ਆਸਾ ਮਹਲਾ ੫ ॥
Aasaa, Fifth Mehl:
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ ॥
He Himself preserves His servants; He causes them to chant His Name.
ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ। ਰਾਖੈ = ਰੱਖ ਲੈਂਦਾ ਹੈ, ਇੱਜ਼ਤ ਰੱਖਦਾ ਹੈ। ਆਪੇ = ਆਪ ਹੀ।
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ ॥੧॥
Wherever the business and affairs of His servants are, there the Lord hurries to be. ||1||
ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ॥੧॥ ਜਹ ਜਹ = ਜਿੱਥੇ ਜਿੱਥੇ। ਕਾਜ ਕਿਰਤਿ = ਕੰਮ-ਕਾਰ। ਉਠਿ ਧਾਵੈ = ਉੱਠ ਕੇ ਦੌੜ ਪੈਂਦਾ ਹੈ, ਛੇਤੀ ਪਹੁੰਚ ਜਾਂਦਾ ਹੈ ॥੧॥
ਸੇਵਕ ਕਉ ਨਿਕਟੀ ਹੋਇ ਦਿਖਾਵੈ ॥
The Lord appears near at hand to His servant.
ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ), ਕਉ = ਨੂੰ। ਦਿਖਾਵੈ = ਆਪਣਾ ਆਪ ਵਿਖਾਂਦਾ ਹੈ। ਨਿਕਟੀ = ਨਿਕਟ-ਵਰਤੀ, ਅੰਗ-ਸੰਗ ਰਹਿਣ ਵਾਲਾ।
ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥੧॥ ਰਹਾਉ ॥
Whatever the servant asks of his Lord and Master, immediately comes to pass. ||1||Pause||
ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥ ਠਾਕੁਰ ਪਹਿ = ਮਾਲਕ-ਪ੍ਰਭੂ ਪਾਸ। ਕਹੈ = ਆਖਦਾ ਹੈ। ਤਤਕਾਲ = ਤੁਰਤ, ਉਸੇ ਵੇਲੇ ॥੧॥ ਰਹਾਉ ॥
ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥
I am a sacrifice to that servant, who is pleasing to his God.
ਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ। ਹਉ = ਮੈਂ। ਬਲਿਹਾਰੀ = ਸਦਕੇ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।
ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥੨॥੭॥੧੨੯॥
Hearing of his glory, the mind is rejuvenated; Nanak comes to touch his feet. ||2||7||129||
ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ॥੨॥੭॥੧੨੯॥ ਤਿਸ ਕੀ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਸੁਣੀ = ਸੁਣਿਆਂ। ਪਰਸਣਿ = ਛੁਹਣ ਲਈ ॥੨॥੭॥੧੨੯॥