ਰਾਮਕਲੀ ਮਹਲਾ

Raamkalee, Fifth Mehl:

ਰਾਮਕਲੀ ਪੰਜਵੀਂ ਪਾਤਿਸ਼ਾਹੀ।

ਆਵਤ ਹਰਖ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ

Coming does not please me, and going does not bring me pain, and so my mind is not afflicted by disease.

ਹੇ ਭਾਈ! ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ। ਆਵਤ = ਆਉਂਦਿਆਂ, ਕੋਈ ਮਾਇਕ ਲਾਭ ਹੋਇਆਂ। ਹਰਖ = ਖ਼ੁਸ਼ੀ। ਜਾਵਤ = ਕੋਈ ਨੁਕਸਾਨ ਹੁੰਦਿਆਂ। ਬਿਆਪੈ = ਆਪਣਾ ਜ਼ੋਰ ਪਾ ਸਕਦਾ। ਮਨ ਰੋਗਨੀ = ਮਨ ਦਾ ਰੋਗ, ਚਿੰਤਾ।

ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥

I am in bliss forever, for I have found the Perfect Guru; my separation from the Lord is totally ended. ||1||

ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ॥੧॥ ਤਉ = ਤਦੋਂ। ਸਗਲ = ਸਾਰੀ। ਬਿਓਗਨੀ = ਵਿਛੋੜਾ ॥੧॥

ਇਹ ਬਿਧਿ ਹੈ ਮਨੁ ਜੋਗਨੀ

This is how I have joined my mind to the Lord.

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਇਹ ਬਿਧਿ = ਇਸ ਕਿਸਮ ਦਾ। ਜੋਗਨੀ = ਜੁੜਿਆ ਹੋਇਆ।

ਮੋਹੁ ਸੋਗੁ ਰੋਗੁ ਲੋਗੁ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ

Attachment, sorrow, disease and public opinion do not affect me, and so, I enjoy the subtle essence of the Lord, Har, Har, Har. ||1||Pause||

ਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ॥੧॥ ਰਹਾਉ ॥ ਲੋਗੁ = ਲੋਕ-ਲਾਜ। ਤਹ = ਉਸ ਅਵਸਥਾ ਵਿਚ ॥੧॥ ਰਹਾਉ ॥

ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ

I am pure in the heavenly realm, pure on this earth, and pure in the nether regions of the underworld. I remain apart from the people of the world.

(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ। ਮਿਰਤ = ਮਾਤ-ਲੋਕ। ਪਇਆਲ = ਪਾਤਾਲ। ਅਲੋਗਨੀ = ਲੋਕ-ਲਾਜ ਤੋਂ ਰਹਿਤ।

ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥

Obedient to the Lord, I enjoy peace forever; wherever I look, I see the Lord of glorious virtues. ||2||

(ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ। ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ ॥੨॥ ਭੁੰਚੈ = ਮਾਣਦਾ ਹੈ। ਜਤ ਕਤ = ਜਿੱਥੇ ਕਿੱਥੇ, ਹਰ ਥਾਂ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਗੁਨੀ = ਗੁਣਾਂ ਦਾ ਮਾਲਕ ॥੨॥

ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ

There is no Shiva or Shakti, no energy or matter, no water or wind, no world of form there,

ਹੇ ਭਾਈ! ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ। ਸਿਵ ਸਕਤੀ = ਸ਼ਿਵ ਦੀ ਸ਼ਕਤੀ, ਰਿੱਧੀਆਂ ਸਿੱਧੀਆਂ। ਜਲੁ = ਪਾਣੀ, ਤੀਰਥ-ਇਸ਼ਨਾਨ। ਪਵਨਾ = ਹਵਾ, ਪ੍ਰਾਣਾਯਾਮ। ਤਹ = ਉਸ ਅਵਸਥਾ ਵਿਚ। ਅਕਾਰੁ = ਆਕਾਰ, ਰੂਪ। ਮੇਦਨੀ = ਧਰਤੀ (ਦੇ ਪਦਾਰਥ)।

ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥

where the True Guru, the Yogi, dwells, where the Imperishable Lord God, the Unapproachable Master abides. ||3||

ਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ ॥੩॥ ਜੋਗ = ਮਿਲਾਪ। ਅਵਿਗਤ = ਅਵਿਅਕਤ, ਅਦ੍ਰਿਸ਼ਟ ਪ੍ਰਭੂ। ਅਗਮ = ਅਪਹੁੰਚ। ਧਨੀ = ਮਾਲਕ ॥੩॥

ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ

Body and mind belong to the Lord; all wealth belongs to the Lord; what glorious virtues of the Lord can I describe?

(ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ? ਹਉ = ਮੈਂ। ਗਨੀ = ਗਨੀਂ, ਮੈਂ ਗਿਣਾਂ।

ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥

Says Nanak, the Guru has destroyed my sense of 'mine and yours'. Like water with water, I am blended with God. ||4||3||

ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ॥੪॥੩॥ ਹਮ ਤੁਮ = ਮੇਰ-ਤੇਰ। ਗੁਰਿ = ਗੁਰੂ ਨੇ। ਅੰਭੈ = ਪਾਣੀ ਵਿਚ। ਅੰਭੁ = ਪਾਣੀ {अंभस्} ॥੪॥੩॥