ਸਿਰੀਰਾਗੁ ਮਹਲਾ ੩ ॥
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥
The Lord of the Universe is the Treasure of Excellence; His limits cannot be found.
ਪਰਮਾਤਮਾ (ਸਭ) ਗੁਣਾਂ ਦਾ ਖ਼ਜ਼ਾਨਾ ਹੈ (ਉਸ ਦੇ ਗੁਣਾਂ ਦਾ) ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਗੋਵਿਦੁ = ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ। ਨਿਧਾਨੁ = ਖ਼ਜ਼ਾਨਾ। ਕਥਨੀ = (ਨਿਰਾ) ਕਹਿਣ ਨਾਲ।
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥
He is not obtained by mouthing mere words, but by rooting out ego from within.
ਨਿਰਾ (ਇਹੋ) ਕਹਿਣ ਕਥਨ ਨਾਲ (ਕਿ ਮੈਂ ਪਰਮਾਤਮਾ ਨੂੰ ਲੱਭ ਲਿਆ ਹੈ) ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ (ਪਰਮਾਤਮਾ ਤਦੋਂ ਹੀ ਮਿਲਦਾ ਹੈ ਜੇ) ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ। ਬਦਨੀ = {वद् ਬੋਲਣਾ} ਬੋਲਣ ਨਾਲ।
ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥
Meeting the True Guru, one is permeated forever with the Fear of God, who Himself comes to dwell within the mind. ||1||
ਗੁਰੂ ਦੇ ਮਿਲਣ ਨਾਲ ਮਨੁੱਖ ਦਾ ਹਿਰਦਾ ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ (ਤੇ ਇਸ ਤਰ੍ਹਾਂ) ਪਰਮਾਤਮਾ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ ॥੧॥ ਸਤਿਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਦ = ਸਦਾ। ਭੈ = ਡਰ ਵਿਚ, ਅਦਬ ਵਿਚ। ਰਚੈ = ਰਚ ਜਾਏ, ਇਕ-ਮਿਕ ਹੋ ਜਾਏ। ਮਨਿ = ਮਨ ਵਿਚ॥੧॥
ਭਾਈ ਰੇ ਗੁਰਮੁਖਿ ਬੂਝੈ ਕੋਇ ॥
O Siblings of Destiny, one who becomes Gurmukh and understands this is very rare.
ਹੇ ਭਾਈ ਜੇਹੜਾ ਕੋਈ ਮਨੁੱਖ (ਸਹੀ ਜੀਵਨ-ਜੁਗਤਿ) ਸਮਝਦਾ ਹੈ ਉਹ ਗੁਰੂ ਦੀ ਰਾਹੀਂ ਹੀ ਸਮਝਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥
To act without understanding is to lose the treasure of this human life. ||1||Pause||
(ਸਹੀ ਜੀਵਨ-ਜੁਗਤਿ) ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ ॥੧॥ ਰਹਾਉ ॥ ਖੋਇ = ਗਵਾ ਲਈਦਾ ਹੈ॥੧॥ਰਹਾਉ॥
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥
Those who have tasted it, enjoy its flavor; without tasting it, they wander in doubt, lost and deceived.
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ। (ਨਾਮ-ਅੰਮ੍ਰਿਤ ਦਾ ਸੁਆਦ) ਚੱਖਣ ਤੋਂ ਬਿਨਾ ਮਨੁੱਖ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪੈ ਜਾਂਦਾ ਹੈ। ਸਾਦੁ = ਸੁਆਦ। ਭਰਮਿ = ਭਟਕਣਾ ਵਿਚ।
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥
The True Name is the Ambrosial Nectar; no one can describe it.
ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ। ਭੁਲਾਇ = ਕੁਰਾਹੇ ਪੈ ਜਾਂਦਾ ਹੈ। ਕਛੂ = ਕੋਈ (ਸੁਆਦ)।
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥
Drinking it in, one becomes honorable, absorbed in the Perfect Word of the Shabad. ||2||
ਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ ॥੨॥ ਹੂ = ਹੀ। ਪੀਵਤ ਹੂ = ਪੀਂਦਾ ਹੀ॥੨॥
ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥
He Himself gives, and then we receive. Nothing else can be done.
