ਸਵੈਯਾ ॥
ਸਵੈਯਾ:
ਰਾਜ ਸੁਤਾ ਕਰਿ ਕੋਪ ਤਿਹੀ ਛਿਨ ਸਾਮੁਹਿ ਹ੍ਵੈ ਹਥਿਯਾਰ ਗਹੇ ॥
ਰਾਜ ਕੁਮਾਰੀ ਹੱਥ ਵਿਚ ਹਥਿਆਰ ਪਕੜ ਕੇ ਉਸੇ ਵੇਲੇ ਸਾਹਮਣੇ ਹੋ ਗਈ।
ਬਲਵਾਨ ਕਮਾਨ ਕੋ ਤਾਨਿ ਹਨੇ ਕਬਿ ਰਾਮ ਭਨੈ ਚਿਤ ਮੈ ਜੁ ਚਹੇ ॥
ਕਵੀ ਰਾਮ ਕਹਿੰਦੇ ਹਨ ਕਿ (ਰਾਜ ਕੁਮਾਰੀ ਨੇ) ਮਜ਼ਬੂਤ ਕਮਾਨ ਖਿਚ ਕੇ ਜਿਸ ਨੂੰ ਚਾਹਿਆ ਮਾਰ ਦਿੱਤਾ।
ਸਰ ਸੂਰ ਦਇੰਤਨ ਕੇ ਤਨ ਮੈ ਇਹ ਭਾਤਿ ਲਗੇ ਨਹਿ ਜਾਤ ਕਹੇ ॥
ਸੂਰਮਿਆਂ ਅਤੇ ਦੈਂਤਾਂ ਦੇ ਤਨ ਵਿਚ ਤੀਰ ਇਸ ਤਰ੍ਹਾਂ ਲਗੇ, ਜਿਨ੍ਹਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਮਨੋ ਇੰਦ੍ਰ ਕੇ ਬਾਗ ਅਸੋਕ ਬਿਖੈ ਫੁਲਵਾਰਿਨ ਕੇ ਫਲ ਫੂਲ ਰਹੇ ॥੬੮॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇੰਦਰ ਦੇ ਅਸ਼ੋਕ ਬਾਗ਼ ਦੀਆਂ ਫੁਲਵਾੜੀਆਂ ਵਿਚ ਫੁਲ ਅਤੇ ਫਲ ਲਗੇ ਹੋਣ ॥੬੮॥
ਕਾਢਿ ਕ੍ਰਿਪਾਨ ਮਹਾ ਕੁਪਿ ਕੈ ਭਟ ਕੂਦਿ ਪਰੇ ਸਰਦਾਰ ਕਰੋਰੇ ॥
ਕ੍ਰਿਪਾਨਾਂ ਕਢ ਕੇ ਅਤੇ ਕ੍ਰੋਧਿਤ ਹੋ ਕੇ ਕ੍ਰੋੜਾਂ ਸੈਨਿਕਾਂ ਦੇ ਸਰਦਾਰ ਯੁੱਧ ਵਿਚ ਕੁਦ ਪਏ।
ਬਾਲ ਹਨੇ ਬਲਵਾਨ ਘਨੇ ਇਕ ਫਾਸਿਨ ਸੌ ਗਹਿ ਕੈ ਝਕਝੋਰੇ ॥
(ਉਸ) ਰਾਜ ਕੁਮਾਰੀ ਨੇ ਇਕ ਫਾਂਸ ਨਾਲ ਬਹੁਤ ਸਾਰੇ ਬਲਵਾਨ ਸੂਰਮੇ ਪਕੜ ਕੇ ਝੰਝੋੜ ਦਿੱਤੇ।
ਸਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਛਿਤ ਪੈ ਸਿਰ ਤੋਰੇ ॥
ਕਿਤੇ ਸਾਜ ਪਏ ਹਨ, ਕਿਤੇ ਤਾਜ ਡਿਗੇ ਪਏ ਹਨ, ਕਿਤੇ ਹਾਥੀ ਧਰਤੀ ਉਤੇ ਡਿਗੇ ਹੋਏ ਸਿਰ ਛਟਪਟਾ ਰਹੇ ਹਨ।
ਲੁਟੇ ਰਥੀ ਰਥ ਫੂਟੇ ਕਹੂੰ ਬਿਨੁ ਸ੍ਵਾਰ ਫਿਰੈ ਹਿਨਨਾਵਤ ਘੋਰੇ ॥੬੯॥
ਕਿਤੇ ਰਥਾਂ ਵਾਲੇ ਲੁੜ੍ਹਕੇ ਪਏ ਹਨ, ਕਿਤੇ ਰਥ ਟੁੱਟੇ ਪਏ ਹਨ ਅਤੇ ਕਿਤੇ ਬਿਨਾ ਸਵਾਰਾਂ ਦੇ ਘੋੜੇ ਹਿਣਕਦੇ ਫਿਰਦੇ ਹਨ ॥੬੯॥