ਬਸੰਤੁ ਮਹਲਾ ੧ ॥
Basant, First Mehl:
ਬਸੰਤ ਪਹਿਲੀ ਪਾਤਿਸ਼ਾਹੀ।
ਚੰਚਲੁ ਚੀਤੁ ਨ ਪਾਵੈ ਪਾਰਾ ॥
The fickle consciousness cannot find the Lord's limits.
ਹੇ ਕਰਤਾਰ! (ਮਾਇਆ ਦੇ ਮੋਹ ਵਿਚ ਫਸ ਕੇ) ਚੰਚਲ (ਹੋ ਚੁਕਿਆ) ਮਨ (ਆਪਣੇ ਉੱਦਮ ਨਾਲ) ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ, ਚੰਚਲੁ = ਹਰ ਵੇਲੇ ਭਟਕਣ ਦੇ ਸੁਭਾਉ ਵਾਲਾ, ਕਦੇ ਨਾਹ ਟਿਕ ਸਕਣ ਵਾਲਾ। ਨ ਪਾਵੈ ਪਾਰਾ = (ਚੰਚਲਤਾ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ, ਚੰਚਲਤਾ ਵਿਚੋਂ ਨਿਕਲ ਨਹੀਂ ਸਕਦਾ।
ਆਵਤ ਜਾਤ ਨ ਲਾਗੈ ਬਾਰਾ ॥
It is caught in non-stop coming and going.
(ਹਰ ਵੇਲੇ) ਭਟਕਦਾ ਫਿਰਦਾ ਹੈ, ਰਤਾ ਭੀ ਚਿਰ ਨਹੀਂ ਲੱਗਦਾ (ਭਾਵ, ਰਤਾ ਭਰ ਭੀ ਟਿਕਦਾ ਨਹੀਂ। ਆਵਤ ਜਾਤ = ਆਉਂਦੇ ਜਾਂਦੇ ਨੂੰ, ਭਟਕਦੇ ਨੂੰ। ਬਾਰਾ = ਦੇਰ।
ਦੂਖੁ ਘਣੋ ਮਰੀਐ ਕਰਤਾਰਾ ॥
I am suffering and dying, O my Creator.
ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਨੂੰ) ਬਹੁਤ ਦੁੱਖ ਸਹਾਰਨਾ ਪੈਂਦਾ ਹੈ, ਤੇ ਆਤਮਕ ਮੌਤ ਹੋ ਜਾਂਦੀ ਹੈ। ਮਰੀਐ = ਮਰ ਜਾਈਦਾ ਹੈ, ਆਤਮਕ ਮੌਤ ਸਹੇੜ ਲਈਦੀ ਹੈ। ਕਰਤਾਰਾ = ਹੇ ਕਰਤਾਰ!
ਬਿਨੁ ਪ੍ਰੀਤਮ ਕੋ ਕਰੈ ਨ ਸਾਰਾ ॥੧॥
No one cares for me, except my Beloved. ||1||
(ਇਸ ਬਿਪਤਾ ਵਿਚੋਂ) ਪ੍ਰੀਤਮ-ਪ੍ਰਭੂ ਤੋਂ ਬਿਨਾ ਹੋਰ ਕੋਈ ਧਿਰ ਮਦਦ ਭੀ ਨਹੀਂ ਕਰ ਸਕਦਾ ॥੧॥ ਕੋ = ਕੋਈ ਹੋਰ। ਸਾਰਾ = ਸੰਭਾਲ ॥੧॥
ਸਭ ਊਤਮ ਕਿਸੁ ਆਖਉ ਹੀਨਾ ॥
All are high and exalted; how can I call anyone low?
