ਨਟ ਮਹਲਾ ੪ ॥
Nat, Fourth Mehl:
ਨਟ ਚੌਥੀ ਪਾਤਸ਼ਾਹੀ।
ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥
The Lord has bathed me in the pool of Ambrosial Nectar.
ਹੇ ਰਾਮ! ਹੇ ਹਰੀ! (ਜਿਹੜਾ ਮਨੁੱਖ ਤੇਰੀ ਮਿਹਰ ਨਾਲ) ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਦੇ ਸਰ ਵਿਚ (ਆਪਣੇ ਮਨ ਨੂੰ) ਇਸ਼ਨਾਨ ਕਰਾਂਦਾ ਹੈ, ਰਾਮ = ਹੇ ਰਾਮ! ਹਰਿ = ਹੇ ਹਰੀ! ਅੰਮ੍ਰਿਤਸਰਿ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ। ਨਾਵਾਰੇ = ਇਸ਼ਨਾਨ ਕਰਾਂਦਾ ਹੈ।
ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥
The spiritual wisdom of the True Guru is the most excellent cleansing bath; bathing in it, all the filthy sins are washed away. ||1||Pause||
(ਉਹ ਮਨੁੱਖ ਗੁਰੂ ਨੂੰ) ਮਿਲ ਕੇ (ਆਪਣੇ ਸਾਰੇ) ਪਾਪ ਵਿਕਾਰ ਲਾਹ ਲੈਂਦਾ ਹੈ। (ਗੁਰੂ ਦੀ ਰਾਹੀਂ) ਆਤਮਕ ਜੀਵਨ ਦੀ ਸੂਝ ਹੀ ਗੁਰੂ (-ਸਰੋਵਰ) ਵਿਚ ਸੋਹਣਾ ਇਸ਼ਨਾਨ ਹੈ ॥੧॥ ਰਹਾਉ ॥ ਸਤਿਗੁਰਿ = ਗੁਰੂ ਵਿਚ। ਗਿਆਨੁ = ਆਤਮਕ ਜੀਵਨ ਦੀ ਸੂਝ। ਮਜਨੁ = ਇਸ਼ਨਾਨ। ਨੀਕੋ = ਸੋਹਣਾ, ਚੰਗਾ। ਮਿਲਿ = (ਗੁਰੂ ਨੂੰ) ਮਿਲ ਕੇ। ਕਲਮਲ = ਪਾਪ। ਉਤਾਰੇ = ਲਾਹ ਲੈਂਦਾ ਹੈ ॥੧॥ ਰਹਾਉ ॥
ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥
The virtues of the Sangat, the Holy Congregation, are so very great. Even the prostitute was saved, by teaching the parrot to speak the Lord's Name.
ਸੰਗਤ ਦਾ ਅਸਰ ਬਹੁਤ ਅਧਿਕ ਹੋਇਆ ਕਰਦਾ ਹੈ, (ਵੇਖੋ,) ਤੋਤਾ (ਗਨਿਕਾ ਪਾਸੋਂ 'ਰਾਮ ਨਾਮ') ਪੜ੍ਹ ਕੇ ਗਨਿਕਾ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਗਿਆ। ਗੁਨੁ = ਪ੍ਰਭਾਵ, ਅਸਰ, ਲਾਭ। ਅਧਿਕਾਈ = ਵਧੀਕ। ਪੜਿ = ਪੜ੍ਹ ਕੇ। ਸੂਆ = {शुक} ਤੋਤਾ। ਉਧਾਰੇ = ਪਾਰ ਲੰਘਾ ਲੈਂਦਾ ਹੈ।
ਪਰਸਨ ਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥
Krishna was pleased, and so he touched the hunch-back Kubija, and she was transported to the heavens. ||1||
ਕੁਬਿਜਾ ਨੂੰ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ) ਸ੍ਰੇਸ਼ਟ ਛੋਹ ਪ੍ਰਾਪਤ ਹੋਈ, (ਉਹ ਛੋਹ) ਉਸ ਨੂੰ ਬੈਕੁੰਠ ਵਿਚ ਭੀ ਲੈ ਪਹੁੰਚੀ ॥੧॥ ਪਰਸਨ ਪਰਸ = {स्पर्श = ਛੁਹ} ਬਹੁਤ ਵਧੀਆ ਛੁਹ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ)। ਕਉ = ਨੂੰ। ਬੈਕੁੰਠਿ = ਬੈਕੁੰਠ ਵਿਚ। ਸਿਧਾਰੈ = ਪਹੁੰਚਦੇ ਹਨ ॥੧॥
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥
Ajaamal loved his son Naaraayan, and called out his name.
