ਰਾਮਕਲੀ ਮਹਲਾ ੩ ॥
Raamkalee, Third Mehl:
ਰਾਮਕਲੀ ਤੀਜੀ ਪਾਤਿਸ਼ਾਹੀ।
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥
I am filthy and polluted, proud and egotistical; receiving the Word of the Shabad, my filth is taken away. ||1||
ਹੇ ਸੰਤ ਜਨੋ! ਅਸੀਂ ਸੰਸਾਰੀ-ਜੀਵ (ਆਮ ਤੌਰ ਤੇ) ਕੁਚੱਲਣੇ ਗੰਦੇ ਆਚਰਨ ਵਾਲੇ ਅਹੰਕਾਰੀ ਹੋਏ ਰਹਿੰਦੇ ਹਾਂ। (ਕਿਸੇ ਵਡਭਾਗੀ ਨੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ ॥੧॥ ਹਮ = ਅਸੀਂ ਸੰਸਾਰੀ ਜੀਵ। ਕੁਚਲ = ਕੁਚੱਲਣੇ, ਕੋਝੀ ਜੀਵਨ-ਚਾਲ ਵਾਲੇ। ਕੁਚੀਲ = ਗੰਦੇ। ਮਿਲਿ = ਮਿਲ ਕੇ। ਸਬਦੇ = ਗੁਰੂ ਦੇ ਸ਼ਬਦ ਵਿਚ ਹੀ ॥੧॥
ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥
O Saints, the Gurmukhs are saved through the Naam, the Name of the Lord.
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ। ਸੰਤਹੁ = ਹੇ ਸੰਤ ਜਨੋ! ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਨਾਮਿ = ਪਰਮਾਤਮਾ ਦੇ ਨਾਮ ਦੀ ਰਾਹੀਂ। ਨਿਸਤਾਰੀ = ਪਾਰ-ਉਤਾਰਾ ਹੋ ਜਾਂਦਾ ਹੈ।
ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥
The True Name abides deep within their hearts. The Creator Himself embellishes them. ||1||Pause||
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, (ਸਮਝੋ) ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ ॥੧॥ ਰਹਾਉ ॥ ਸਚਾ = ਸਦਾ ਕਾਇਮ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਕਰਤੈ = ਕਰਤਾਰ ਨੇ। ਸਵਾਰੀ = ਪੈਜ ਰੱਖ ਲਈ ॥੧॥ ਰਹਾਉ ॥
ਪਾਰਸ ਪਰਸੇ ਫਿਰਿ ਪਾਰਸੁ ਹੋਏ ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥
Touching the philosopher's stone, they themselves become the philosopher's stone; the Dear Lord Himself blesses them with His Mercy. ||2||
ਜਿਸ ਮਨੁੱਖ ਉਤੇ ਪ੍ਰਭੂ ਜੀ ਆਪਣੀ ਕਿਰਪਾ ਕਰਦੇ ਹਨ, ਉਹ ਮਨੁੱਖ ਗੁਰੂ-ਪਾਰਸ ਨੂੰ ਛੁਹ ਕੇ ਆਪ ਭੀ ਪਾਰਸ ਬਣ ਜਾਂਦਾ ਹੈ ॥੨॥ ਪਾਰਸ = ਲੋਹੇ ਨੂੰ ਸੋਨਾ ਕਰ ਦੇਣ ਵਾਲੀ ਪੱਥਰੀ, ਵਿਕਾਰੀ ਮਨਾਂ ਨੂੰ ਪਵਿੱਤਰ ਕਰਨ ਵਾਲਾ ਗੁਰੂ ਪਾਰਸ। ਪਰਸੇ = ਪਰਸਿ, ਛੁਹ ਕੇ ॥੨॥
ਇਕਿ ਭੇਖ ਕਰਹਿ ਫਿਰਹਿ ਅਭਿਮਾਨੀ ਤਿਨ ਜੂਐ ਬਾਜੀ ਹਾਰੀ ॥੩॥
Some wear religious robes, and wander around in pride; they lose their life in the gamble. ||3||