ਸਾਰੀ ਲੁਕਾਈ ਚੰਗੀ ਹੈ, (ਕਿਉਂਕਿ ਸਭ ਵਿਚ ਪਰਮਾਤਮਾ ਆਪ ਮੌਜੂਦ ਹੈ) ਮੈਂ ਕਿਸੇ ਨੂੰ ਮਾੜਾ ਨਹੀਂ ਆਖ ਸਕਦਾ। ਸਭ = ਸਾਰੀ ਲੁਕਾਈ। ਊਤਮ = (ਮੈਥੋਂ) ਚੰਗੀ। ਹੀਨਾ = ਮਾੜਾ।
ਹਰਿ ਭਗਤੀ ਸਚਿ ਨਾਮਿ ਪਤੀਨਾ ॥੧॥ ਰਹਾਉ ॥
Devotional worship of the Lord and the True Name has satisfied me. ||1||Pause||
(ਪਰ ਅਸਲ ਵਿਚ ਉਹੀ ਮਨੁੱਖ ਚੰਗਿਆਈ ਪ੍ਰਾਪਤ ਕਰਦਾ ਹੈ, ਜਿਸ ਦਾ ਮਨ) ਪਰਮਾਤਮਾ ਦੀ ਭਗਤੀ ਵਿਚ (ਜੁੜਦਾ ਹੈ) ਪ੍ਰਭੂ ਦੇ ਸਦਾ-ਥਿਰ ਨਾਮ ਵਿਚ (ਜੁੜ ਕੇ) ਖ਼ੁਸ ਹੁੰਦਾ ਹੈ ॥੧॥ ਰਹਾਉ ॥ ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਪਤੀਨਾ = ਪਤੀਜ ਗਿਆ ਹੈ, ਗਿੱਝ ਗਿਆ ਹੈ ॥੧॥ ਰਹਾਉ ॥
ਅਉਖਧ ਕਰਿ ਥਾਕੀ ਬਹੁਤੇਰੇ ॥
I have taken all sorts of medicines; I am so tired of them.
(ਮਨ ਨੂੰ ਚੰਚਲਤਾ ਦੇ ਰੋਗ ਤੋਂ ਬਚਾਣ ਲਈ) ਮੈਂ ਅਨੇਕਾਂ ਦਵਾਈਆਂ (ਭਾਵ, ਉੱਦਮ) ਕਰ ਕੇ ਹਾਰ ਗਈ ਹਾਂ, ਅਉਖਧ = ਦਵਾਈਆਂ, ਇਲਾਜ।
ਕਿਉ ਦੁਖੁ ਚੂਕੈ ਬਿਨੁ ਗੁਰ ਮੇਰੇ ॥
How can this disease be cured, without my Guru?
ਪਰ ਪਿਆਰੇ ਗੁਰੂ (ਦੀ ਸਹੈਤਾ) ਤੋਂ ਬਿਨਾ ਇਹ ਦੁੱਖ ਦੂਰ ਨਹੀਂ ਹੁੰਦਾ। ਕਿਉ ਚੂਕੇ = ਨਹੀਂ ਮੁੱਕ ਸਕਦਾ।
ਬਿਨੁ ਹਰਿ ਭਗਤੀ ਦੂਖ ਘਣੇਰੇ ॥
Without devotional worship of the Lord, the pain is so great.
ਪਰਮਾਤਮਾ ਦੀ ਭਗਤੀ ਤੋਂ ਬਿਨਾ (ਮਨ ਨੂੰ) ਅਨੇਕਾਂ ਹੀ ਦੁੱਖ ਆ ਘੇਰਦੇ ਹਨ।
ਦੁਖ ਸੁਖ ਦਾਤੇ ਠਾਕੁਰ ਮੇਰੇ ॥੨॥
My Lord and Master is the Giver of pain and pleasure. ||2||
ਦੁੱਖ ਭੀ ਤੇ ਸੁਖ ਭੀ ਦੇਣ ਵਾਲੇ ਹੇ ਮੇਰੇ ਪਾਲਣਹਾਰ ਪ੍ਰਭੂ! (ਤੇਰੇ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ) ॥੨॥ ਦਾਤੇ = ਹੇ ਦਾਤਾਰ! ॥੨॥
ਰੋਗੁ ਵਡੋ ਕਿਉ ਬਾਂਧਉ ਧੀਰਾ ॥
The disease is so deadly; how can I find the courage?
