ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ

Make contentment your ear-rings, humility your begging bowl, and meditation the ashes you apply to your body.

(ਹੇ ਜੋਗੀ!) ਜੇ ਤੂੰ ਸੰਤੋਖ ਨੂੰ ਆਪਣੀਆਂ ਮੁੰਦਰਾਂ ਬਣਾਵੇ, ਮਿਹਨਤ ਨੂੰ ਖੱਪਰ ਤੇ ਝੋਲੀ, ਅਤੇ ਅਕਾਲ ਪੁਰਖ ਦੇ ਧਿਆਨ ਦੀ ਸੁਆਹ (ਪਿੰਡੇ ਤੇ ਮਲੇਂ), ਮੁੰਦਾ = ਮੁੰਦਰਾਂ। ਸਰਮੁ = ਉੱਦਮ, ਮਿਹਨਤ। ਪਤੁ = ਪਾਤ੍ਰ ਖੱਪਰ। {ਪਤੁ ਬਾਰੇ ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਸ਼ਬਦ ਤਿੰਨਾਂ ਰੂਪਾਂ ਵਿਚ ਆਉਂਦਾ ਹੈ, 'ਪਤਿ' 'ਪਤ' 'ਪਤੁ'। ਪੰਜਾਬੀ ਵਿਚ ਭਾਵੇਂ ਇਹ ਇਕੋ ਸ਼ਬਦ ਹੀ ਪਰਤੀਤ ਹੁੰਦਾ ਹੋਵੇ, ਪਰ ਇਹ ਵਖੋ-ਵਖਰੇ ਤ੍ਰੈਵੇ ਹੀ ਸੰਸਕ੍ਰਿਤ ਵਿਚੋਂ ਆਏ ਹਨ। ਸ਼ਬਦ 'ਪਤਿ' ਦਾ ਸੰਸਕ੍ਰਿਤ ਵਿਚ ਅਰਥ ਹੈ 'ਖਸਮ, ਮਾਲਕ'। ਪੰਜਾਬੀ ਵਿਚ ਇਸ ਦਾ ਇਕ ਹੋਰ ਅਰਥ ਭੀ ਵਰਤਿਆ ਜਾਂਦਾ ਹੈ 'ਇਜ਼ਤ, ਅਬਰੋਇ'। ਸ਼ਬਦ 'ਪਤੁ' ਇਕ-ਵਚਨ ਹੈ। ਸੰਸਕ੍ਰਿਤ ਵਿਚ 'ਪਾਤ੍ਰ' ਹੈ ਜਿਸ ਦਾ ਅਰਥ ਹੈ 'ਭਾਂਡਾ, ਪਿਆਲਾ, ਖੱਪਰ'। ਇਸ ਦਾ ਬਹੁ-ਵਚਨ 'ਪਤ' ਹੈ, ਪਰ ਇਸ ਉਪਰ ਲਿਖੇ ਅਰਥ ਵਿਚ ਇਹ ਸ਼ਬਦ 'ਪਤ' ਸ੍ਰੀ ਗੁਰੂ ਗ੍ਰਥ ਸਾਹਿਬ ਜੀ ਵਿਚ ਨਹੀਂ ਆਇਆ। ਸੋ ਸ਼ਬਦ 'ਪਤ' ਵਾਸਤੇ ਸੰਸਕ੍ਰਿਤ ਵਿਚ ਇਕ ਹੋਰ ਸ਼ਬਦ ਹੈ 'ਪਤ੍ਰ', ਜਿਸ ਦਾ ਅਰਥ ਹੈ 'ਰੁੱਖਾਂ ਦੇ ਪੱਤਰ'}। ਕਰਹਿ = ਜੇ ਤੂੰ ਬਣਾਏਂ। ਬਿਭੂਤਿ = ਗੋਹਿਆਂ ਦੀ ਸੁਆਹ।

ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ

Let the remembrance of death be the patched coat you wear, let the purity of virginity be your way in the world, and let faith in the Lord be your walking stick.

ਮੌਤ (ਦਾ ਭਉ) ਤੇਰੀ ਗੋਦੜੀ ਹੋਵੇ, ਸਰੀਰ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਤੇਰੇ ਲਈ ਜੋਗ ਦੀ ਰਹਿਤ ਹੋਵੇ ਅਤੇ ਸ਼ਰਧਾ ਨੂੰ ਡੰਡਾ ਬਣਾਵੇਂ (ਤਾਂ ਅੰਦਰੋਂ ਕੂੜ ਦੀ ਕੰਧ ਟੁੱਟ ਸਕਦੀ ਹੈ)। ਖਿੰਥਾ = ਗੋਦੜੀ। ਕਾਲੁ = ਮੌਤ। ਕੁਆਰੀ ਕਾਇਆ = ਕੁਆਰਾ ਸਰੀਰ, ਵਿਸ਼ੇ-ਵਿਕਾਰਾਂ ਤੋਂ ਬਚਿਆ ਹੋਇਆ ਸਰੀਰ, ਵਿਕਾਰਾਂ ਤੋਂ ਅਛੋਹ ਕਾਇਆਂ। ਜੁਗਤਿ = ਜੋਗ ਮੱਤ ਦੀ ਰਹਿਤ। ਪਰਤੀਤ = ਸ਼ਰਧਾ, ਯਕੀਨ।

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ

See the brotherhood of all mankind as the highest order of Yogis; conquer your own mind, and conquer the world.