ਅਜਾਮਲ ਦੀ ਆਪਣੇ ਪੁੱਤਰ (ਨਾਰਾਇਣ) ਨਾਲ ਕੀਤੀ ਹੋਈ ਪ੍ਰੀਤ (ਜਗਤ-ਪ੍ਰਸਿਧ ਹੈ। ਅਜਾਮਲ ਆਪਣੇ ਪੁੱਤਰ ਨੂੰ) ਨਾਰਾਇਣ ਨਾਮ ਨਾਲ ਬੁਲਾਂਦਾ ਸੀ (ਨਾਰਾਇਣ ਆਖਦਿਆਂ ਉਸ ਦੀ ਪ੍ਰੀਤ ਨਾਰਾਇਣ-ਪ੍ਰਭੂ ਨਾਲ ਭੀ ਬਣ ਗਈ)। ਪੁਤ੍ਰ ਪ੍ਰਤਿ = ਪੁੱਤਰ ਵਾਸਤੇ। ਕੀਨੀ = ਕੀਤੀ ਹੋਈ। ਕਹਿ = ਆਖ ਆਖ ਕੇ। ਬੋਲਾਰੇ = ਬੁਲਾਂਦਾ ਹੈ।
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥
His loving devotion pleased my Lord and Master, who struck down and drove off the Messengers of Death. ||2||
ਪਿਆਰੇ ਮਾਲਕ ਪ੍ਰਭੂ ਨਾਰਾਇਣ ਦੇ ਮਨ ਵਿਚ (ਅਜਾਮਲ ਦੀ ਉਹ) ਪ੍ਰੀਤ ਪਸੰਦ ਆ ਗਈ, ਉਸ ਨੇ ਜਮਦੂਤਾਂ ਨੂੰ ਮਾਰ ਕੇ (ਅਜਾਮਲ ਤੋਂ ਪਰੇ) ਭਜਾ ਦਿੱਤਾ ॥੨॥ ਕੈ ਮਨਿ = ਦੇ ਮਨ ਵਿਚ। ਭਾਇ = ਭਾ ਗਈ, ਪਸੰਦ ਆ ਗਈ, ਚੰਗੀ ਲੱਗੀ। ਭਾਵਨੀ = ਸਰਧਾ। ਕੰਕਰ = {किंकर} ਨੌਕਰ। ਜਮ ਕੰਕਰ = ਜਮਰਾਜ ਦੇ ਨੌਕਰ, ਜਮਦੂਤ। ਮਾਰਿ = ਮਾਰ ਕੇ। ਬਿਦਾਰੇ = ਨਾਸ ਕਰ ਦਿੱਤੇ ॥੨॥
ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥
The mortal speaks and by speaking, makes the people listen; but he does not reflect upon what he himself says.
ਪਰ, ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰ ਕੇ ਨਿਰਾ ਲੋਕਾਂ ਨੂੰ ਹੀ ਸੁਣਾਂਦਾ ਹੈ (ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ); ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ। ਕਥੈ = (ਨਿਰਾ) ਜ਼ਬਾਨੀ ਆਖਦਾ ਹੈ। ਕਥਿ = ਜ਼ਬਾਨੀ ਆਖ ਕੇ।
ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥
But when he joins the Sat Sangat, the True Congregation, he is confirmed in his faith, and he is saved by the Name of the Lord. ||3||
ਜਦੋਂ ਮਨੁੱਖ (ਗੁਰੂ ਦੀ) ਸਾਧ ਸੰਗਤ ਵਿਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸਰਧਾ ਬੱਝਦੀ ਹੈ, (ਗੁਰੂ ਉਸ ਨੂੰ) ਪਰਮਾਤਮਾ ਦੇ ਨਾਮ (ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੩॥ ਦਿੜਤਾ = ਪਕਿਆਈ, ਯਕੀਨ। ਨਾਮਿ = ਨਾਮ ਦੀ ਰਾਹੀਂ। ਨਿਸਤਾਰੇ = (ਗੁਰੂ) ਪਾਰ ਲੰਘਾ ਦੇਂਦਾ ਹੈ ॥੩॥
ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥
As long as his soul and body are healthy and strong, he does not remember the Lord at all.