(ਚੰਚਲਤਾ ਦਾ ਇਹ) ਰੋਗ ਬਹੁਤ ਵੱਡਾ ਹੈ (ਇਸ ਦੇ ਹੁੰਦਿਆਂ) ਮੈਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ। ਰੋਗੁ = (ਚੰਚਲਤਾ ਦਾ) ਰੋਗ। ਧੀਰਾ = ਧੀਰਜ।
ਰੋਗੁ ਬੁਝੈ ਸੋ ਕਾਟੈ ਪੀਰਾ ॥
He knows my disease, and only He can take away the pain.
(ਮੇਰੇ ਇਸ) ਰੋਗ ਨੂੰ ਗੁਰੂ ਹੀ ਸਮਝ ਸਕਦਾ ਹੈ ਤੇ ਉਹੀ ਮੇਰਾ ਦੁੱਖ ਕੱਟ ਸਕਦਾ ਹੈ। ਸੋ = ਉਹ (ਗੁਰੂ)।
ਮੈ ਅਵਗਣ ਮਨ ਮਾਹਿ ਸਰੀਰਾ ॥
My mind and body are filled with faults and demerits.
(ਇਸ ਰੋਗ ਦੇ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਵਧ ਰਹੇ ਹਨ।
ਢੂਢਤ ਖੋਜਤ ਗੁਰਿ ਮੇਲੇ ਬੀਰਾ ॥੩॥
I searched and searched, and found the Guru, O my brother! ||3||
ਢੂੰਢਦਿਆਂ ਤੇ ਭਾਲ ਕਰਦਿਆਂ (ਆਖ਼ਿਰ) ਗੁਰੂ ਨੇ ਮੈਨੂੰ ਸਾਧ ਸੰਗਤ ਮਿਲਾ ਦਿੱਤੀ ॥੩॥ ਗੁਰਿ = ਗੁਰੂ ਨੇ। ਬੀਰਾ = ਵੀਰ, ਸਤਸੰਗੀ ॥੩॥
ਗੁਰ ਕਾ ਸਬਦੁ ਦਾਰੂ ਹਰਿ ਨਾਉ ॥
The Word of the Guru's Shabad, and the Lord's Name are the cures.
(ਚੰਚਲਤਾ ਦੇ ਰੋਗ ਦੀ) ਦਵਾਈ ਗੁਰੂ ਦਾ ਸ਼ਬਦ (ਹੀ) ਹੈ ਪਰਮਾਤਮਾ ਦਾ ਨਾਮ (ਹੀ) ਹੈ।
ਜਿਉ ਤੂ ਰਾਖਹਿ ਤਿਵੈ ਰਹਾਉ ॥
As You keep me, so do I remain.
(ਹੇ ਪ੍ਰਭੂ!) ਜਿਵੇਂ ਤੂੰ ਰੱਖੇਂ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ (ਭਾਵ, ਮੈਂ ਉਸੇ ਜੀਵਨ-ਪੰਧ ਤੇ ਤੁਰ ਸਕਦਾ ਹਾਂ। ਮੇਹਰ ਕਰ, ਮੈਨੂੰ ਗੁਰੂ ਦੇ ਸ਼ਬਦ ਵਿਚ ਆਪਣੇ ਨਾਮ ਵਿਚ ਜੋੜੀ ਰੱਖ)। ਰਹਾਉ = ਰਹਿੰਦਾ ਹਾਂ।
ਜਗੁ ਰੋਗੀ ਕਹ ਦੇਖਿ ਦਿਖਾਉ ॥
The world is sick; where should I look?
ਜਗਤ (ਆਪ ਹੀ) ਰੋਗੀ ਹੈ, ਮੈਂ ਕਿਸ ਨੂੰ ਲੱਭ ਕੇ ਆਪਣਾ ਰੋਗ ਦੱਸਾਂ? ਕਹ ਦੇਖਿ = ਕਿਸ ਨੂੰ ਲੱਭ ਕੇ?
