ਗਉੜੀ ਬੈਰਾਗਣਿ ਮਹਲਾ ੪ ॥
Gauree Bairaagan, Fourth Mehl:
ਗਊੜੀ ਬੈਰਾਗਣਿ, ਪਾਤਸ਼ਾਹੀ ਚੌਥੀ।
ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥
Just as the mother, having given birth to a son, feeds him and keeps him in her vision
ਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ (ਉਸ ਨੂੰ) ਆਪਣੀ ਨਜ਼ਰ ਹੇਠ ਰੱਖਦੀ ਹੈ ਤੇ ਪਾਲਦੀ ਹੈ। ਜਨਨੀ = ਮਾਂ। ਜਣਿ = ਜੰਮ ਕੇ, ਜਨਮ ਦੇ ਕੇ। ਨਦਰਿ ਮਝਾਰਿ = ਨਜ਼ਰ ਹੇਠ।
ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥
- indoors and outdoors, she puts food in his mouth; each and every moment, she caresses him.
(ਘਰ ਵਿਚ) ਅੰਦਰ ਬਾਹਰ (ਕੰਮ ਕਰਦੀ ਹੋਈ ਭੀ) ਖਿਨ ਖਿਨ ਪਿਆਰ ਕਰ ਕੇ (ਉਸ ਪੁੱਤਰ ਦੇ) ਮੂੰਹ ਵਿਚ ਗਿਰਾਹੀ ਦੇਂਦੀ ਰਹਿੰਦੀ ਹੈ। ਮੁਖਿ = ਮੂੰਹ ਵਿਚ। ਦੇ = ਦੇਂਦੀ ਹੈ। ਗਿਰਾਸੁ = ਗਿਰਾਹੀ। ਪੋਚਾਰਿ = ਪੁਚਕਾਰ ਕੇ, ਪਿਆਰ ਕਰ ਕੇ।
ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥
In just the same way, the True Guru protects His GurSikhs, who love their Beloved Lord. ||1||
ਇਸੇ ਤਰ੍ਹਾਂ ਗੁਰੂ ਸਤਿਗੁਰੂ ਸਿੱਖਾਂ ਨੂੰ ਪਰਮਾਤਮਾ ਦੀ ਪ੍ਰੀਤਿ (ਦੀ ਆਤਮਕ ਖ਼ੁਰਾਕ) ਦੇ ਕੇ ਪਿਆਰ ਨਾਲ ਸੰਭਾਲਦਾ ਹੈ ॥੧॥ ਸਿਖ ਰਾਖਤਾ = ਸਿੱਖਾਂ ਨੂੰ ਰੱਖਦਾ ਹੈ। ਪਿਆਰਿ = ਪਿਆਰ ਨਾਲ ॥੧॥
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥
O my Lord, we are just the ignorant children of our Lord God.
ਹੇ ਮੇਰੇ ਰਾਮ! ਹੇ ਹਰੀ! ਹੇ ਪ੍ਰਭੂ! ਅਸੀਂ ਤੇਰੇ ਅੰਞਾਣ ਬੱਚੇ ਹਾਂ। ਰਾਮ = ਹੇ ਰਾਮ!
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥
Hail, hail, to the Guru, the Guru, the True Guru, the Divine Teacher who has made me wise through the Lord's Teachings. ||1||Pause||
ਸ਼ਾਬਾਸ਼ੇ ਉਪਦੇਸ਼-ਦਾਤੇ ਗੁਰੂ ਸਤਿਗੁਰੂ ਨੂੰ, ਜਿਸ ਨੇ ਹਰਿ-ਨਾਮ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ ॥੧॥ ਰਹਾਉ ॥ ਪਾਧਾ = ਪਾਂਧਾ, ਪੜ੍ਹਾਣ ਵਾਲਾ। ਜਿਨਿ = ਜਿਸ ਨੇ। ਦੇ = ਦੇ ਕੇ ॥੧॥ ਰਹਾਉ ॥
ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥
The white flamingo circles through the sky,
ਜਿਵੇਂ ਚਿੱਟੇ ਖੰਭਾਂ ਵਾਲੀ (ਕੂੰਜ) ਆਸਮਾਨ ਵਿਚ ਉੱਡਦੀ ਫਿਰਦੀ ਹੈ, ਗਗਨਿ = ਆਕਾਸ਼ ਵਿਚ। ਬਾਗੇ = ਬੱਗੇ, ਚਿੱਟੇ। ਕਪਰੇ ਵਾਲੀ = ਕੱਪੜਿਆਂ ਵਾਲੀ, ਖੰਭਾਂ ਵਾਲੀ।
ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥
but she keeps her young ones in her mind; she has left them behind, but she constantly remembers them in her heart.