(ਨਾਮ-ਅੰਮ੍ਰਿਤ ਦੀ ਦਾਤਿ) ਜੇ ਪਰਮਾਤਮਾ ਆਪ ਹੀ ਦੇਵੇ ਤਾਂ ਮਿਲਦੀ ਹੈ (ਜੇ ਉਸਦੀ ਮਿਹਰ ਨਾਹ ਹੋਵੇ ਤਾਂ) ਹੋਰ ਕੋਈ ਚਾਰਾ ਨਹੀਂ ਕੀਤਾ ਜਾ ਸਕਦਾ। ਦੇਇ = ਦੇਂਦਾ ਹੈ, ਜੇ ਦੇਵੇ।
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥
The Gift is in the Hands of the Great Giver. At the Guru's Door, in the Gurdwara, it is received.
(ਨਾਮ ਦੀ ਦਾਤਿ) ਦੇਣ ਵਾਲੇ ਪਰਮਾਤਮਾ ਦੇ ਆਪਣੇ ਹੱਥ ਵਿਚ ਇਹ ਦਾਤ ਹੈ (ਉਸ ਦੀ ਰਜ਼ਾ ਅਨੁਸਾਰ) ਗੁਰੂ ਦੇ ਦਰ ਤੋਂ ਹੀ ਮਿਲਦੀ ਹੈ। ਕੈ ਹਥਿ = ਦੇ ਹੱਥ ਵਿਚ। ਗੁਰੂ ਦੁਆਰੈ = ਗੁਰੂ ਦੀ ਰਾਹੀਂ।
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥
Whatever He does, comes to pass. All act according to His Will. ||3||
(ਪਰਮਾਤਮਾ ਨੇ ਜੀਵ ਨੂੰ) ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ, (ਫਿਰ) ਉਹੋ ਜਿਹੇ ਕਰਮ ਜੀਵ ਕਰਦਾ ਹੈ (ਉਸ ਦੀ ਰਜ਼ਾ ਅਨੁਸਾਰ ਹੀ ਜੀਵ ਗੁਰੂ ਦੇ ਦਰ ਤੇ ਆਉਂਦਾ ਹੈ) ॥੩॥ ਕੀਤੋਨੁ = ਉਨਿ ਕੀਤੋ, ਉਸ (ਪਰਮਾਤਮਾ) ਨੇ ਕੀਤਾ। ਜੇਹੇ = ਉਜੇਹੇ, ਉਹੋ ਜਿਹੇ॥੩॥
ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥
The Naam, the Name of the Lord, is abstinence, truthfulness, and self-restraint. Without the Name, no one becomes pure.
(ਮਨੁੱਖ ਆਪਣੇ ਜੀਵਨ ਨੂੰ ਪਵਿਤ੍ਰ ਕਰਨ ਲਈ ਜਤ ਸਤ ਸੰਜਮ ਸਾਧਦਾ ਹੈ, ਪਰ ਨਾਮ ਸਿਮਰਨ ਤੋਂ ਬਿਨਾ ਇਹ ਕਿਸੇ ਕੰਮ ਨਹੀਂ) ਪਰਮਾਤਮਾ ਦਾ ਨਾਮ-ਅੰਮ੍ਰਿਤ ਹੀ ਜਤ ਹੈ ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਜੀਵਨ ਵਾਲਾ ਨਹੀਂ ਹੋ ਸਕਦਾ। ਜਤੁ = ਕਾਮਵਾਸਨਾ ਵਲੋਂ ਬਚਣ ਦਾ ਉੱਦਮ। ਸਤੁ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ। ਵਿਣੁ ਨਾਵੈ = ਨਾਮ (-ਸਿਮਰਨ) ਤੋਂ ਬਿਨਾ।
ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥
Through perfect good fortune, the Naam comes to abide within the mind. Through the Shabad, we merge into Him.
ਵੱਡੀ ਕਿਸਮਤ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਮਨਿ = ਮਨ ਵਿਚ। ਸਬਦਿ = (ਗੁਰੂ ਦੇ) ਸਬਦ ਦੀ ਰਾਹੀਂ।
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥
O Nanak, one who lives in intuitive peace and poise, imbued with the Lord's Love, obtains the Glorious Praises of the Lord. ||4||17||50||
ਹੇ ਨਾਨਕ! (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ ॥੪॥੧੭॥੫੦॥ ਸਹਜੇ = ਆਤਮਕ ਅਡੋਲਤਾ ਵਿਚ। ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਵਰਤਦਾ = ਜੀਵਨ ਬਿਤੀਤ ਕਰਦਾ ਹੈ। ਸੋਇ = ਉਹੀ ਮਨੁੱਖ॥੪॥