ਹਰਿ ਨਿਰਮਾਇਲੁ ਨਿਰਮਲੁ ਨਾਉ ॥੪॥
The Lord is Pure and Immaculate; Immaculate is His Name. ||4||
ਇਕ ਪਰਮਾਤਮਾ ਹੀ ਪਵਿਤ੍ਰ ਹੈ, ਪਰਮਾਤਮਾ ਦਾ ਨਾਮ ਹੀ ਪਵਿਤ੍ਰ ਹੈ (ਗੁਰੂ ਦੀ ਸਰਨ ਪੈ ਕੇ ਇਹ ਹਰੀ-ਨਾਮ ਹੀ ਵਿਹਾਝਣਾ ਚਾਹੀਦਾ ਹੈ) ॥੪॥ ਨਿਰਮਾਇਲੁ = ਪਵਿਤ੍ਰ ॥੪॥
ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥
The Guru sees and reveals the Lord's home, deep within the home of the self;
ਜੇਹੜਾ ਗੁਰੂ (ਭਾਵ, ਗੁਰੂ ਹੀ) (ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਵੇਖ ਕੇ ਹੋਰਨਾਂ ਨੂੰ ਵਿਖਾ ਸਕਦਾ ਹੈ, ਘਰਿ ਮਹਿ = ਹਿਰਦੇ ਵਿਚ। ਘਰ = ਪ੍ਰਭੂ ਦਾ ਟਿਕਾਣਾ।
ਗੁਰ ਮਹਲੀ ਸੋ ਮਹਲਿ ਬੁਲਾਵੈ ॥
He ushers the soul-bride into the Mansion of the Lord's Presence.
ਸਭ ਤੋਂ ਉੱਚੇ ਮਹਲ ਦਾ ਵਾਸੀ ਉਹ ਗੁਰੂ ਹੀ ਜੀਵ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਸੱਦ ਸਕਦਾ ਹੈ (ਤੇ ਟਿਕਾ ਸਕਦਾ ਹੈ।) ਜਿਨ੍ਹਾਂ ਬੰਦਿਆਂ ਨੂੰ ਗੁਰੂ ਪ੍ਰਭੂ ਦੀ ਹਜ਼ੂਰੀ ਵਿਚ ਅਪੜਾਂਦਾ ਹੈ, ਗੁਰ ਮਹਲੀ = ਵੱਡੇ ਟਿਕਾਣੇ ਵਾਲਾ। ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ।
ਮਨ ਮਹਿ ਮਨੂਆ ਚਿਤ ਮਹਿ ਚੀਤਾ ॥
When the mind remains in the mind, and the consciousness in the consciousness,
ਉਹਨਾਂ ਦੇ ਮਨ ਉਹਨਾਂ ਦੇ ਚਿੱਤ (ਬਾਹਰ ਭਟਕਣੋਂ ਹਟ ਕੇ) ਅੰਦਰ ਹੀ ਟਿਕ ਜਾਂਦੇ ਹਨ,
ਐਸੇ ਹਰਿ ਕੇ ਲੋਗ ਅਤੀਤਾ ॥੫॥
such people of the Lord remain unattached. ||5||
ਤੇ ਇਸ ਤਰ੍ਹਾਂ ਪਰਮਾਤਮਾ ਦੇ ਸੇਵਕ (ਮਾਇਆ ਦੇ ਮੋਹ ਤੋਂ) ਨਿਰਲੇਪ ਹੋ ਜਾਂਦੇ ਹਨ ॥੫॥ ਐਸੇ = ਇਸ ਤਰ੍ਹਾਂ, ਇਸ ਤਰੀਕੇ ਨਾਲ। ਅਤੀਤਾ = ਨਿਰਲੇਪ ॥੫॥
ਹਰਖ ਸੋਗ ਤੇ ਰਹਹਿ ਨਿਰਾਸਾ ॥
They remain free of any desire for happiness or sorrow;
(ਨਿਰਲੇਪ ਹੋਏ ਹੋਏ ਹਰੀ ਦੇ ਸੇਵਕ) ਖ਼ੁਸ਼ੀ ਗ਼ਮੀ ਤੋਂ ਉਤਾਂਹ ਰਹਿੰਦੇ ਹਨ, ਹਰਖ = ਖ਼ੁਸ਼ੀ। ਸੋਗ = ਗ਼ਮੀ। ਨਿਰਾਸਾ = ਉਪਰਾਮ।
ਅੰਮ੍ਰਿਤੁ ਚਾਖਿ ਹਰਿ ਨਾਮਿ ਨਿਵਾਸਾ ॥
tasting the Amrit, the Ambrosial Nectar, they abide in the Lord's Name.
