ਸੂਹੀ ਮਹਲਾ

Soohee, Third Mehl:

ਸੂਹੀ ਤੀਜੀ ਪਾਤਿਸ਼ਾਹੀ।

ਕਾਇਆ ਕਾਮਣਿ ਅਤਿ ਸੁਆਲੑਿਉ ਪਿਰੁ ਵਸੈ ਜਿਸੁ ਨਾਲੇ

The body-bride is very beautiful; she dwells with her Husband Lord.

ਹੇ ਭਾਈ! (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ-ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ। ਕਾਇਆ = ਸਰੀਰ। ਕਾਮਣਿ = ਇਸਤ੍ਰੀ। ਅਤਿ = ਬਹੁਤ। ਸੁਆਲਿਓ = ਸੋਹਣੀ। ਪਿਰੁ = ਪ੍ਰਭੂ-ਪਤੀ।

ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮੑਾਲੇ

She becomes the happy soul-bride of her True Husband Lord, contemplating the Word of the Guru's Shabad.

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹੈ, ਸਦਾ-ਥਿਰ ਪ੍ਰਭੂ-ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ। ਤੇ = ਤੋਂ, ਮਿਲਾਪ ਤੋਂ, ਮਿਲਾਪ ਦੇ ਕਾਰਨ। ਸੁਹਾਗਣਿ = ਸੁਹਾਗ-ਭਾਗ ਵਾਲੀ। ਸਮ੍ਹ੍ਹਾਲੇ = ਸੰਭਾਲਦੀ ਹੈ, ਹਿਰਦੇ ਵਿਚ ਵਸਾਂਦੀ ਹੈ।

ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥

The Lord's devotee is forever attuned to the Lord's Love; her ego is burnt away from within. ||1||

ਹੇ ਭਾਈ! (ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ) ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥ ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ। ਜਾਲੇ = ਸਾੜ ਲੈਂਦਾ ਹੈ ॥੧॥

ਵਾਹੁ ਵਾਹੁ ਪੂਰੇ ਗੁਰ ਕੀ ਬਾਣੀ

Waaho! Waaho! Blessed, blessed is the Word of the Perfect Guru's Bani.

ਹੇ ਭਾਈ! ਪੂਰੇ ਗੁਰੂ ਦੀ ਬਾਣੀ ਧੰਨ ਹੈ ਧੰਨ ਹੈ। ਵਾਹੁ ਵਾਹੁ = ਧੰਨ, ਧੰਨ।

ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ

It wells up and springs forth from the Perfect Guru, and merges into Truth. ||1||Pause||

ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਅਤੇ (ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਕਰ ਦੇਂਦੀ ਹੈ ॥੧॥ ਰਹਾਉ ॥ ਤੇ = ਤੋਂ, ਹਿਰਦੇ ਵਿਚੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਣੀ = ਲੀਨ ਕਰ ਦੇਂਦੀ ਹੈ ॥੧॥ ਰਹਾਉ ॥

ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ

Everything is within the Lord - the continents, worlds and nether regions.

ਹੇ ਭਾਈ! ਖੰਡਾਂ ਮੰਡਲਾਂ ਪਾਤਾਲਾਂ (ਸਾਰੇ ਜਗਤ) ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ, ਸਭੁ ਕਿਛੁ = ਹਰੇਕ ਸੁਖ! ਖੰਡ = ਦੇਸ।

ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ

The Life of the World, the Great Giver, dwells within the body; He is the Cherisher of all.

ਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ। ਪ੍ਰਤਿਪਾਲਾ = ਪਾਲਣਾ।

ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮੑਾਲਾ ॥੨॥

The body-bride is eternally beautiful; the Gurmukh contemplates the Naam. ||2||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਦੀ ਕਾਂਇਆਂ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ ॥੨॥ ਸੁਹੇਲੀ = ਸੌਖੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੨॥

ਕਾਇਆ ਅੰਦਰਿ ਆਪੇ ਵਸੈ ਅਲਖੁ ਲਖਿਆ ਜਾਈ

The Lord Himself dwells within the body; He is invisible and cannot be seen.

ਹੇ ਭਾਈ! ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ (ਸਧਾਰਨ ਤੌਰ ਤੇ) ਵੇਖਿਆ ਨਹੀਂ ਜਾ ਸਕਦਾ। ਆਪੇ = (ਪ੍ਰਭੂ) ਆਪ ਹੀ। ਅਲਖੁ = ਅਦ੍ਰਿਸ਼ਟ।

ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ

The foolish self-willed manmukh does not understand; he goes out searching for the Lord externally.