ਪਰ ਉਹ ਪਿੱਛੇ (ਰਹੇ ਹੋਏ ਆਪਣੇ) ਨਿੱਕੇ ਨਿੱਕੇ ਬੱਚਿਆਂ ਵਿਚ ਆਪਣਾ ਚਿੱਤ ਰੱਖਦੀ ਹੈ, ਸਦਾ ਉਹਨਾਂ ਨੂੰ ਆਪਣੇ ਹਿਰਦੇ ਵਿਚ ਸਾਂਭਦੀ ਹੈ ਸੰਭਾਲਦੀ ਹੈ। ਬਿਚਿ = ਵਿਚ। ਬਚਰੇ = ਨਿੱਕੇ ਨਿੱਕੇ ਬੱਚੇ। ਸਾਰਿ = ਸਾਂਭ ਕੇ।
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥
In just the same way, the True Guru loves His Sikhs. The Lord cherishes His GurSikhs, and keeps them clasped to His Heart. ||2||
ਇਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤਿ ਹੈ, ਗੁਰੂ ਆਪਣੇ ਸਿੱਖਾਂ ਨੂੰ ਹਰੀ ਦੀ ਪ੍ਰੀਤਿ ਦੇ ਕੇ ਉਹਨਾਂ ਨੂੰ ਆਪਣੀ ਜਿੰਦ ਦੇ ਨਾਲ ਰੱਖਦਾ ਹੈ ॥੨॥ ਜੀਅ ਨਾਲੀ = ਜਿੰਦ ਨਾਲ ॥੨॥
ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥
Just as the tongue, made of flesh and blood, is protected within the scissors of the thirty-two teeth
ਜਿਵੇਂ ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ ਹੈ (ਉਸ ਕੈਂਚੀ) ਵਿਚ (ਪਰਮਾਤਮਾ) ਮਾਸ ਤੇ ਲਹੂ ਦੀ ਬਣੀ ਹੋਈ ਜੀਭ ਨੂੰ (ਬਚਾ ਕੇ) ਰੱਖਦਾ ਹੈ। ਕਾਤੀ ਤੀਸ ਬਤੀਸ = ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ। ਰਸਨਾ = ਜੀਭ। ਰਤੁ = ਲਹੂ। ਕੇਰੀ = ਦੀ।
ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥
who thinks that the power lies in the flesh or the scissors? Everything is in the Power of the Lord.
ਕੋਈ ਮਨੁੱਖ ਪਿਆ ਸਮਝੇ ਕਿ (ਬਚ ਕੇ ਰਹਿਣਾ ਜਾਂ ਬਚਾ ਕੇ ਰੱਖਣਾ) ਮਾਸ ਦੀ ਜੀਭ ਦੇ ਹੱਥ ਵਿਚ ਹੈ ਜਾਂ (ਦੰਦਾਂ ਦੀ) ਕੈਂਚੀ ਦੇ ਵੱਸ ਵਿਚ ਹੈ, ਇਹ ਤਾਂ ਪਰਮਾਤਮਾ ਦੇ ਵੱਸ ਵਿਚ ਹੀ ਹੈ। ਵਸਗਤਿ = ਇਖ਼ਤਿਆਰ ਵਿਚ।
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥
In just the same way, when someone slanders the Saint, the Lord preserves the honor of His servant. ||3||
ਇਸੇ ਤਰ੍ਹਾਂ ਲੋਕ ਤਾਂ ਸੰਤ ਜਨਾਂ ਦੀ ਨਿੰਦਾ ਕਰਦੇ ਹਨ, ਪਰ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ (ਹੀ) ਰੱਖਦਾ ਹੈ ॥੩॥ ਪੈਜ = ਇੱਜ਼ਤ ॥੩॥
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥
O Siblings of Destiny, let none think that they have any power. All act as the Lord causes them to act.
(ਹੇ ਭਾਈ!) ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵੱਸ ਵਿਚ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਂਦਾ ਹੈ। ਹਾਥਿ = ਹੱਥ ਵਿਚ।
ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥
Old age, death, fever, poisons and snakes - everything is in the Hands of the Lord. Nothing can touch anyone without the Lord's Order.
ਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿਕ ਹਰੇਕ (ਦੁਖ-ਕਲੇਸ਼) ਪਰਮਾਤਮਾ ਦੇ ਵੱਸ ਵਿਚ ਹੈ। ਪਰਮਾਤਮਾ ਦੇ ਲਾਣ ਤੋਂ ਬਿਨਾ ਕੋਈ ਰੋਗ (ਕਿਸੇ ਜੀਵ ਨੂੰ) ਲੱਗ ਨਹੀਂ ਸਕਦਾ। ਜਰਾ = ਬੁਢੇਪਾ। ਮਰਾ = ਮੌਤ। ਤਾਪੁ ਸਾਪੁ = ਤਾਪ ਸ੍ਰਾਪ, ਤਾਪ ਆਦਿਕ। ਸਿਰਤਿ = ਸਿਰ-ਪੀੜ।
ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥
Within your conscious mind, O servant Nanak, meditate forever on the Name of the Lord, who shall deliver you in the end. ||4||7||13||51||
ਹੇ ਦਾਸ ਨਾਨਕ! ਜੇਹੜਾ ਹਰਿ-ਨਾਮ ਅਖ਼ੀਰਲੇ ਸਮੇ (ਜਮ ਆਦਿਕਾਂ ਤੋਂ) ਛੁਡਾ ਲੈਂਦਾ ਹੈ ਉਸ ਨੂੰ ਆਪਣੇ ਮਨ ਵਿਚ ਚਿੱਤ ਵਿਚ ਸਦਾ ਸਿਮਰਦੇ ਰਹੋ ॥੪॥੭॥੧੩॥੫੧॥ ਮਨਿ = ਮਨ ਵਿਚ। ਚਿਤਿ = ਚਿੱਤ ਵਿਚ। ਅੰਤੀ ਅਉਸਰਿ = ਅਖ਼ੀਰਲੇ ਸਮੇ ॥੪॥