ਜਦੋਂ ਤਕ ਜਿੰਦ ਤੇ ਸਰੀਰ (ਦਾ ਮੇਲ) ਕਾਇਮ ਰਹਿੰਦਾ ਹੈ, ਤਦੋਂ ਤਕ (ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ) ਹਿਰਦੇ ਵਿਚ ਨਹੀਂ ਵਸਾਂਦਾ, ਜਬ ਲਗੁ = ਜਦੋਂ ਤਕ। ਜੀਉ = ਜਿੰਦ। ਪਿੰਡੁ = ਸਰੀਰ। ਸਾਬਤੁ = ਕਾਇਮ। ਤਬ ਲਗਿ = ਤਦੋਂ ਤਕ {ਲਫ਼ਜ਼ 'ਲਗੁ' ਅਤੇ 'ਲਗਿ' ਦਾ ਇਕੋ ਹੀ ਅਰਥ ਹੈ}। ਨ ਸਮਾਰੇ = ਨਹੀਂ ਸੰਭਾਲਦਾ, ਆਤਮਕ ਜੀਵਨ ਦੀ ਸਾਂਭ-ਸੰਭਾਲ ਨਹੀਂ ਕਰਦਾ।
ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥
But when his home and mansion catch fire, then, he wants to dig the well to draw water. ||4||
(ਇਸ ਦਾ ਹਾਲ ਉਸੇ ਮਨੁੱਖ ਵਾਂਗ ਸਮਝੋ, ਜਿਸ ਦੇ) ਘਰ-ਮਹਲ ਵਿਚ ਜਦੋਂ ਅੱਗ ਲੱਗਦੀ ਹੈ ਤਦੋਂ ਖੂਹ ਪੁੱਟ ਕੇ ਪਾਣੀ ਕੱਢਦਾ ਹੈ (ਅੱਗ ਬੁਝਾਣ ਲਈ) ॥੪॥ ਮੰਦਰਿ = ਘਰ ਵਿਚ। ਆਗਿ = ਅੱਗ। ਕੂਪੁ = ਖੂਹ। ਪਨਿਹਾਰੇ = ਪਨਿਹਾਰਾ, ਪਾਣੀ ਕੱਢਣ ਵਾਲਾ ॥੪॥
ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥
O mind, do not join with the faithless cynic, who has forgotten the Name of the Lord, Har, Har.
ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਉੱਕਾ ਹੀ ਭੁਲਾ ਦਿੱਤਾ ਹੈ (ਉਹ ਸਾਕਤ ਹੈ, ਉਸ) ਸਾਕਤ ਨਾਲ ਕਦੇ ਸਾਂਝ ਨਾਹ ਪਾਣੀ, ਸਾਕਤ ਸਿਉ = ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਨਾਲ। ਮਨ = ਹੇ ਮਨ! ਮੇਲੁ = ਸੰਬੰਧ, ਸਾਂਝ, ਬਹਣ-ਖਲੋਣ। ਜਿਨਿ = ਜਿਸ (ਸਾਕਤ) ਨੇ। ਬਿਸਾਰੇ = ਭੁਲਾ ਦਿੱਤਾ ਹੈ।
ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥
The word of the faithless cynic stings like a scorpion; leave the faithless cynic far, far behind. ||5||
ਕਿਉਂਕਿ ਸਾਕਤ ਦੇ ਬਚਨਾਂ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ-ਠੂਹੇਂ ਦੇ ਡੰਗ ਨਾਲ। ਸਾਕਤ (ਦਾ ਸੰਗ) ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਹੈ ॥੫॥ ਡਸੀਐ = ਡਸਿਆ ਜਾਂਦਾ ਹੈ। ਤਜਿ = ਤਿਆਗ ਕੇ। ਪਰਾਰੇ = ਹੋਰ ਪਰੇ ॥੫॥
ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥
Fall in love, fall deeply in love with the Lord; clinging to the Saadh Sangat, the Company of the Holy, you will be exalted and embellished.
(ਜਿਨ੍ਹਾਂ ਮਨੁੱਖਾਂ ਨੇ) ਮੁੜ ਮੁੜ (ਗੁਰੂ ਦੀ ਚਰਨੀਂ) ਲੱਗ ਕੇ (ਆਪਣੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ) ਬਹੁਤ ਪ੍ਰੀਤ ਪੈਦਾ ਕਰ ਲਈ, ਗੁਰੂ ਦੀ ਸੰਗਤ ਵਿਚ ਰਹਿ ਕੇ ਆਪਣੇ ਜੀਵਨ ਚੰਗੇ ਬਣਾ ਲਏ, ਲਗਿ = (ਗੁਰੂ ਦੀ ਚਰਨੀਂ) ਲੱਗ ਕੇ। ਲਗਿ ਲਗਿ = ਮੁੜ ਮੁੜ ਲੱਗ ਕੇ। ਪ੍ਰੀਤਿ ਲਗਾਈ = (ਆਪਣੇ ਹਿਰਦੇ ਵਿਚ) ਪ੍ਰੀਤ ਪੈਦਾ ਕੀਤੀ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਸਵਾਰੇ = ਆਪਣੇ ਜੀਵਨ ਚੰਗੇ ਬਣਾ ਲਏ।
ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥੬॥
Those who accept the Word of the Guru as True, totally True, are very dear to my Lord and Master. ||6||
ਗੁਰੂ ਦੇ ਬਚਨਾਂ ਉਤੇ ਪੂਰੀ ਸਰਧਾ ਬਣਾ ਲਈ, ਉਹ ਮਨੁੱਖ ਪਰਮਾਤਮਾ ਨੂੰ ਬਹੁਤ ਪਿਆਰੇ ਲੱਗਦੇ ਹਨ ॥੬॥ ਸਤਿ ਕਰਿ = ਸੱਚੇ ਜਾਣ ਕੇ। ਮਾਨੇ = ਮੰਨ ਲਏ ॥੬॥
ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥
Because of actions committed in past lives, one comes to love the Name of the Lord, Har, Har, Har.
