ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ॥
Fifth Mehl, Raag Gauree Gwaarayree, Chau-Padhay:
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥
How can happiness be found, O my Siblings of Destiny?
ਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ? ਕਿਨ = ਕਿਨ੍ਹਾਂ? {ਨੋਟ: ਜਿਨ, ਤਿਨ, ਇਨ, ਕਿਨ; ਇਹ ਲਫ਼ਜ਼ ਬਹੁ-ਵਚਨ ਹਨ। ਇਹਨਾਂ ਦੇ ਇਕ-ਵਚਨ: ਜਿਨਿ, ਤਿਨਿ, ਇਨਿ, ਕਿਨਿ}। ਬਿਧਿ = ਤਰੀਕਾ। ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਕੁਸਲੁ = ਆਤਮਕ ਆਨੰਦ।
ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥
How can the Lord, our Help and Support, be found? ||1||Pause||
(ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ? ॥੧॥ ਰਹਾਉ ॥ ਕਿਉ = ਕਿਵੇਂ? ਸਹਾਈ = ਸਹਾਇਕ ॥੧॥ ਰਹਾਉ ॥
ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥
There is no happiness in owning one's own home, in all of Maya,
ਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ। ਗ੍ਰਿਹਿ = ਘਰ (ਦੇ ਮੋਹ) ਵਿਚ।
ਊਚੇ ਮੰਦਰ ਸੁੰਦਰ ਛਾਇਆ ॥
or in lofty mansions casting beautiful shadows.
ਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ। ਸੁੰਦਰ ਛਾਇਆ = ਸੁੰਦਰ (ਬਾਗ਼ਾਂ ਦੀ) ਛਾਂ।
ਝੂਠੇ ਲਾਲਚਿ ਜਨਮੁ ਗਵਾਇਆ ॥੧॥
In fraud and greed, this human life is being wasted. ||1||
(ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ ॥੧॥ ਲਾਲਚਿ = ਲਾਲਚ ਵਿਚ ॥੧॥
ਹਸਤੀ ਘੋੜੇ ਦੇਖਿ ਵਿਗਾਸਾ ॥
He is pleased at the sight of his elephants and horses
ਮਨੁੱਖ ਹਾਥੀ ਘੋੜੇ ਵੇਖ ਕੇ ਖ਼ੁਸ਼ੀ (ਮਹਿਸੂਸ ਕਰਦਾ ਹੈ), ਹਸਤੀ = ਹਾਥੀ। ਦੇਖਿ = ਵੇਖ ਕੇ। ਵਿਗਾਸਾ = ਖ਼ੁਸ਼ੀ।
ਲਸਕਰ ਜੋੜੇ ਨੇਬ ਖਵਾਸਾ ॥
and his armies assembled, his servants and his soldiers.
ਫ਼ੌਜਾਂ ਇਕੱਠੀਆਂ ਕਰਦਾ ਹੈ, ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ, ਜੋੜੇ = ਇਕੱਠੇ ਕੀਤੇ। ਨੇਬ = ਨਾਇਬ, ਸਲਾਹਕਾਰ। ਖਵਾਸਾ = ਸ਼ਾਹੀ ਨੌਕਰ।
ਗਲਿ ਜੇਵੜੀ ਹਉਮੈ ਕੇ ਫਾਸਾ ॥੨॥
But the noose of egotism is tightening around his neck. ||2||
ਪਰ ਉਸ ਦੇ ਗਲ ਵਿਚ ਹਉਮੈ ਦੀ ਰੱਸੀ ਹਉਮੈ ਦੇ ਫਾਹੇ ਹੀ ਪੈਂਦੇ ਹਨ ॥੨॥ ਗਲਿ = ਗਲ ਵਿਚ। ਫਾਸਾ = ਫਾਹੇ ॥੨॥