ਹੇ ਸੰਤ ਜਨੋ! ਜਿਹੜੇ ਅਨੇਕਾਂ ਜੀਵ ਧਾਰਮਿਕ ਬਾਣਾ ਪਾਈ ਫਿਰਦੇ ਹਨ ਤੇ ਉਸ ਭੇਖ ਦੇ ਕਾਰਨ ਅਹੰਕਾਰੀ ਹੋਏ ਫਿਰਦੇ ਹਨ, ਉਹਨਾਂ ਨੇ ਮਨੁੱਖਾ ਜਨਮ ਦੀ ਖੇਡ ਜੂਏ ਵਿਚ ਹਾਰ ਲਈ (ਜਾਣੋ) ॥੩॥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਤਿਨ = ਉਹਨਾਂ ਨੇ। ਜੂਐ = ਜੂਏ ਵਿਚ ॥੩॥
ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਉਰਿ ਧਾਰੀ ॥੪॥
Some worship the Lord in devotion, night and day; day and night, they keep the Lord's Name enshrined in their hearts. ||4||
ਪਰ, ਹੇ ਸੰਤ ਜਨੋ! ਕਈ ਬੰਦੇ ਐਸੇ ਹਨ ਜੋ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ॥੪॥ ਅਨਦਿਨੁ = ਹਰ ਰੋਜ਼। ਉਰਿ = ਹਿਰਦੇ ਵਿਚ ॥੪॥
ਅਨਦਿਨੁ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ॥੫॥
Those who are imbued with Him night and day, are spontaneously intoxicated with Him; they intuitively conquer their ego. ||5||
ਜਿਹੜੇ ਮਨੁੱਖ ਹਰ ਵੇਲੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ॥੫॥ ਰਾਤੇ = ਰੰਗੇ ਹੋਏ। ਸਹਜੇ = ਸਹਿਜ, ਆਤਮਕ ਅਡੋਲਤਾ ਵਿਚ। ਮਾਤੇ = ਮਸਤ ॥੫॥
ਭੈ ਬਿਨੁ ਭਗਤਿ ਨ ਹੋਈ ਕਬ ਹੀ ਭੈ ਭਾਇ ਭਗਤਿ ਸਵਾਰੀ ॥੬॥
Without the Fear of God, devotional worship is never performed; through the Love and the Fear of God, devotional worship is embellished. ||6||
ਹੇ ਸੰਤ ਜਨੋ! ਪ੍ਰਭੂ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ। ਡਰ-ਅਦਬ, ਪ੍ਰੇਮ ਅਤੇ ਭਗਤੀ ਵਿਚ ਟਿਕਣ ਵਾਲਿਆਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾ ਲਈ ॥੬॥ ਭੈ ਬਿਨੁ = ਪ੍ਰਭੂ ਦਾ ਡਰ ਰੱਖਣ ਤੋਂ ਬਿਨਾ। ਕਬ ਹੀ = ਕਦੇ ਭੀ। ਭੈ = ਡਰ ਵਿਚ। ਭਾਇ = ਪ੍ਰੇਮ ਵਿਚ ॥੬॥
ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥੭॥
The Shabad burns away emotional attachment to Maya, and then one contemplates the essence of spiritual wisdom. ||7||
ਪ੍ਰਭੂ ਵਿਚ ਜੁੜ ਕੇ ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਹੜੇ ਬੰਦੇ ਵਿਚਾਰਵਾਨ ਹੋ ਗਏ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਲਿਆ ॥੭॥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਗਿਆਨਿ = ਆਤਮਕ ਜੀਵਨ ਦੀ ਸੂਝ ਨਾਲ। ਤਤਿ = ਜਗਤ ਦੇ ਮੂਲ ਪ੍ਰਭੂ ਵਿਚ ਜੁੜ ਕੇ। ਬੀਚਾਰੀ = ਵਿਚਾਰਵਾਨ ॥੭॥
ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥੮॥
The Creator Himself inspires us to act; He Himself blesses us with His treasure. ||8||
ਪਰ ਹੇ ਸੰਤ ਜਨੋ! ਪ੍ਰਭੂ ਆਪ ਹੀ (ਜੀਵਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਆਪ ਹੀ ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ ॥੮॥ ਆਪੇ = ਆਪ ਹੀ। ਕਰਤਾ = ਕਰਤਾਰ। ਬਖਸਿ = ਬਖਸੇ, ਬਖ਼ਸਦਾ ਹੈ। ਭੰਡਾਰੀ = ਖ਼ਜ਼ਾਨੇ ॥੮॥
ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥੯॥
The limits of His virtues cannot be found; I sing His Praises and contemplate the Word of the Shabad. ||9||
ਹੇ ਸੰਤ ਜਨੋ! ਮੈਂ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। (ਉਸ ਦੀ ਮਿਹਰ ਨਾਲ ਹੀ) ਮੈਂ ਉਸ ਦੇ ਗੁਣ ਗਾਂਦਾ ਹਾਂ, ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕਰਦਾ ਹਾਂ ॥੯॥ ਤਿਸ ਕਿਆ ਗੁਣਾ ਕਾ = ਉਸ ਪ੍ਰਭੂ ਦੇ ਗੁਣਾਂ ਦਾ {ਸੰਬੰਧਕ 'ਕਿਆ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਹਉ = ਮੈਂ। ਗਾਵਾ = ਗਾਵਾਂ, ਮੈਂ ਗਾਂਦਾ ਹਾਂ ॥੯॥
ਹਰਿ ਜੀਉ ਜਪੀ ਹਰਿ ਜੀਉ ਸਾਲਾਹੀ ਵਿਚਹੁ ਆਪੁ ਨਿਵਾਰੀ ॥੧੦॥
I chant the Lord's Name, and praise my Dear Lord; egotism is eradicated from within me. ||10||
ਹੇ ਸੰਤ ਜਨੋ! (ਉਸ ਦੀ ਕਿਰਪਾ ਨਾਲ ਹੀ) ਮੈਂ ਉਸ ਦਾ ਨਾਮ ਜਪਦਾ ਹਾਂ, ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਅਤੇ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹਾਂ ॥੧੦॥ ਜਪੀ = ਜਪੀਂ, ਮੈਂ ਜਪਦਾ ਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਆਪੁ = ਆਪਾ-ਭਾਵ ॥੧੦॥
ਨਾਮੁ ਪਦਾਰਥੁ ਗੁਰ ਤੇ ਪਾਇਆ ਅਖੁਟ ਸਚੇ ਭੰਡਾਰੀ ॥੧੧॥
The treasure of the Naam is obtained from the Guru; the treasures of the True Lord are inexhaustible. ||11||
ਹੇ ਸੰਤ ਜਨੋ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ-ਖ਼ਜ਼ਾਨੇ ਕਦੇ ਮੁੱਕਣ ਵਾਲੇ ਨਹੀਂ ਹਨ, ਪਰ ਇਹ ਨਾਮ-ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੧੧॥ ਪਦਾਰਥੁ = ਕੀਮਤੀ ਵਸਤ। ਤੇ = ਤੋਂ, ਪਾਸੋਂ। ਅਖੁਟ = ਕਦੇ ਨਾਹ ਮੁੱਕਣ ਵਾਲੇ। ਸਚੇ = ਸਦਾ-ਥਿਰ ਪ੍ਰਭੂ ਦੇ ॥੧੧॥
