ਸਬਦ ॥
Shabad:
ਸ਼ਬਦ।
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
Those who receive the call in the last hours of the night, chant the Name of their Lord and Master.
ਜਿਨ੍ਹਾਂ (ਵਡ-ਭਾਗੀ) ਬੰਦਿਆਂ ਨੂੰ ਅੰਮ੍ਰਿਤ ਵੇਲੇ ਪਰਮਾਤਮਾ ਆਪ ਪਿਆਰ-ਭਰਿਆ ਸੱਦਾ ਭੇਜਦਾ ਹੈ (ਪ੍ਰੇਰਨਾ ਕਰਦਾ ਹੈ) ਉਹ ਉਸ ਵੇਲੇ ਉੱਠ ਕੇ ਖਸਮ-ਪ੍ਰਭੂ ਦਾ ਨਾਮ ਲੈਂਦੇ ਹਨ। ਪਿਛਹੁ ਰਾਤੀ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਸਦੜਾ = ਪਿਆਰਾ ਸੱਦਾ। ਲੇਹਿ = ਉਹ ਮਨੁੱਖ ਲੈਂਦੇ ਹਨ।
ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥
Tents, canopies, pavilions and carriages are prepared and made ready for them.
ਤੰਬੂ, ਛੱਤਰ, ਕਨਾਤਾਂ ਰਥ (ਉਹਨਾਂ ਦੇ ਦਰ ਤੇ ਹਰ ਵੇਲੇ) ਤਿਆਰ ਦਿੱਸਦੇ ਹਨ। ਖੇਮੇ = ਖ਼ੈਮੇ, ਤੰਬੂ। ਸਰਾਇਚੇ = ਕਨਾਤਾਂ। ਦਿਸਨਿ = ਦਿੱਸਦੇ ਹਨ। ਰਥ ਪੀੜੇ = ਤਿਆਰ ਰਥ।
ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
You send out the call, Lord, to those who meditate on Your Name. ||1||
ਇਹ ਸਾਰੇ (ਦੁਨੀਆ ਦੀ ਮਾਣ-ਵਡਿਆਈ ਦੇ ਪਦਾਰਥ) ਉਹਨਾਂ ਨੂੰ ਆਪਣੇ ਆਪ ਆ ਮਿਲਦੇ ਹਨ, ਜਿਨ੍ਹਾਂ ਨੇ (ਹੇ ਪ੍ਰਭੂ!) ਤੇਰਾ ਨਾਮ ਸਿਮਰਿਆ ਹੈ ॥੧॥ ਸਦਿ = ਸੱਦ ਕੇ, ਵਾਜ ਮਾਰ ਕੇ, ਆਪਣੇ ਆਪ। ਮਿਲੇ = ਮਿਲ ਪੈਂਦੇ ਹਨ ॥੧॥
ਬਾਬਾ ਮੈ ਕਰਮਹੀਣ ਕੂੜਿਆਰ ॥
Father, I am unfortunate, a fraud.
(ਪਰ) ਹੇ ਪ੍ਰਭੂ! ਮੈਂ ਮੰਦ-ਭਾਗੀ (ਹੀ ਰਿਹਾ), ਮੈਂ ਕੂੜੇ ਪਦਾਰਥਾਂ ਦੇ ਵਣਜ ਹੀ ਕਰਦਾ ਰਿਹਾ। ਬਾਬਾ = ਹੇ ਪ੍ਰਭੂ! ਕਰਮਹੀਣ = ਭਾਗ-ਹੀਣ, ਮੰਦ-ਭਾਗੀ। ਕੂੜਿਆਰ = ਕੂੜੇ ਪਦਾਰਥਾਂ ਦਾ ਹੀ ਵਣਜ ਕਰਨ ਵਾਲਾ।
ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥
I have not found Your Name; my mind is blind and deluded by doubt. ||1||Pause||
(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਹੋਇਆ ਮੇਰਾ ਮਨ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਹੀ ਕੁਰਾਹੇ ਪਿਆ ਰਿਹਾ, ਤੇ ਮੈਂ ਤੇਰਾ ਨਾਮ ਪ੍ਰਾਪਤ ਨਾਹ ਕਰ ਸਕਿਆ ॥੧॥ ਰਹਾਉ ॥ ਅੰਧਾ = ਅੰਨ੍ਹਾ। ਭਰਮਿ = ਭਟਕਣਾ ਵਿਚ ॥੧॥ ਰਹਾਉ ॥
ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥
I have enjoyed the tastes, and now my pains have come to fruition; such is my pre-ordained destiny, O my mother.
ਹੇ ਮਾਂ! ਮੈਂ ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਸੁਆਦ ਮਾਣਦਾ ਰਿਹਾ, ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ-ਸਫ਼ਰ ਵਿਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿਚ ਉੱਕਰਦੇ ਗਏ (ਤੇ ਉਹਨਾਂ ਭੋਗਾਂ ਦੇ ਇਵਜ਼ ਵਿਚ ਮੇਰੇ ਵਾਸਤੇ) ਦੁੱਖ ਵਧਦੇ ਗਏ। ਸਾਦ = (ਅਨੇਕਾਂ ਪਦਾਰਥਾਂ ਦੇ) ਸੁਆਦ। ਪਰਫੁੜੇ = ਪ੍ਰਫੁੱਲਤ ਹੋਏ, ਵਧਦੇ ਗਏ। ਪੂਰਬਿ = ਪੂਰਬ ਵਿਚ, ਹੁਣ ਤੋਂ ਪਹਿਲੇ ਸਾਰੇ ਜਨਮਾਂ ਜਨਮਾਂਤਰਾਂ ਦੇ ਜੀਵਨ ਵਿਚ। ਲਿਖੇ = ਕੀਤੇ ਕਰਮਾਂ ਦੇ ਸੰਸਕਾਰ ਮਨ ਵਿਚ ਉੱਕਰੇ ਗਏ। ਮਾਇ = ਹੇ ਮਾਂ!
ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
Now my joys are few, and my pains are many. In utter agony, I pass my life. ||2||
ਸੁਖ ਤਾਂ ਥੋੜੇ ਹੀ ਮਾਣੇ, ਪਰ ਦੁੱਖ ਬੇਅੰਤ ਉਗਮ ਪਏ, ਹੁਣ ਮੇਰੀ ਉਮਰ ਦੁੱਖ ਵਿਚ ਹੀ ਗੁਜ਼ਰ ਰਹੀ ਹੈ ॥੨॥ ਅਗਲੇ = ਬਹੁਤੇ। ਦੂਖੇ ਦੂਖਿ = ਦੂਖਿ ਹੀ ਦੂਖਿ, ਦੁੱਖ ਹੀ ਦੁੱਖ ਵਿਚ ॥੨॥
ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥
What separation could be worse than separation from the Lord? For those who are united with Him, what other union can there be?
ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਨਾਲੋਂ ਵਿਛੁੜੇ ਹੋਏ ਹਨ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ? (ਸਭ ਤੋਂ ਕੀਮਤੀ ਪਦਾਰਥ ਤਾਂ ਹਰਿ-ਨਾਮ ਹੀ ਸੀ ਜਿਸ ਤੋਂ ਉਹ ਵਿਛੁੜ ਗਏ)। ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ? (ਉਹਨਾਂ ਨੂੰ ਹੋਰ ਕਿਸੇ ਪਦਾਰਥ, ਲੋੜ ਹੀ ਨਾਹ ਰਹਿ ਗਈ)। ਵਿਛੁੜਿਆ ਕਾ = ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਤੋਂ ਵਿਛੁੜੇ ਹੋਏ ਹਨ। ਕਿਆ ਵੀਛੁੜੇ = ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੋਣਾ ਹੈ? ਮਿਲਿਆ ਕਾ = ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ। ਕਿਆ ਮੇਲੁ = ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ?
ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
Praise the Lord and Master, who, having created this play, beholds it. ||3||
ਸਦਾ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ-ਤਮਾਸ਼ਾ ਰਚਿਆ ਹੈ ਤੇ ਰਚ ਕੇ ਇਸ ਦੀ ਸੰਭਾਲ ਕਰ ਰਿਹਾ ਹੈ ॥੩॥ ਜਿਨਿ = ਜਿਨਿ (ਸਾਹਿਬ) ਨੇ। ਕਰਿ = ਕਰ ਕੇ, ਰਚ ਕੇ। ਖੇਲੁ = ਤਮਾਸ਼ਾ, ਜਗਤ-ਰਚਨਾ ॥੩॥
ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥
By good destiny, this union comes about; this body enjoys its pleasures.
ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ ਇਸ ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ ਹੋਇਆ ਸੀ, ਪਰ ਇਸ ਸਰੀਰ ਵਿਚ ਆ ਕੇ ਮਾਇਕ ਪਦਾਰਥਾਂ ਦੇ ਰਸ ਹੀ ਮਾਣਦੇ ਰਹੇ। ਸੰਜੋਗੀ = ਸੰਜੋਗਾਂ ਨਾਲ, ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ। ਮੇਲਾਵੜਾ = ਸੋਹਣਾ ਮਿਲਾਪ, ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ। ਇਨਿ = ਇਸ ਦੀ ਰਾਹੀਂ। ਤਨਿ = ਤਨ ਦੀ ਰਾਹੀਂ। ਇਨਿ ਤਨਿ = ਇਸ ਤਨ ਦੀ ਰਾਹੀਂ, ਇਸ ਮਨੁੱਖਾ ਸਰੀਰ ਵਿਚ ਆ ਕੇ। ਭੋਗ = ਮਾਇਕ ਪਦਾਰਥਾਂ ਦੇ ਰਸਾਂ ਦੇ ਆਨੰਦ।
ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
Those who have lost their destiny, suffer separation from this union. O Nanak, they may still be united once again! ||4||1||
ਹੇ ਨਾਨਕ! ਜਦੋਂ ਉਸ ਦੀ ਰਜ਼ਾ ਵਿਚ ਮੌਤ ਆਈ, ਮਨੁੱਖਾ ਸਰੀਰ ਨਾਲੋਂ ਵਿਛੋੜਾ ਹੋ ਗਿਆ, (ਪਰ ਮਾਇਕ ਪਦਾਰਥਾਂ ਦੇ ਹੀ ਭੋਗਾਂ ਦੇ ਕਾਰਨ) ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜ ਲੰਘਣੇ ਪਏ ॥੪॥੧॥ ਮਿਲਿ = ਮਿਲ ਕੇ, ਮਨੁੱਖਾ ਸਰੀਰ ਨੂੰ ਮਿਲ ਕੇ। ਵਿਜੋਗੀ = ਵਿਜੋਗ ਦੇ ਕਾਰਨ, ਪਰਮਾਤਮਾ ਦੀ ਵਿਜੋਗ-ਸੱਤਾ ਦੇ ਕਾਰਨ, ਮੌਤ ਦੇ ਕਾਰਨ। ਭੀ = ਮੁੜ ਮੁੜ। ਸੰਜੋਗ = ਅਨੇਕਾਂ ਸੰਜੋਗ, ਅਨੇਕਾਂ ਜਨਮਾਂ ਦੇ ਸੰਜੋਗ, ਅਨੇਕਾਂ ਜਨਮਾਂ ਦੇ ਗੇੜ ॥੪॥੧॥