ਬਸੰਤੁ ਹਿੰਡੋਲ ਮਹਲਾ ੪ ॥
Basant Hindol, Fourth Mehl:
ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।
ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥
Each and every moment, my mind roams and rambles, and runs all over the place. It does not stay in its own home, even for an instant.
(ਮਨੁੱਖ ਦਾ) ਮਨ ਹਰੇਕ ਖਿਨ ਭਟਕ ਭਟਕ ਕੇ (ਮਾਇਆ ਦੀ ਖ਼ਾਤਰ) ਬਹੁਤ ਦੌੜਦਾ ਫਿਰਦਾ ਹੈ, ਇਸ ਤਰ੍ਹਾਂ ਇਹ ਰਤਾ ਭਰ ਸਮੇ ਲਈ ਭੀ ਆਪਣੇ ਸਰੀਰ-ਘਰ ਵਿਚ (ਸ੍ਵੈ ਸਰੂਪ ਵਿਚ) ਟਿਕ ਨਹੀਂ ਸਕਦਾ। ਭਰਮਿ ਭਰਮਿ = ਭਟਕ ਭਟਕ ਕੇ। ਧਾਵੈ = ਦੌੜਦਾ ਫਿਰਦਾ ਹੈ। ਤਿਲੁ = ਰਤਾ ਭਰ ਭੀ। ਘਰਿ = ਘਰ ਵਿਚ, ਸਰੀਰ-ਘਰ ਵਿਚ, ਇਕ ਟਿਕਾਣੇ ਤੇ, ਅਡੋਲਤਾ ਵਿਚ। ਵਾਸਾ = ਨਿਵਾਸ। ਨਹ ਪਾਈਐ = ਨਹੀਂ ਪਾਇਆ ਜਾ ਸਕਦਾ।
ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥
But when the bridle of the Shabad, the Word of God, is placed over its head, it returns to dwell in its own home. ||1||
(ਗੁਰੂ ਦਾ) ਸ਼ਬਦ (ਮਨ ਦੀ ਭਟਕਣਾ ਦੂਰ ਕਰਨ ਲਈ) ਦਵਾਈ (ਹੈ। ਜਿਵੇਂ ਮਹਾਵਤ ਹਾਥੀ ਨੂੰ ਵੱਸ ਵਿਚ ਰੱਖਣ ਲਈ ਲੋਹੇ ਦਾ ਡੰਡਾ ਉਸ ਦੇ ਸਿਰ ਉਤੇ ਮਾਰਦਾ ਹੈ, ਤਿਵੇਂ) ਗੁਰੂ ਨੇ (ਜਿਸ ਮਨੁੱਖ ਦੇ) ਸਿਰ ਉੱਤੇ ਆਪਣਾ ਸ਼ਬਦ-ਅੰਕਸ਼ ਰੱਖ ਦਿੱਤਾ, ਉਸ ਦੇ ਮਨ ਨੂੰ ਹਿਰਦੇ-ਘਰ ਵਿਚ ਹਿਰਦੇ-ਮੰਦਰ ਵਿਚ ਲਿਆ ਕੇ ਟਿਕਾ ਦਿੱਤਾ ॥੧॥ ਗੁਰਿ = ਗੁਰੂ ਨੇ। ਅੰਕਸੁ = ਹਾਥੀ ਨੂੰ ਚਲਾਣ ਵਾਲਾ ਲੋਹੇ ਦਾ ਕੁੰਡਾ ਜੋ ਮਹਾਵਤ ਦੇ ਹੱਥ ਵਿਚ ਫੜਿਆ ਹੁੰਦਾ ਹੈ। ਦਾਰੂ = ਦਵਾਈ। ਸਿਰਿ = ਸਿਰ ਉੱਤੇ। ਧਾਰਿਓ = ਧਰਿਆ, ਰੱਖਿਆ। ਘਰਿ = ਘਰ ਵਿਚ। ਮੰਦਰਿ = ਮੰਦਰ ਵਿਚ। ਆਣਿ = ਲਿਆ ਕੇ। ਵਸਾਈਐ = ਵਸਾਇਆ ਜਾ ਸਕਦਾ ਹੈ ॥੧॥
ਗੋਬਿੰਦ ਜੀਉ ਸਤਸੰਗਤਿ ਮੇਲਿ ਹਰਿ ਧਿਆਈਐ ॥
O Dear Lord of the Universe, lead me to join the Sat Sangat, the True Congregation, so that I may meditate on You, Lord.