ਅਪਣਿਆ ਭਗਤਾ ਨੋ ਆਪੇ ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥
He Himself is pleased with His devotees; by His Grace, He infuses His strength within them. ||12||
ਹੇ ਸੰਤ ਜਨੋ! ਆਪਣੇ ਭਗਤਾਂ ਉਤੇ ਪ੍ਰਭੂ ਆਪ ਹੀ ਦਇਆਵਾਨ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਆਪ ਹੀ ਕਿਰਪਾ ਕਰ ਕੇ (ਨਾਮ ਜਪਣ ਦੀ) ਸੱਤਿਆ ਟਿਕਾਈ ਰੱਖਦਾ ਹੈ ॥੧੨॥ ਨੋ = ਨੂੰ। ਤੁਠਾ = ਦਇਆਵਾਨ ਹੁੰਦਾ ਹੈ। ਕਰਿ = ਕਰ ਕਰ ਕੇ। ਕਲ = ਸੱਤਾ। ਧਾਰੀ = ਟਿਕਾਂਦਾ ਹੈ ॥੧੨॥
ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨਿ ਸਬਦਿ ਵੀਚਾਰੀ ॥੧੩॥
They always feel hunger for the True Name; they sing and contemplate the Shabad. ||13||
(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਉਹਨਾਂ (ਭਗਤ ਜਨਾਂ) ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਦੀ ਸਦਾ ਭੁੱਖ ਲੱਗੀ ਰਹਿੰਦੀ ਹੈ, ਉਹ ਉੱਚੀ ਵਿਚਾਰ ਦੇ ਮਾਲਕ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ॥੧੩॥ ਗਾਵਨਿ = ਗਾਂਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵਿਚਾਰਵਾਨ ਹੋ ਕੇ ॥੧੩॥
ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ ਆਖਣੁ ਬਿਖਮੁ ਬੀਚਾਰੀ ॥੧੪॥
Soul, body and everything are His; it is so difficult to speak of, and contemplate Him. ||14||
ਹੇ ਸੰਤ ਜਨੋ! ਇਹ ਜਿੰਦ ਤੇ ਇਹ ਸਰੀਰ (ਜੀਵਾਂ ਨੂੰ) ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਉਸ ਦੀਆਂ ਬਖ਼ਸ਼ਸ਼ਾਂ ਦਾ) ਵਿਚਾਰ ਕਰਨਾ ਤੇ ਬਿਆਨ ਕਰਨਾ (ਬਹੁਤ) ਔਖਾ ਹੈ ॥੧੪॥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = ਉਸ (ਪ੍ਰਭੂ) ਦਾ {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਬਿਖਮੁ = ਔਖਾ, ਕਠਨ। ਆਖਣੁ = ਬਿਆਨ ਕਰਨਾ ॥੧੪॥
ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥੧੫॥
Those humble beings who are attached to the Shabad are saved; they cross over the terrifying world-ocean. ||15||
ਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਦੇ ਹਨ, ਉਹੀ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ, ਪਾਰ ਲੰਘ ਜਾਂਦੇ ਹਨ ॥੧੫॥ ਸਬਦਿ = ਸ਼ਬਦ ਵਿਚ। ਸੇਈ = ਉਹ (ਬੰਦੇ)। ਨਿਸਤਰੇ = ਪਾਰ ਲੰਘ ਗਏ। ਭਉਜਲੁ = ਸੰਸਾਰ-ਸਮੁੰਦਰ ॥੧੫॥
ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥੧੬॥
Without the True Lord, no one can cross over; how rare are those who contemplate and understand this. ||16||
ਹੇ ਸੰਤ ਜਨੋ! ਕੋਈ ਵਿਰਲਾ ਵਿਚਾਰਵਾਨ ਇਹ ਗੱਲ ਸਮਝਦਾ ਹੈ ਕਿ ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਹੋਰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ ॥੧੬॥ ਬਿਨੁ ਸਾਚੇ = ਸਦਾ-ਥਿਰ ਪ੍ਰਭੂ (ਦੀ ਮਿਹਰ) ਤੋਂ ਬਿਨਾ। ਕੋ = ਕੋਈ ਵਿਰਲਾ। ਵੀਚਾਰੀ = ਵਿਚਾਰਵਾਨ ॥੧੬॥
ਜੋ ਧੁਰਿ ਲਿਖਿਆ ਸੋਈ ਪਾਇਆ ਮਿਲਿ ਹਰਿ ਸਬਦਿ ਸਵਾਰੀ ॥੧੭॥
We obtain only that which is pre-ordained; receiving the Lord's Shabad, we are embellished. ||17||
(ਪਰ ਹੇ ਸੰਤ ਜਨੋ! ਇਹ ਨਾਮ ਦੀ ਦਾਤ ਜੀਵਾਂ ਦੇ ਵੱਸ ਦੀ ਖੇਡ ਨਹੀਂ ਹੈ, ਪ੍ਰਭੂ ਨੇ) ਧੁਰ-ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਜੋ ਲੇਖ ਲਿਖ ਦਿੱਤਾ ਉਹੀ ਪ੍ਰਾਪਤ ਹੁੰਦਾ ਹੈ, ਤੇ ਜੀਵ ਪ੍ਰਭੂ-ਚਰਨਾਂ ਵਿਚ ਜੁੜ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੰਵਾਰਦਾ ਹੈ ॥੧੭॥ ਧੁਰਿ = ਧੁਰ ਦਰਗਾਹ ਤੋਂ। ਮਿਲਿ = ਮਿਲ ਕੇ। ਸਬਦਿ = ਸ਼ਬਦ ਦੀ ਰਾਹੀਂ। ਸਵਾਰੀ = ਸੰਵਾਰ ਲਈ ॥੧੭॥
ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ ॥੧੮॥
Imbued with the Shabad, the body becomes golden, and loves only the True Name. ||18||
ਹੇ ਸੰਤ ਜਨੋ! ਜਿਹੜਾ ਸਰੀਰ ਗੁਰੂ ਦੇ ਸ਼ਬਦ-ਰੰਗ ਵਿਚ ਰੰਗਿਆ ਰਹਿੰਦਾ ਹੈ ਅਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਦਾ ਹੈ ਉਹ ਸਰੀਰ ਸੋਨਾ ਬਣ ਜਾਂਦਾ ਹੈ (ਸੁੱਧ ਸੋਨੇ ਵਰਗਾ ਵਿਕਾਰ-ਰਹਿਤ ਪਵਿੱਤਰ ਹੋ ਜਾਂਦਾ ਹੈ) ॥੧੮॥ ਕਾਇਆ = ਸਰੀਰ। ਕੰਚਨੁ = ਸੋਨਾ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ ॥੧੮॥
ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥੧੯॥
The body is then filled to overflowing with Ambrosial Nectar, obtained by contemplating the Shabad. ||19||
(ਹੇ ਸੰਤ ਜਨੋ! ਉਹ ਸਰੀਰ ਪਵਿੱਤਰ ਹੈ) ਜਿਹੜਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨਕ ਭਰਿਆ ਰਹਿੰਦਾ ਹੈ, ਪਰ ਇਹ ਨਾਮ-ਅੰਮ੍ਰਿਤ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ ॥੧੯॥ ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ॥੧੯॥
ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥੨੦॥
Those who seek God, find Him; others burst and die from their own egotism. ||20||
(ਹੇ ਸੰਤ ਜਨੋ!) ਜਿਹੜੇ ਮਨੁੱਖ (ਆਪਣੇ ਇਸ ਸਰੀਰ ਵਿਚ ਹੀ) ਪ੍ਰਭੂ ਨੂੰ ਲੱਭਦੇ ਹਨ ਉਹੀ ਉਸ ਦਾ ਮਿਲਾਪ ਪ੍ਰਾਪਤ ਕਰ ਲੈਂਦੇ ਹਨ। (ਸਰੀਰ ਤੋਂ ਬਾਹਰ ਭਾਲਣ ਵਾਲੇ) ਹੋਰ ਬੰਦੇ (ਭੇਖ ਆਦਿਕ ਦੇ) ਮਾਣ ਵਿਚ ਆਫਰ ਆਫਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨੦॥ ਖੋਜਹਿ = ਲੱਭਦੇ ਹਨ। ਹੋਰਿ = ਹੋਰ ਬੰਦੇ। ਫੂਟਿ ਮੂਏ = ਆਫਰ ਕੇ ਆਤਮਕ ਮੌਤੇ ਮਰ ਗਏ ਹਨ ॥੨੦॥
ਬਾਦੀ ਬਿਨਸਹਿ ਸੇਵਕ ਸੇਵਹਿ ਗੁਰ ਕੈ ਹੇਤਿ ਪਿਆਰੀ ॥੨੧॥
The debaters waste away, while the servants serve, with love and affection for the Guru. ||21||
ਹੇ ਸੰਤ ਜਨੋ! ਨਿਰੀਆਂ ਫੋਕੀਆਂ ਗੱਲਾਂ ਕਰਨ ਵਾਲੇ ਮਨੁੱਖ ਆਤਮਕ ਤੌਰ ਤੇ ਮਰ ਜਾਂਦੇ ਹਨ, ਪਰ ਭਗਤ ਜਨ ਗੁਰੂ ਦੀ ਰਾਹੀਂ ਮਿਲੇ ਪ੍ਰੇਮ-ਪਿਆਰ ਨਾਲ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ॥੨੧॥ ਬਾਦੀ = {ਵਾਦੁ = ਝਗੜਾ, ਬਹਿਸ, ਚਰਚਾ} ਨਿਰੀ ਚਰਚਾ ਕਰਨ ਵਾਲੇ। ਬਿਨਸਹਿ = ਆਤਮਕ ਮੌਤ ਸਹੇੜ ਲੈਂਦੇ ਹਨ। ਸੇਵਹਿ = ਸੇਵਾ ਕਰਦੇ ਹਨ, ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ। ਗੁਰ ਕੈ ਹੇਤਿ = ਗੁਰੂ ਦੇ (ਦਿੱਤੇ) ਪ੍ਰੇਮ ਦੀ ਰਾਹੀਂ। ਪਿਆਰੀ = ਪਿਆਰਿ, ਪਿਆਰ ਦੀ ਰਾਹੀਂ ॥੨੧॥
ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ ॥੨੨॥
He alone is a Yogi, who contemplates the essence of spiritual wisdom, and conquers egotism and thirsty desire. ||22||
ਹੇ ਸੰਤ ਜਨੋ! ਉਹੀ ਮਨੁੱਖ ਜੋਗੀ ਹੈ (ਪ੍ਰਭੂ-ਚਰਨਾਂ ਵਿਚ ਜੁੜਿਆ ਹੋਇਆ ਹੈ) ਜੋ ਆਪਣੇ ਅੰਦਰੋਂ ਹਉਮੈ ਮਾਰ ਕੇ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਕੇ ਉੱਚੇ ਆਤਮਕ ਜੀਵਨ ਨਾਲ ਸਾਂਝ ਪਾਂਦਾ ਹੈ ਜਗਤ ਦੇ ਮੂਲ-ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਰਹਿੰਦਾ ਹੈ ॥੨੨॥ ਤਤੁ = ਜਗਤ ਦਾ ਮੂਲ-ਪ੍ਰਭੂ। ਗਿਆਨੁ = ਆਤਮਕ ਜੀਵਨ ਦੀ ਸੂਝ। ਮਾਰੀ = ਮਾਰਿ, ਮਾਰ ਕੇ ॥੨੨॥
ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥੨੩॥
The True Guru, the Great Giver, is revealed to those upon whom You bestow Your Grace, O Lord. ||23||
