ਸੂਹੀ ਮਹਲਾ ੫ ॥
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥
Where is that place, where You are never forgotten, Lord?
ਹੇ ਮੇਰੇ ਰਾਮ! ਤੇਰਾ ਉਹ (ਸਾਧ ਸੰਗਤਿ) ਥਾਂ ਬੜਾ ਹੀ ਅਸਚਰਜ ਹੈ, ਜਿਸ ਵਿਚ ਬੈਠਿਆਂ ਤੂੰ ਕਦੇ ਭੀ ਨਾਹ ਭੁੱਲੇਂ, ਜਿਤੁ = ਜਿੱਥੇ, ਜਿਸ ਥਾਂ ਵਿਚ। ਕਬ ਹੂ = ਕਦੇ ਭੀ। ਕੇਹਾ = ਬੜਾ ਅਸਚਰਜ।
ਆਠ ਪਹਰ ਜਿਤੁ ਤੁਧੁ ਧਿਆਈ ਨਿਰਮਲ ਹੋਵੈ ਦੇਹਾ ॥੧॥
Twenty-four hours a day, they meditate on You, and their bodies become spotless and pure. ||1||
ਜਿਸ ਵਿਚ ਬੈਠ ਕੇ ਮੈਂ ਤੈਨੂੰ ਅੱਠੇ ਪਹਰ ਯਾਦ ਕਰ ਸਕਾਂ, ਤੇ, ਮੇਰਾ ਸਰੀਰ ਪਵਿਤ੍ਰ ਹੋ ਜਾਏ ॥੧॥ ਤੁਧੁ = ਤੈਨੂੰ। ਧਿਆਈ = ਧਿਆਈਂ, ਮੈਂ ਧਿਆਨ ਧਰਦਾ ਰਹਾਂ। ਦੇਹਾ = ਸਰੀਰ ॥੧॥
ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥
O my Lord, I have come searching for that place.
ਹੇ ਮੇਰੇ ਰਾਮ! ਮੈਂ ਉਹ ਥਾਂ ਲੱਭਣ ਤੁਰ ਪਿਆ (ਜਿੱਥੇ ਮੈਂ ਤੇਰਾ ਦਰਸਨ ਕਰ ਸਕਾਂ)। ਹਉ = ਮੈਂ।
ਖੋਜਤ ਖੋਜਤ ਭਇਆ ਸਾਧਸੰਗੁ ਤਿਨੑ ਸਰਣਾਈ ਪਾਇਆ ॥੧॥ ਰਹਾਉ ॥
After seeking and searching, I found Sanctuary in the Saadh Sangat, the Company of the Holy. ||1||Pause||
ਲੱਭਦਿਆਂ ਲੱਭਦਿਆਂ ਮੈਨੂੰ ਗੁਰਮੁਖਾਂ ਦਾ ਸਾਥ ਮਿਲ ਗਿਆ, ਉਹਨਾਂ (ਗੁਰਮੁਖਾਂ) ਦੀ ਸਰਨ ਪੈ ਕੇ ਮੈਂ (ਤੈਨੂੰ ਭੀ) ਲੱਭ ਲਿਆ ॥੧॥ ਰਹਾਉ ॥ ਖੋਜਤ = ਭਾਲਦਿਆਂ। ਸਾਧ ਸੰਗੁ = ਗੁਰਮੁਖਾਂ ਦਾ ਮੇਲ। ਤਿਨ੍ਹ੍ਹ ਸਰਣਾਈ = ਉਹਨਾਂ ਦੀ ਸਰਨ ਵਿਚ ॥੧॥ ਰਹਾਉ ॥
ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥
Reading and reciting the Vedas, Brahma grew weary, but he did not find even a tiny bit of God's worth.
ਹੇ ਮੇਰੇ ਰਾਮ! ਬ੍ਰਹਮਾ ਵਰਗੇ ਅਨੇਕਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਗਏ, ਪਰ ਉਹ ਤੇਰੀ ਰਤਾ ਭੀ ਕਦਰ ਨਾਹ ਸਮਝ ਸਕੇ। ਪੜੇ ਪੜਿ = ਪੜ੍ਹ ਪੜ੍ਹ ਕੇ, ਪੜਿ ਪੜਿ। ਬ੍ਰਹਮੇ = ਬ੍ਰਹਮਾ ਵਰਗੇ ਅਨੇਕਾਂ। ਤਿਲੁ = ਰਤਾ ਭਰ।
ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥੨॥
The seekers and Siddhas wander around bewailing; they too are enticed by Maya. ||2||
ਸਾਧਨਾਂ ਕਰਨ ਵਾਲੇ ਜੋਗੀ, ਕਰਾਮਾਤੀ ਜੋਗੀ (ਤੇਰੇ ਦਰਸਨ ਨੂੰ) ਵਿਲਕਦੇ ਫਿਰਦੇ ਹਨ, ਪਰ ਉਹ ਭੀ ਮਾਇਆ ਦੇ ਮੋਹ ਵਿਚ ਹੀ ਫਸੇ ਰਹੇ ॥੨॥ ਸਾਧਿਕ = ਸਾਧਨ ਕਰਨ ਵਾਲੇ। ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਕਰਾਮਾਤੀ ਜੋਗੀ। ਤੇ ਭੀ = ਉਹ ਭੀ {ਬਹੁ-ਵਚਨ}। ਮਾਈ = ਮਾਇਆ ॥੨॥
ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥
There were ten regal incarnations of Vishnu; and then there was Shiva, the renunciate.