ਰਾਜੁ ਕਮਾਵੈ ਦਹ ਦਿਸ ਸਾਰੀ ॥
His rule may extend in all ten directions;
(ਰਾਜਾ ਬਣ ਕੇ ਮਨੁੱਖ) ਦਸੀਂ ਪਾਸੀਂ ਸਾਰੀ ਧਰਤੀ ਦਾ ਰਾਜ ਕਮਾਂਦਾ ਹੈ, ਦਹ ਦਿਸ = ਦਸੀਂ ਪਾਸੀਂ। ਸਾਰੀ = ਸਾਰੀ (ਸ੍ਰਿਸ਼ਟੀ) ਦਾ।
ਮਾਣੈ ਰੰਗ ਭੋਗ ਬਹੁ ਨਾਰੀ ॥
he may revel in pleasures, and enjoy many women
ਮੌਜਾਂ ਮਾਣਦਾ ਹੈ, ਇਸਤ੍ਰੀਆਂ ਭੋਗਦਾ ਹੈ।
ਜਿਉ ਨਰਪਤਿ ਸੁਪਨੈ ਭੇਖਾਰੀ ॥੩॥
- but he is just a beggar, who in his dream, is a king. ||3||
(ਪਰ ਇਹ ਸਭ ਕੁਝ ਇਉਂ ਹੀ ਹੈ) ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ (ਤੇ ਦੁਖੀ ਹੁੰਦਾ ਹੈ, ਆਤਮਕ ਸੁਖ ਦੇ ਥਾਂ ਰਾਜ ਵਿਚ ਤੇ ਭੋਗਾਂ ਵਿਚ ਭੀ ਦੁੱਖ ਹੀ ਦੁੱਖ ਹੈ) ॥੩॥ ਨਰਪਤਿ = ਰਾਜਾ। ਭੇਖਾਰੀ = ਮੰਗਤਾ ॥੩॥
ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥
The True Guru has shown me that there is only one pleasure.
ਸਤਿਗੁਰੂ ਨੇ ਮੈਨੂੰ ਅਸਲ ਆਤਮਕ ਸੁਖ (ਦਾ ਮੂਲ) ਦੱਸਿਆ ਹੈ (ਉਹ ਹੈ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਰਹਿਣਾ)। ਮੋ ਕਉ = ਮੈਨੂੰ।
ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥
Whatever the Lord does, is pleasing to the Lord's devotee.
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ (ਤੇ ਉਹ ਇਸ ਤਰ੍ਹਾਂ ਆਤਮਕ ਸੁਖ ਮਾਣਦੇ ਹਨ)। ਭਾਇਆ = ਚੰਗਾ ਲੱਗਦਾ ਹੈ।
ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥
Servant Nanak has abolished his ego, and he is absorbed in the Lord. ||4||
ਹੇ ਦਾਸ ਨਾਨਕ! ਹਉਮੈ ਮਾਰ ਕੇ (ਵਡ-ਭਾਗੀ ਮਨੁੱਖ ਪਰਮਾਤਮਾ ਵਿਚ ਹੀ) ਲੀਨ ਰਹਿੰਦਾ ਹੈ ॥੪॥ ਮਾਰਿ = ਮਾਰ ਕੇ ॥੪॥
ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥
This is the way to find happiness, O my Siblings of Destiny.
ਹੇ ਮੇਰੇ ਵੀਰ! ਇਸ ਤਰੀਕੇ ਨਾਲ (ਭਾਵ, ਰਜ਼ਾ ਵਿਚ ਰਾਜ਼ੀ ਰਹਿਣ ਨਾਲ) ਆਤਮਕ ਆਨੰਦ ਪੈਦਾ ਹੁੰਦਾ ਹੈ, ਇਨਿ ਬਿਧਿ = ਇਸ ਤਰੀਕੇ ਨਾਲ।
ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥
This is the way to find the Lord, our Help and Support. ||1||Second Pause||
ਇਸ ਤਰ੍ਹਾਂ (ਹੀ) ਅਸਲ ਮਿੱਤਰ ਹਰੀ-ਪਰਮਾਤਮਾ ਮਿਲਦਾ ਹੈ ॥੧॥ਰਹਾਉ ਦੂਜਾ॥੧॥ ਇਉ = ਇਉਂ, ਇਸ ਤਰ੍ਹਾਂ॥੧॥ਰਹਾਉ ਦੂਜਾ॥੧॥