(ਹੇ ਪ੍ਰਭੂ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਤੇਰੀ ਦਇਆ ਹੁੰਦੀ ਹੈ, ਉਸ ਨੇ ਇਹ ਗੱਲ ਸਮਝੀ ਹੁੰਦੀ ਹੈ ਕਿ ਗੁਰੂ (ਹੀ ਤੇਰੇ ਨਾਮ ਦੀ ਦਾਤਿ) ਦੇਣ ਵਾਲਾ ਹੈ ॥੨੩॥ ਦਾਤਾ = (ਨਾਮ ਦੀ ਦਾਤਿ) ਦੇਣ ਵਾਲਾ। ਤਿਨੈ = ਤਿਨਿ ਹੀ, ਉਸੇ (ਮਨੁੱਖ) ਨੇ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ ਉਤੇ ॥੨੩॥
ਸਤਿਗੁਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥੨੪॥
Those who do not serve the True Guru, and who are attached to Maya, are drowned; they die in their own egotism. ||24||
ਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦਾ ਦਰ ਨਹੀਂ ਮੱਲਦੇ, ਉਹ ਮਨੁੱਖ ਮਾਇਆ (ਦੇ ਮੋਹ) ਵਿਚ ਫਸੇ ਰਹਿੰਦੇ ਹਨ, (ਮਾਇਆ ਦੇ ਕਾਰਨ) ਅਹੰਕਾਰੀ ਹੋਏ ਹੋਏ ਉਹ ਮਨੁੱਖ (ਮਾਇਆ ਦੇ ਮੋਹ ਵਿਚ) ਡੁੱਬ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨੪॥ ਨ ਸੇਵਹਿ = ਸੇਵਾ ਨਹੀਂ ਕਰਦੇ ਹਨ, ਸਰਨ ਨਹੀਂ ਪੈਂਦੇ। ਡੂਬਿ = (ਮਾਇਆ ਦੇ ਮੋਹ ਵਿਚ) ਡੁੱਬ ਕੇ। ਮੂਏ = ਆਤਮਕ ਮੌਤ ਸਹੇੜ ਬੈਠੇ ॥੨੪॥
ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥੨੫॥
As long as there is breath within you, so long you should serve the Lord; then, you will go and meet the Lord. ||25||
ਹੇ ਸੰਤ ਜਨੋ! ਜਿਤਨਾ ਚਿਰ ਸਰੀਰ ਵਿਚ ਸਾਹ ਆ ਰਿਹਾ ਹੈ ਉਤਨਾ ਚਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹਿਣਾ ਚਾਹੀਦਾ ਹੈ। (ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਹੀ) ਪ੍ਰਭੂ ਨੂੰ ਜਾ ਮਿਲੀਦਾ ਹੈ ॥੨੫॥ ਜਿਚਰੁ = ਜਿਤਨਾ ਚਿਰ। ਕੀਚੈ = ਕਰਨੀ ਚਾਹੀਦੀ ਹੈ। ਮੁਰਾਰੀ = {ਮੁਰ-ਅਰਿ। 'ਮੁਰ' ਦੈਂਤ ਦਾ ਵੈਰੀ। ਸ੍ਰੀ ਕ੍ਰਿਸ਼ਨ} ਪਰਮਾਤਮਾ ॥੨੫॥
ਅਨਦਿਨੁ ਜਾਗਤ ਰਹੈ ਦਿਨੁ ਰਾਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥
Night and day, she remains awake and aware, day and night; she is the darling bride of her Beloved Husband Lord. ||26||
ਹੇ ਸੰਤ ਜਨੋ! ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ-ਪਿਆਰ ਦੀ ਰਾਹੀਂ ਮਨੁੱਖ ਦਿਨ ਰਾਤ ਵੇਲੇ (ਮਾਇਆ ਦੇ ਮੋਹ ਦੇ ਹੱਲਿਆਂ ਵਲੋਂ) ਸੁਚੇਤ ਰਹਿ ਸਕਦਾ ਹੈ ॥੨੬॥ ਅਨਦਿਨੁ = {अनुदिनं} ਹਰ ਰੋਜ਼। ਪ੍ਰਿਅ = ਪਿਆਰੇ ਦੀ। ਪਿਆਰੀ = ਪਿਆਰਿ, ਪਿਆਰ ਵਿਚ ॥੨੬॥
ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁਰ ਵਿਟਹੁ ਬਲਿਹਾਰੀ ॥੨੭॥