ਜੋ ਮਨੁੱਖ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣੇ ਸੱਜਣ ਮਿੱਤਰ ਸਮਝਦਾ ਹੈ (ਅਸਲ ਵਿਚ) ਉਹੀ ਆਈ ਪੰਥ ਵਾਲਾ ਹੈ। ਜੇ ਆਪਣਾ ਮਨ ਜਿੱਤਿਆ ਜਾਏ, ਤਾਂ ਸਾਰਾ ਜਗਤ ਹੀ ਜਿੱਤਿਆ ਜਾਂਦਾ ਹੈ (ਭਾਵ, ਤਾਂ ਜਗਤ ਦੀ ਮਾਇਆ ਪਰਮਾਤਮਾ ਤੋਂ ਵਿਛੋੜ ਨਹੀਂ ਸਕਦੀ)। ਆਈ ਪੰਥੁ = ਜੋਗੀਆਂ ਦੇ ੧੨ ਫ਼ਿਰਕੇ ਹਨ, ਉਹਨਾਂ ਵਿਚੋਂ ਸਬ ਤੋਂ ਉੱਚਾ 'ਆਈ ਪੰਥ' ਗਿਣਿਆ ਜਾਂਦਾ ਹੈ। ਪੰਥੀ = ਆਈ ਪੰਥ ਵਾਲਾ, ਆਈ ਪੰਥ ਨਾਲ ਸੰਬੰਧ ਰੱਖਣ ਵਾਲਾ। ਸਗਲ = ਸਾਰੇ ਜੀਵ। ਜਮਾਤੀ = ਇਕੋ ਹੀ ਪਾਠਸ਼ਾਲਾ ਵਿਚ, ਇਕੋ ਹੀ ਸ਼੍ਰੇਣੀ ਵਿਚ ਪੜ੍ਹਨ ਵਾਲੇ, ਇੱਕ ਥਾਂ ਮਿਲ ਬੈਠਣ ਵਾਲੇ ਮਿੱਤਰ ਸੱਜਣ। ਮਨਿ ਜੀਤੈ = ਮਨ ਨੂੰ ਜਿੱਤਿਆਂ, ਜੇ ਮਨ ਜਿੱਤਿਆ ਜਾਏ। (ਨੋਟ: ਇਹੋ ਜਿਹੇ ਵਾਕੰਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਆਉਂਦੇ ਹਨ, ਜਿਵੇਂ: ਨਾਇ ਵਿਸਾਰਿਐ = ਜੇ ਨਾਮ ਵਿਸਾਰ ਜਾਏ। ਨਾਇ ਮੰਨਿਐ = ਜੇ ਨਾਮ ਮੰਨ ਲਈਏ)।

ਆਦੇਸੁ ਤਿਸੈ ਆਦੇਸੁ

I bow to Him, I humbly bow.

(ਸੋ, ਕੂੜ ਦੀ ਕੰਧ ਦੂਰ ਕਰਨ ਲਈ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ, ਆਦੇਸੁ = ਪਰਣਾਮ। ਤਿਸੈ = ਉਸੇ ਹੀ ਅਕਾਲ ਪੁਰਖ ਨੂੰ।

ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੨੮॥

The Primal One, the Pure Light, without beginning, without end. Throughout all the ages, He is One and the Same. ||28||

ਜੋ (ਸਭ ਦਾ) ਮੁੱਢ ਹੈ, ਜੋ ਸੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ ॥੨੮॥ ਆਦਿ = ਮੁੱਢ ਤੋਂ। ਅਨੀਲੁ ਕਲੰਕ ਰਹਿਤ, ਪਵਿੱਤਰ, ਸੁੱਧ ਸਰੂਪ। ਅਨਾਦਿ = ਜਿਸ ਦਾ ਕੋਈ ਮੁੱਢ ਨਹੀਂ ਹੈ। ਅਨਾਹਤਿ = (ਅਨ-ਆਹਤਿ), ਆਹਤਿ = ਨਾਸ, ਖੈ, (ਇਸ ਸ਼ਬਦ ਦਾ ਸੰਸਕ੍ਰਿਤ ਧਾਤੂ 'ਹਨ' ਹੈ, ਜਿਸ ਦਾ ਅਰਥ ਹੈ 'ਮਾਰਨਾ, ਨਾਸ ਕਰਨਾ') ਅਨਾਹਤਿ = ਨਾਸ ਰਹਿਤ, ਇਕ-ਰਸ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ। ਵੇਸੁ = ਰੂਪ ॥੨੮॥