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਇਹ ਭੇਤ) ਨਹੀਂ ਸਮਝਦਾ, (ਉਸ ਪ੍ਰਭੂ ਨੂੰ) ਬਾਹਰ (ਜੰਗਲ ਆਦਿਕ ਵਿਚ) ਲੱਭਣ ਤੁਰ ਪੈਂਦਾ ਹੈ। ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਮੁਗਧੁ = ਮੂਰਖ।

ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥

One who serves the True Guru is always at peace; the True Guru has shown me the Invisible Lord. ||3||

ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਆ ਪਿਆ) ਗੁਰੂ ਨੇ (ਉਸ ਨੂੰ) ਅਦ੍ਰਿਸ਼ਟ ਪਰਮਾਤਮਾ (ਉਸ ਦੇ ਅੰਦਰ ਵੱਸਦਾ) ਵਿਖਾ ਦਿੱਤਾ ॥੩॥ ਸਤਿਗੁਰਿ = ਗੁਰੂ ਨੇ। ਦਿਤਾ ਲਖਾਈ = ਲਖਾਇ ਦਿੱਤਾ, ਸਮਝਾ ਦਿੱਤਾ ॥੩॥

ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ

Within the body there are jewels and precious treasures, the over-flowing treasure of devotion.

ਹੇ ਭਾਈ! ਪਰਮਾਤਮਾ ਦੀ ਭਗਤੀ (ਮਾਨੋ) ਰਤਨ ਪਦਾਰਥ ਹੈ (ਇਹਨਾਂ ਰਤਨਾਂ ਪਦਾਰਥਾਂ ਦੇ) ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ। ਭੰਡਾਰਾ = ਖ਼ਜ਼ਾਨੇ।

ਇਸੁ ਕਾਇਆ ਅੰਦਰਿ ਨਉਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ

Within this body are the nine continents of the earth, its markets, cities and streets.

ਇਸ ਸਰੀਰ ਦੇ ਅੰਦਰ ਹੀ (ਮਾਨੋ) ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਰ (ਵੱਸ ਰਹੇ ਹਨ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ)। ਨਉ ਖੰਡ ਪ੍ਰਿਥਮੀ = ਨੌ ਖੰਡਾਂ ਵਾਲੀ ਧਰਤੀ, ਸਾਰੀ ਧਰਤੀ (ਦੇ)। ਹਾਟ = ਹੱਟ। ਪਟਣ = ਸ਼ਹਰ।

ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥

Within this body are the nine treasures of the Naam; contemplating the Word of the Guru's Shabad, it is obtained. ||4||

ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ (ਮਾਨੋ ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ॥੪॥ ਨਉਨਿਧਿ = ਨੌ ਖ਼ਜ਼ਾਨੇ, ਧਰਤੀ ਦੇ ਸਾਰੇ ਹੀ ਨੌ ਖ਼ਜ਼ਾਨੇ। ਕੈ ਸਬਦਿ = ਦੇ ਸ਼ਬਦ ਵਿਚ ॥੪॥

ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ

Within the body, the Lord estimates the weight; He Himself is the weigher.

ਹੇ ਭਾਈ! ਇਸ ਮਨੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ, ਆਪੇ = ਪ੍ਰਭੂ ਆਪ ਹੀ। ਤੋਲਣਹਾਰ = ਨਾਮ-ਰਤਨ ਦੀ ਪਰਖ ਕਰਨ ਵਾਲਾ। ਤੋਲਿ = ਨਾਮ-ਰਤਨ ਨੂੰ ਪਰਖ ਕੇ। ਤੁਲਾਵੈ = ਪਰਖਣ ਦੀ ਜਾਚ ਸਿਖਾਂਦਾ ਹੈ।

ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ

This mind is the jewel, the gem, the diamond; it is absolutely priceless.

ਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦੀ ਜਾਚ ਸਿਖਾਂਦਾ ਹੈ, (ਜਿਸ ਮਨੁੱਖ ਨੂੰ ਜਾਚ ਦੇਂਦਾ ਹੈ, ਉਸ ਦਾ) ਇਹ ਮਨ (ਮਾਨੋ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ ਬਣ ਜਾਂਦਾ ਹੈ। ਅਫਾਰਾ = ਬਹੁਤ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।

ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥

The Naam, the Name of the Lord, cannot be purchased at any price; the Naam is obtained by contemplating the Guru. ||5||

ਇਤਨਾ ਕੀਮਤੀ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ। (ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ) ਨਾਮ ਕਿਸੇ (ਦੁਨੀਆਵੀ) ਕੀਮਤ ਨਾਲ ਨਹੀਂ ਮਿਲ ਸਕਦਾ। ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ ॥੫॥ ਮੋਲਿ = ਮੁੱਲ ਨਾਲ। ਕਿਤ ਹੀ = ਕਿਤੁ ਹੀ {ਲਫ਼ਜ਼ 'ਕਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ}। ਕਿਤ ਹੀ ਮੋਲਿ = ਕਿਸੇ ਭੀ ਮੁੱਲ ਨਾਲ ॥੫॥

ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ

One who becomes Gurmukh searches this body; all others just wander around in confusion.

ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ) ਆਪਣੇ ਸਰੀਰ ਨੂੰ ਹੀ ਖੋਜਦਾ ਹੈ। ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ। ਗੁਰਮੁਖਿ = ਗੁਰੂ ਦੇ ਸਨਮੁਖ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਈ = ਕੁਰਾਹੇ ਪਈ ਹੈ।

ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ

That humble being alone obtains it, unto whom the Lord bestows it. What other clever tricks can anyone try?

ਪਰਮਾਤਮਾ ਆਪ ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ। ਕੋਈ ਭੀ ਮਨੁੱਖ (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕੋਈ ਸਿਆਣਪ ਨਹੀਂ ਕਰ ਸਕਦਾ (ਜਿਸ ਨਾਲ ਨਾਮ ਪ੍ਰਾਪਤ ਕਰ ਸਕੇ)। ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਦੇਇ = ਦੇਂਦਾ ਹੈ। ਕੋ = ਕੋਈ ਮਨੁੱਖ। ਕਿਆ ਚਤੁਰਾਈ = ਕੇਹੜੀ ਸਿਆਣਪ?

ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥

Within the body, the Fear of God and Love for Him abides; by Guru's Grace, they are obtained. ||6||

ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ। ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ ॥੬॥ ਭਉ = ਡਰ-ਅਦਬ। ਭਾਉ = ਪਿਆਰੇ। ਪਰਸਾਦੀ = ਕਿਰਪਾ ਨਾਲ ॥੬॥

ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ

Within the body, are Brahma, Vishnu and Shiva, from whom the whole world emanated.

ਹੇ ਭਾਈ! ਇਸ ਸਰੀਰ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ। ਸਭ ਓਪਤਿ = ਸਾਰੀ ਉਤਪੱਤੀ। ਜਿਤੁ = ਜਿਸ (ਪਰਮਾਤਮਾ) ਤੋਂ।

ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ

The True Lord has staged and contrived His own play; the expanse of the Universe comes and goes.

ਸਦਾ-ਥਿਰ ਪ੍ਰਭੂ ਨੇ (ਇਹ ਜਗਤ) ਆਪਣਾ ਇਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਕ ਖਿਲਾਰਾ ਖਿਲਾਰ ਦਿੱਤਾ ਹੈ। ਸਚੈ = ਸਦਾ-ਥਿਰ ਪ੍ਰਭੂ ਨੇ। ਆਵਾਗਉਣੁ = ਜੰਮਣ ਮਰਨ। ਪਾਸਾਰਾ = ਖਿਲਾਰਾ।

ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥

The Perfect True Guru Himself has made it clear, that emancipation comes through the True Name. ||7||

ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਇਹ ਅਸਲੀਅਤ) ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ ॥੭॥ ਸਤਿਗੁਰਿ = ਸਤਿਗੁਰੂ ਨੇ। ਸਚਿ ਨਾਮਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ॥੭॥

ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ

That body, which serves the True Guru, is embellished by the True Lord Himself.

ਹੇ ਭਾਈ! ਉਹੀ ਸਰੀਰ ਸਫਲ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ। ਉਸ ਸਰੀਰ ਨੂੰ ਸਦਾ-ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ। ਸਾ = ਉਹ {ਇਸਤ੍ਰੀ-ਲਿੰਗ}।

ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ

Without the Name, the mortal finds no place of rest in the Court of the Lord; he shall be tortured by the Messenger of Death.

ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ। ਤਦੋਂ (ਅਜੇਹੇ ਮਨੁੱਖ ਨੂੰ) ਜਮਰਾਜ ਖ਼ੁਆਰ ਕਰਦਾ ਹੈ। ਦਰਿ = (ਪ੍ਰਭੂ ਦੇ) ਦਰ ਤੇ। ਢੋਈ = ਆਸਰਾ।

ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥

O Nanak, true glory is bestowed, when the Lord showers His Mercy. ||8||2||

ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਸ ਨੂੰ ਆਪਣਾ ਸਦਾ-ਥਿਰ ਨਾਮ ਬਖ਼ਸ਼ਦਾ ਹੈ (ਇਹੀ ਉਸ ਵਾਸਤੇ ਸਭ ਤੋਂ ਵੱਡੀ) ਇੱਜ਼ਤ ਹੈ ॥੮॥੨॥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਸਚੁ = ਸਦਾ-ਥਿਰ ਹਰਿ-ਨਾਮ ॥੮॥੨॥