ਹੇ ਗੋਬਿੰਦ ਜੀ! (ਮੈਨੂੰ) ਸਾਧ ਸੰਗਤ ਵਿਚ ਮਿਲਾ। (ਸਾਧ ਸੰਗਤ ਵਿਚ ਮਿਲ ਕੇ) ਹੇ ਹਰੀ! (ਤੇਰਾ ਨਾਮ) ਸਿਮਰਿਆ ਜਾ ਸਕਦਾ ਹੈ। ਗੋਬਿੰਦ ਜੀਉ = ਹੇ ਪ੍ਰਭੂ ਜੀ! {ਸੰਬੋਧਨ}। ਮੇਲਿ = ਮਿਲਾ। ਧਿਆਈਐ = ਧਿਆਇਆ ਜਾ ਸਕਦਾ ਹੈ।
ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥੧॥ ਰਹਾਉ ॥
I am cured of the disease of egotism, and I have found peace; I have intuitively entered into the state of Samaadhi. ||1||Pause||
ਹੇ ਹਰੀ! ਜਿਹੜਾ ਮਨੁੱਖ (ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਜੋੜਦਾ ਹੈ, ਉਸ ਦਾ ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥ ਸਹਜਿ = ਆਤਮਕ ਅਡੋਲਤਾ ਵਿਚ। ਸਮਾਧਿ = ਜੁੜੀ ਹੋਈ ਸੁਰਤ ॥੧॥ ਰਹਾਉ ॥
ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭ੍ਰਮਿਆ ਲਹਿ ਨ ਸਕਾਈਐ ॥
This house is loaded with countless gems, jewels, rubies and emeralds, but the wandering mind cannot find them.
(ਹਰੇਕ ਮਨੁੱਖ ਦੇ ਹਿਰਦੇ-) ਘਰ ਵਿਚ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਅਨੇਕਾਂ ਰਤਨ ਲਾਲ ਮੋਤੀ ਭਰੇ ਪਏ ਹਨ। (ਪਰ ਜਦ ਤਕ) ਮਨ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਤਦ ਤਕ ਉਹਨਾਂ ਨੂੰ ਲੱਭ ਨਹੀਂ ਸਕੀਦਾ। ਘਰਿ = ਹਿਰਦੇ-ਘਰ ਵਿਚ। ਭ੍ਰਮਿਆ = ਭਟਕਦਾ ਰਿਹਾ।
ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥੨॥
As the water-diviner finds the hidden water, and the well is then dug in an instant, so do we find the object of the Name through the True Guru. ||2||
ਜਿਵੇਂ ਕੋਈ ਸੇਂਘਾ (ਧਰਤੀ ਵਿਚ) ਦੱਬਿਆ ਹੋਇਆ (ਪੁਰਾਣਾ) ਖੂਹ ਤੁਰਤ ਲੱਭ ਲੈਂਦਾ ਹੈ, ਤਿਵੇਂ (ਮਨੁੱਖ ਦੇ ਅੰਦਰ ਹੀ ਲੁਕਿਆ ਹੋਇਆ) ਨਾਮ-ਪਦਾਰਥ ਗੁਰੂ ਦੀ ਰਾਹੀਂ ਲੱਭ ਪੈਂਦਾ ਹੈ ॥੨॥ ਓਡਾ = ਸੇਂਘਾ ਜੋ ਧਰਤੀ ਨੂੰ ਸੁੰਘ ਕੇ ਹੀ ਦੱਸ ਦੇਂਦਾ ਹੈ ਕਿ ਇਥੇ ਪੁਰਾਣਾ ਖੂਹ ਮਿੱਟੀ ਹੇਠ ਦੱਬਿਆ ਪਿਆ ਹੈ। ਕੂਪੁ = ਖੂਹ। ਗੁਹਜ = ਲੁਕਿਆ ਹੋਇਆ। ਖਿਨ = ਤੁਰਤ। ਸਤਿਗੁਰਿ = ਗੁਰੂ ਦੀ ਰਾਹੀਂ। ਵਸਤੁ = ਨਾਮ-ਪਦਾਰਥ। ਲਹਾਈਐ = ਲੱਭ ਲਈਦਾ ਹੈ ॥੨॥
ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥
Those who do not find such a Holy True Guru - cursed, cursed are the lives of those people.