ਆਤਮਕ ਜੀਵਨ ਦੇਣ ਵਾਲਾ ਨਾਮ-ਅੰਮ੍ਰਿਤ ਚੱਖ ਕੇ ਉਹ ਬੰਦੇ ਪਰਮਾਤਮਾ ਦੇ ਨਾਮ ਵਿਚ ਹੀ (ਆਪਣੇ ਮਨ ਦਾ) ਟਿਕਾਣਾ ਬਣਾ ਲੈਂਦੇ ਹਨ। ਚਾਖਿ = ਚੱਖ ਕੇ।
ਆਪੁ ਪਛਾਣਿ ਰਹੈ ਲਿਵ ਲਾਗਾ ॥
They recognize their own selves, and remain lovingly attuned to the Lord.
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪਰਖ ਕੇ ਪਰਮਾਤਮਾ ਦੀ ਯਾਦ ਵਿਚ ਸੁਰਤ ਜੋੜੀ ਰੱਖਦਾ ਹੈ, ਆਪੁ = ਆਪਣੇ ਆਪ ਨੂੰ।
ਜਨਮੁ ਜੀਤਿ ਗੁਰਮਤਿ ਦੁਖੁ ਭਾਗਾ ॥੬॥
They are victorious on the battlefield of life, following the Guru's Teachings, and their pains run away. ||6||
ਉਹ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਲੈਂਦਾ ਹੈ। ਗੁਰੂ ਦੀ ਮੱਤ ਤੇ ਤੁਰਨ ਨਾਲ ਉਸ ਦਾ (ਚੰਚਲਤਾ ਵਾਲਾ) ਦੁੱਖ ਦੂਰ ਹੋ ਜਾਂਦਾ ਹੈ ॥੬॥
ਗੁਰਿ ਦੀਆ ਸਚੁ ਅੰਮ੍ਰਿਤੁ ਪੀਵਉ ॥
The Guru has given me the True Ambrosial Nectar; I drink it in.
(ਮੇਹਰ ਕਰ ਕੇ) ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਦਿੱਤਾ ਹੈ, ਮੈਂ (ਉਸ ਅੰਮ੍ਰਿਤ ਨੂੰ ਸਦਾ) ਪੀਂਦਾ ਹਾਂ। ਸਚੁ = ਸਦਾ-ਥਿਰ ਰਹਿਣ ਵਾਲਾ। ਪੀਵਉ = ਮੈਂ ਪੀਂਦਾ ਹਾਂ।
ਸਹਜਿ ਮਰਉ ਜੀਵਤ ਹੀ ਜੀਵਉ ॥
Of course, I have died, and now I am alive to live.
(ਉਸ ਅੰਮ੍ਰਿਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਵਿਕਾਰਾਂ ਵਲੋਂ ਮੂੰਹ ਮੋੜ ਚੁਕਾ ਹਾਂ, ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ। ਸਹਜਿ = ਆਤਮਕ ਅਡੋਲਤਾ ਵਿਚ। ਮਰਉ = ਮੈਂ (ਵਿਕਾਰਾਂ ਵਲੋਂ) ਮਰ ਜਾਂਦਾ ਹਾਂ, ਹਟ ਜਾਂਦਾ ਹਾਂ। ਜੀਵਤ ਹੀ = ਜੀਊਂਦਾ ਹੀ, ਦੁਨੀਆ ਦੀ ਕਿਰਤ-ਕਾਰ ਕਰਦਾ ਹੀ। ਜੀਵਉ = ਮੈਂ ਜੀਊ ਪੈਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
ਅਪਣੋ ਕਰਿ ਰਾਖਹੁ ਗੁਰ ਭਾਵੈ ॥
Please, protect me as Your Own, if it pleases You.