ਪੂਰਬਲੇ ਜਨਮ ਵਿਚ ਜਿਸ ਮਨੁੱਖ ਨੇ ਥੋੜੇ ਥੋੜੇ ਸ਼ੁਭ ਕਰਮ ਕਮਾਏ, (ਉਹਨਾਂ ਦੀ ਬਰਕਤਿ ਨਾਲ ਹੁਣ ਭੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਾਇਆ, ਪੂਰਬਿ ਜਨਮਿ = ਪਹਿਲੇ ਜਨਮ ਵਿਚ। ਪਰਚੂਨ = ਥੋਹੜੇ ਥੋਹੜੇ (ਸ਼ੁਭ ਕਰਮ)। ਨਾਮਿ = ਨਾਮ ਵਿਚ। ਪਿਆਰੇ = ਪਿਆਰ ਕਰਦਾ ਹੈ।
ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ ਰਸੁ ਗਾਵੈ ਰਸੁ ਵੀਚਾਰੇ ॥੭॥
By Guru's Grace, you shall obtain the ambrosial essence; sing of this essence, and reflect upon this essence. ||7||
ਗੁਰੂ ਦੀ ਕਿਰਪਾ ਨਾਲ ਉਸ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲੱਭ ਲਿਆ। ਉਹ ਮਨੁੱਖ (ਸਦਾ) ਨਾਮ-ਰਸ ਨੂੰ ਸਲਾਹੁੰਦਾ ਹੈ, ਨਾਮ-ਰਸ ਨੂੰ ਹੀ ਹਿਰਦੇ ਵਿਚ ਵਸਾਂਦਾ ਹੈ ॥੭॥ ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੭॥
ਹਰਿ ਹਰਿ ਰੂਪ ਰੰਗ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥
O Lord, Har, Har, all forms and colors are Yours; O my Beloved, my deep crimson ruby.
ਹੇ ਨਾਨਕ! ਹੇ ਹਰੀ! ਹੇ ਲਾਲ! ਹੇ ਸੋਹਣੇ ਲਾਲ! (ਸਭ ਜੀਅ ਜੰਤ) ਸਾਰੇ ਤੇਰੇ ਹੀ ਰੂਪ ਹਨ ਤੇਰੇ ਹੀ ਰੰਗ ਹਨ। ਹਰਿ = ਹੇ ਹਰੀ! ਸਭਿ = ਸਾਰੇ। ਲਾਲਨ = ਹੇ ਲਾਲ! ਲਾਲ ਗੁਲਾਰੇ = ਹੇ ਸੋਹਣੇ ਲਾਲ!
ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥੮॥੩॥
Only that color which You impart, Lord, exists; O Nanak, what can the poor wretched being do? ||8||3||
ਜਿਹੋ ਜਿਹਾ ਰੰਗ ਤੂੰ (ਕਿਸੇ ਜੀਵ ਨੂੰ) ਦੇਂਦਾ ਹੈਂ (ਉਸ ਉਤੇ) ਉਹੋ ਜਿਹਾ ਰੰਗ ਹੀ ਚੜ੍ਹਦਾ ਹੈ। ਇਹਨਾਂ ਵਿਚਾਰੇ ਜੀਵਾਂ ਦੀ ਆਪਣੀ ਕੋਈ ਪਾਂਇਆਂ ਨਹੀਂ ਹੈ ॥੮॥੩॥ ਦੇਹਿ = ਤੂੰ ਦੇਂਦਾ ਹੈਂ। ਸੋ = ਉਹੀ ਰੰਗ। ਕਿਆ = ਕੀਹ ਪਾਂਇਆਂ ਹੈ? ॥੮॥੩॥