ਜਿਨ੍ਹਾਂ ਮਨੁੱਖਾਂ ਨੇ ਸਾਧੇ ਹੋਏ ਮਨ ਵਾਲਾ ਇਹੋ ਜਿਹਾ ਗੁਰੂ ਨਹੀਂ ਲੱਭਾ, ਉਹਨਾਂ ਮਨੁੱਖਾਂ ਦਾ ਜੀਊਣਾ ਸਦਾ ਫਿਟਕਾਰ-ਜੋਗ ਹੀ ਹੁੰਦਾ ਹੈ (ਉਹ ਸਦਾ ਅਜਿਹੇ ਕੰਮ ਹੀ ਕਰਦੇ ਹਨ ਕਿ ਉਹਨਾਂ ਨੂੰ ਜਗਤ ਵਿਚ ਫਿਟਕਾਰਾਂ ਪੈਂਦੀਆਂ ਰਹਿੰਦੀਆਂ ਹਨ)। ਜਿਨ = {ਬਹੁ-ਵਚਨ} ਜਿਨ੍ਹਾਂ ਨੇ। ਸਾਧੁ = ਸਾਧੇ ਹੋਏ ਮਨ ਵਾਲਾ। ਤੇ = ਉਹ ਮਨੁੱਖ {ਬਹੁ-ਵਚਨ}। ਧ੍ਰਿਗੁ = ਫਿਟਕਾਰ-ਯੋਗ।
ਜਨਮੁ ਪਦਾਰਥੁ ਪੁੰਨਿ ਫਲੁ ਪਾਇਆ ਕਉਡੀ ਬਦਲੈ ਜਾਈਐ ॥੩॥
The treasure of this human life is obtained when one's virtues bear fruit, but it is lost in exchange for a mere shell. ||3||
(ਅਜਿਹੇ ਮਨੁੱਖਾਂ ਨੇ) ਕੀਮਤੀ ਮਨੁੱਖਾ ਜਨਮ ਪਿਛਲੀ ਕੀਤੀ ਨੇਕ ਕਮਾਈ ਦੇ ਕਾਰਨ ਫਲ ਵਜੋਂ ਪ੍ਰਾਪਤ ਕੀਤਾ ਸੀ, ਪਰ ਹੁਣ ਉਹ ਜਨਮ ਕੌਡੀ ਦੇ ਭਾ (ਅਜਾਈਂ) ਜਾ ਰਿਹਾ ਹੈ ॥੩॥ ਪੁੰਨਿ = ਕੀਤੇ ਹੋਏ ਭਲੇ ਕੰਮ ਦੇ ਕਾਰਨ। ਬਦਲੈ = ਦੀ ਖ਼ਾਤਰ ॥੩॥
ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ ਕਰਿ ਕਿਰਪਾ ਗੁਰੂ ਮਿਲਾਈਐ ॥
O Lord God, please be merciful to me; be merciful, and lead me to meet the Guru.
ਹੇ ਦੁਸ਼ਟ-ਦਮਨ ਹਰੀ! ਹੇ ਪ੍ਰਭੂ! (ਮੇਰੇ ਉਤੇ) ਮਿਹਰ ਕਰ। ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ। ਮਧੁ ਸੂਦਨ = {'ਮਧੁ' ਰਾਖ਼ਸ਼ ਨੂੰ ਮਾਰਨ ਵਾਲਾ} ਹੇ ਦੁਸ਼ਟ-ਦਮਨ ਪਰਮਾਤਮਾ! ਕਰਿ = ਕਰ ਕੇ।
ਜਨ ਨਾਨਕ ਨਿਰਬਾਣ ਪਦੁ ਪਾਇਆ ਮਿਲਿ ਸਾਧੂ ਹਰਿ ਗੁਣ ਗਾਈਐ ॥੪॥੪॥੬॥
Servant Nanak has attained the state of Nirvaanaa; meeting with the Holy people, he sings the Glorious Praises of the Lord. ||4||4||6||
ਦਾਸ ਨਾਨਕ ਆਖਦਾ ਹੈ- (ਜਿਹੜਾ ਮਨੁੱਖ) ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੪॥੪॥੬॥ ਨਿਰਬਾਣ ਪਦੁ = ਉਹ ਆਤਮਕ ਅਵਸਥਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ ਆਤਮਕ ਦਰਜਾ। ਮਿਲਿ ਸਾਧੂ = ਗੁਰੂ ਨੂੰ ਮਿਲ ਕੇ ॥੪॥੪॥੬॥