ਹੇ ਮੇਰੇ ਰਾਮ! (ਵਿਸ਼ਨੂ ਦੇ) ਦਸ ਅਵਤਾਰ (ਆਪੋ ਆਪਣੇ ਜੁਗ ਵਿਚ) ਸਤਕਾਰ ਪ੍ਰਾਪਤ ਕਰਦੇ ਰਹੇ। ਸ਼ਿਵ ਜੀ ਬੜਾ ਤਿਆਗੀ ਪ੍ਰਸਿੱਧ ਹੋਇਆ। ਦਸ ਅਉਤਾਰ = {ਮੱਛ, ਕੱਛ, ਵਰਾਹ, ਨਰਸਿੰਘ, ਵਾਮਨ = ਸਤਜੁਗ ਦੇ ਅਵਤਾਰ। ਪਰਸ ਰਾਮ, ਰਾਮਚੰਦ੍ਰ = ਤ੍ਰੇਤੇ ਦੇ ਅਵਤਾਰ। ਕ੍ਰਿਸ਼ਨ-ਦੁਆਪਰ ਦਾ ਅਵਤਾਰ। ਬੁੱਧ, ਕਲਕੀ = ਕਲਿਜੁਗ ਦੇ ਅਵਤਾਰ}। ਰਾਜੇ = ਪੂਜਨੀਕ। ਮਹਾ ਦੇਵ = ਸ਼ਿਵ। ਅਵਧੂਤਾ = ਤਿਆਗੀ।
ਤਿਨੑ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥
He did not find Your limits either, although he grew weary of smearing his body with ashes. ||3||
ਪਰ ਉਹ ਭੀ ਤੇਰੇ ਗੁਣਾਂ ਦਾ ਅੰਤ ਨਾਹ ਪਾ ਸਕੇ। (ਸ਼ਿਵ ਆਦਿਕ ਅਨੇਕਾਂ ਆਪਣੇ ਸਰੀਰ ਉਤੇ) ਸੁਆਹ ਮਲ ਮਲ ਕੇ ਥੱਕ ਗਏ ॥੩॥ ਬਿਭੂਤਾ = ਸੁਆਹ ॥੩॥
ਸਹਜ ਸੂਖ ਆਨੰਦ ਨਾਮ ਰਸ ਹਰਿ ਸੰਤੀ ਮੰਗਲੁ ਗਾਇਆ ॥
Peace, poise and bliss are found in the subtle essence of the Naam. The Lord's Saints sing the songs of joy.
ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਸਦਾ ਗਾਂਵਿਆ, ਉਹਨਾਂ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇ, ਉਹਨਾਂ ਨਾਮ ਦਾ ਰਸ ਚੱਖਿਆ। ਸਹਜ = ਆਤਮਕ ਅਡੋਲਤਾ। ਸੰਤੀ = ਸੰਤਾਂ ਨੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ।
ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥੪॥੨॥੪੯॥
I have obtained the Fruitful Vision of Guru Nanak's Darshan, and with my mind and body I meditate on the Lord, Har, Har. ||4||2||49||
ਹੇ ਨਾਨਕ! (ਆਖ-) ਜਦੋਂ ਉਹਨਾਂ ਨੂੰ ਉਹ ਗੁਰੂ ਮਿਲ ਪਿਆ, ਜਿਸ ਦਾ ਦਰਸਨ ਹੀ ਜੀਵਨ-ਮਨੋਰਥ ਪੂਰਾ ਕਰ ਦੇਂਦਾ ਹੈ, ਤਦੋਂ ਉਹਨਾਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਸ਼ੁਰੂ ਕਰ ਦਿੱਤਾ ॥੪॥੨॥੪੯॥ ਸਫਲ ਦਰਸਨੁ = ਜਿਸ ਦਾ ਦਰਸਨ ਫਲ ਦੇਣ ਵਾਲਾ ਹੈ। ਭੇਟਿਆ = ਮਿਲਿਆ। ਮਨਿ = ਮਨ ਵਿਚ। ਤਨਿ = ਹਿਰਦੇ ਵਿਚ ॥੪॥੨॥੪੯॥