ਜੇ ਗੁਰੂ ਮੇਹਰ ਕਰੇ (ਭਾਵ, ਗੁਰੂ ਦੀ ਮੇਹਰ ਨਾਲ ਹੀ) (ਮੈਂ ਅਰਦਾਸ ਕਰਦਾ ਹਾਂ, ਤੇ ਆਖਦਾ ਹਾਂ-ਹੇ ਪ੍ਰਭੂ!) ਮੈਨੂੰ ਆਪਣਾ (ਸੇਵਕ) ਬਣਾ ਕੇ (ਆਪਣੇ ਚਰਨਾਂ ਵਿਚ) ਰੱਖ।
ਤੁਮਰੋ ਹੋਇ ਸੁ ਤੁਝਹਿ ਸਮਾਵੈ ॥੭॥
One who is Yours, merges into You. ||7||
ਜੇਹੜਾ ਬੰਦਾ ਤੇਰਾ (ਸੇਵਕ) ਬਣ ਜਾਂਦਾ ਹੈ, ਉਹ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ ॥੭॥
ਭੋਗੀ ਕਉ ਦੁਖੁ ਰੋਗ ਵਿਆਪੈ ॥
Painful diseases afflict those who are sexually promiscuous.
ਜੇਹੜਾ ਮਨੁੱਖ ਦੁਨੀਆ ਦੇ ਪਦਾਰਥਾਂ ਦੇ ਭੋਗਣ ਵਿਚ ਹੀ ਮਸਤ ਰਹਿੰਦਾ ਹੈ ਉਸ ਨੂੰ ਰੋਗਾਂ ਦਾ ਦੁੱਖ ਆ ਦਬਾਂਦਾ ਹੈ। ਦੁਖੁ ਰੋਗ = ਰੋਗਾਂ ਦਾ ਦੁੱਖ। ਵਿਆਪੈ = ਜ਼ੋਰ ਪਾਂਦਾ ਹੈ।
ਘਟਿ ਘਟਿ ਰਵਿ ਰਹਿਆ ਪ੍ਰਭੁ ਜਾਪੈ ॥
God appears permeating and pervading in each and every heart.
ਪਰ, ਜਿਸ ਮਨੁੱਖ ਨੂੰ ਪਰਮਾਤਮਾ ਹਰੇਕ ਘਟ ਵਿਚ ਵਿਆਪਕ ਦਿੱਸ ਪੈਂਦਾ ਹੈ, ਘਟਿ ਘਟਿ = ਹਰੇਕ ਸਰੀਰ ਵਿਚ। ਜਾਪੈ = ਜਾਪਦਾ ਹੈ, ਦਿੱਸਦਾ ਹੈ।
ਸੁਖ ਦੁਖ ਹੀ ਤੇ ਗੁਰ ਸਬਦਿ ਅਤੀਤਾ ॥
One who remains unattached, through the Word of the Guru's Shabad
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੁਖਾਂ ਦੁੱਖਾਂ ਤੋਂ ਨਿਰਲੇਪ ਰਹਿੰਦਾ ਹੈ, ਤੇ = ਤੋਂ। ਅਤੀਤਾ = ਨਿਰਲੇਪ।
ਨਾਨਕ ਰਾਮੁ ਰਵੈ ਹਿਤ ਚੀਤਾ ॥੮॥੪॥
- O Nanak, his heart and consciousness dwell upon and savor the Lord. ||8||4||
ਹੇ ਨਾਨਕ! ਉਹ ਚਿੱਤ ਦੇ ਪਿਆਰ ਨਾਲ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੮॥੪॥ ਹਿਤ = ਪ੍ਰੇਮ ॥੮॥੪॥