I offer my body and mind in sacrifice to my Guru; I am a sacrifice to Him. ||27||
(ਹੇ ਸੰਤ ਜਨੋ! ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਗੁਰੂ ਤੋਂ ਆਪਣਾ ਤਨ ਮਨ ਕੁਰਬਾਨ ਕਰਦਾ ਹਾਂ, ਘੋਲਿ ਘੁਮਾਂਦਾ ਹਾਂ ॥੨੭॥ ਵਾਰੀ = ਵਾਰੀਂ, ਮੈਂ ਵਾਰ ਦਿਆਂ। ਵਾਰਿ ਘੁਮਾਈ = ਵਾਰਿ ਘੁਮਾਈਂ, ਵਾਰ ਕੇ ਸਦਕੇ ਕਰ ਦਿਆਂ। ਵਿਟਹੁ = ਤੋਂ ॥੨੭॥
ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰੀ ॥੨੮॥
Attachment to Maya will end and go away; only by contemplating the Shabad will you be saved. ||28||
ਹੇ ਸੰਤ ਜਨੋ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਬੰਦੇ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦੇ ਹਨ। (ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਰਹਿੰਦਾ ਹੈ, ਉਸ ਦੇ ਅੰਦਰੋਂ) ਮਾਇਆ ਦਾ ਮੋਹ ਨਾਸ ਹੋ ਜਾਇਗਾ ॥੨੮॥ ਉਬਰੇ = ਬਚ ਗਏ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵੀਚਾਰਿ, (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ॥੨੮॥
ਆਪਿ ਜਗਾਏ ਸੇਈ ਜਾਗੇ ਗੁਰ ਕੈ ਸਬਦਿ ਵੀਚਾਰੀ ॥੨੯॥
They are awake and aware, whom the Lord Himself awakens; so contemplate the Word of the Guru's Shabad. ||29||
(ਹੇ ਸੰਤ ਜਨੋ! ਇਹ ਕੋਈ ਸੌਖੀ ਖੇਡ ਨਹੀਂ ਹੈ। ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਉਹੀ ਮਨੁੱਖ ਜਾਗਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਜਗਾਂਦਾ ਹੈ, ਅਜਿਹੇ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਵਿਚਾਰਵਾਨ ਹੋ ਜਾਂਦੇ ਹਨ ॥੨੯॥ ਸੋਈ = ਉਹੀ ਬੰਦੇ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਵੀਚਾਰੀ = ਵਿਚਾਰਵਾਨ ॥੨੯॥
ਨਾਨਕ ਸੇਈ ਮੂਏ ਜਿ ਨਾਮੁ ਨ ਚੇਤਹਿ ਭਗਤ ਜੀਵੇ ਵੀਚਾਰੀ ॥੩੦॥੪॥੧੩॥
O Nanak, those who do not remember the Naam are dead. The devotees live in contemplative meditation. ||30||4||13||
ਹੇ ਨਾਨਕ! (ਹੇ ਸੰਤ ਜਨੋ!) ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹੀ ਮਨੁੱਖ ਆਤਮਕ ਤੌਰ ਤੇ ਮਰੇ ਰਹਿੰਦੇ ਹਨ। ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਦਾ ਸਦਕਾ ਆਤਮਕ ਜੀਵਨ ਵਾਲੇ ਹੋ ਗਏ ਹਨ ॥੩੦॥੪॥੧੩॥ ਜਿ = ਜੇਹੜੇ ਮਨੁੱਖ। ਜੀਵੇ = ਆਤਮਕ ਜੀਵਨ ਵਾਲੇ ਹੋ ਗਏ ਹਨ ॥੩੦॥੪॥੧੩॥