਸੁਹਾਗ ਮਿਲ ਜਾਂਦਾ ਹੈ।
ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥
O Nanak, through the Shabad, one meets the Lord, the Destroyer of fear, and by the destiny written on her forehead, she enjoys Him. ||3||
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਸ ਨੂੰ ਗੁਰ-ਸ਼ਬਦ ਦੀ ਰਾਹੀਂ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਹਰਿ-ਨਾਮ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ ॥੩॥ ਭੰਜਨੁ = ਡਰ ਨਾਸ ਕਰਨ ਵਾਲਾ ॥੩॥
ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥
All farming and trading is by Hukam of His Will; surrendering to the Lord's Will, glorious greatness is obtained.
ਵਾਹੀ-ਖੇਤੀ ਤੇ ਵਪਾਰ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੁੰਦੀ ਹੈ, ਰਜ਼ਾ ਨੂੰ ਮੰਨਣ ਨਾਲ ਵਡਿਆਈ ਮਿਲਦੀ ਹੈ। ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ (ਰਹਿ ਕੇ)। ਮੰਨਿ = ਮਨਿ, ਮਨ ਵਿਚ, (ਹੁਕਮ ਨੂੰ) ਮਨ ਵਿਚ (ਵਸਾ ਕੇ)।
ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥
Under Guru's Instruction, one comes to understand the Lord's Will, and by His Will, he is united in His Union.
ਗੁਰੂ ਦੀ ਮੱਤ ਉਤੇ ਤੁਰਿਆਂ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ ਤੇ ਪ੍ਰਭੂ ਦੀ ਰਜ਼ਾ ਨਾਲ ਹੀ ਪ੍ਰਭੂ-ਚਰਨਾਂ ਵਿਚ ਮਿਲਾਪ ਹੁੰਦਾ ਹੈ। ਮੇਲਿ = ਮੇਲ ਵਿਚ, ਪ੍ਰਭੂ-ਚਰਨਾਂ ਵਿਚ।
ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥
By His Will, one merges and easily blends with Him. The Shabads of the Guru are incomparable.
ਪ੍ਰਭੂ ਦੀ ਰਜ਼ਾ ਨਾਲ ਹੀ ਮਨੁੱਖ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ, ਆਤਮਕ ਅਡੋਲਤਾ ਵਿਚ ਲੀਨ ਹੁੰਦਾ ਹੈ ਤੇ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ। ਹੁਕਮਿ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ।
ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥
Through the Guru, true greatness is obtained, and one is embellished with Truth.
ਗੁਰੂ ਦੀ ਰਾਹੀਂ ਸਚੀ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਜੀਵਨ ਸੋਹਣਾ ਬਣਾਣ ਵਾਲੇ ਪ੍ਰਭੂ ਨੂੰ ਮਿਲਦੀ ਹੈ। ਸਚੀ = ਸਦਾ-ਥਿਰ ਰਹਿਣ ਵਾਲੀ। ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ।
ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥
He finds the Destroyer of fear, and eradicates his self-conceit; as Gurmukh, he is united in His Union.
ਗੁਰੂ ਦੀ ਰਾਹੀਂ ਪ੍ਰਭੂ ਲਈ ਪਿਆਰ-ਅਦਬ ਪੈਦਾ ਹੁੰਦਾ ਹੈ, ਆਪਾ-ਭਾਵ ਦੂਰ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਈਦਾ ਹੈ। ਆਪੁ = ਆਪਾ-ਭਾਵ।
ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥
Says Nanak, the Name of the immaculate, inaccessible, unfathomable Commander is permeating and pervading everywhere. ||4||2||
ਹੇ ਨਾਨਕ! ਪਵਿੱਤਰ, ਅਥਾਹ ਅਤੇ ਪਹੁੰਚ ਤੋਂ ਪਰੇ ਪ੍ਰਭੂ ਦਾ ਨਾਮ ਆਪਣੀ ਰਜ਼ਾ ਅਨੁਸਾਰ ਹਰ ਥਾਂ ਰਮਿਆ ਹੋਇਆ ਹੈ ॥੪॥੨॥ ਕਹੁ = ਆਖ, ਉਚਾਰ ॥੪॥੨॥