ਰਾਗੁ ਗੌੜੀ ਮਾਲਵਾ ਮਹਲਾ

Raag Gauree Maalwaa, Fifth Mehl:

ਰਾਗ ਗਉੜੀ-ਮਾਲਵਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ

Chant the Lord's Name; O my friend, chant it. Hereafter, the path is terrifying and treacherous. ||1||Pause||

ਹੇ ਮਿੱਤਰ! ਪਰਮਾਤਮਾ ਦਾ ਨਾਮ ਸਿਮਰ, ਨਾਮ ਸਿਮਰ। ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈਂ ਉਹ ਰਸਤਾ (ਵਿਕਾਰਾਂ ਦੇ ਹੱਲਿਆਂ ਦੇ ਕਾਰਨ) ਔਖਾ ਹੈ ਤੇ ਡਰਾਵਨਾ ਹੈ ॥੧॥ ਰਹਾਉ ॥ ਮੀਤਾ = ਹੇ ਮਿੱਤਰ! ਆਗੈ = ਤੇਰੇ ਅੱਗੇ, ਤੇਰੇ ਸਾਹਮਣੇ, ਜਿਸ ਰਸਤੇ ਉਤੇ ਤੂੰ ਤੁਰ ਰਿਹਾ ਹੈਂ, ਜੀਵਨ-ਸਫ਼ਰ ਦਾ ਰਸਤਾ। ਬਿਖਮ = ਔਖਾ। ਪੰਥੁ = ਰਸਤਾ। ਭੈਆਨ = ਭਿਆਨਕ, ਡਰਾਉਣਾ ॥੧॥ ਰਹਾਉ ॥

ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ

Serve, serve, forever serve the Lord. Death hangs over your head.

(ਹੇ ਮਿੱਤਰ!) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੁ, ਮੌਤ ਹਰ ਵੇਲੇ ਤੇਰੇ ਨਾਲ ਵੱਸਦੀ ਹੈ। ਸੇਵਤ = ਸਿਮਰਦਿਆਂ। ਸੇਵਿ = ਸਿਮਰ। ਕਾਲੁ = ਮੌਤ।

ਕਰਿ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲੁ ॥੧॥

Do seva, selfless service, for the Holy Saints, and the noose of Death shall be cut away. ||1||

ਹੇ ਭਾਈ! ਗੁਰੂ ਦੀ ਸੇਵਾ ਕਰ (ਗੁਰੂ ਦੀ ਸਰਨ ਪਉ। ਗੁਰੂ ਦੀ ਸਰਨ ਪਿਆਂ) ਉਹ (ਮੋਹ-) ਜਾਲ ਕੱਟਿਆ ਜਾਂਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ॥੧॥ ਸਾਧ = ਗੁਰੂ। ਜਮ ਜਾਲੁ = ਮੋਹ ਦਾ ਉਹ ਜਾਲ ਜੋ ਜਮ ਦੇ ਹਵਾਲੇ ਕਰਦਾ ਹੈ ਜੋ ਆਤਮਕ ਮੌਤ ਵਿਚ ਫਸਾ ਦੇਂਦਾ ਹੈ ॥੧॥

ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ

You may make burnt offerings, sacrificial feasts and pilgrimages to sacred shrines in egotism, but your corruption only increases.

(ਹੇ ਮਿੱਤਰ! ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ) ਹਵਨ ਕੀਤੇ ਜੱਗ ਕੀਤੇ ਤੀਰਥ-ਇਸ਼ਨਾਨ ਕੀਤੇ, ਉਹ (ਇਹਨਾਂ ਕੀਤੇ ਕਰਮਾਂ ਦੀ) ਹਉਮੈ ਵਿਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਧਦੇ ਗਏ। ਹੋਮ = ਹਵਨ। ਬਿਚਿ = ਵਿਚ, ਇਹਨਾਂ ਕਰਮਾਂ ਵਿਚ। ਬਧੇ = ਵਧ ਗਏ।

ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥੨॥

You are subject to both heaven and hell, and you are reincarnated over and over again. ||2||

ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ, ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ॥੨॥ ਭੁੰਚਨਾ = ਭੋਗਣੇ ਪਏ। ਬਹੁਰਿ ਬਹੁਰਿ = ਮੁੜ ਮੁੜ। ਅਵਤਾਰ = ਜਨਮ ॥੨॥

ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ

The realm of Shiva, the realms of Brahma and Indra as well - no place anywhere is permanent.

(ਹੇ ਮਿੱਤਰ! ਹਵਨ ਜੱਗ ਤੀਰਥ ਆਦਿਕ ਕਰਮ ਕਰ ਕੇ ਲੋਕ ਸ਼ਿਵ-ਪੁਰੀ ਬ੍ਰਹਮ-ਪੁਰੀ ਇੰਦਰ-ਪੁਰੀ ਆਦਿਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਂਦੇ ਹਨ, ਪਰ) ਸ਼ਿਵ-ਪੁਰੀ, ਬ੍ਰਹਮ-ਪੁਰੀ, ਇੰਦ੍ਰ-ਪੁਰੀ-ਇਹਨਾਂ ਵਿਚੋਂ ਕੋਈ ਭੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ। ਨਿਹਚਲੁ = ਸਦਾ ਕਾਇਮ ਰਹਿਣ ਵਾਲਾ, ਅਟੱਲ। ਕੋ = ਕੋਈ।

ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥੩॥

Without serving the Lord, there is no peace at all. The faithless cynic comes and goes in reincarnation. ||3||

ਪਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਕ ਆਨੰਦ ਭੀ ਨਹੀਂ ਮਿਲਦਾ। ਹੇ ਭਾਈ! ਪਰਮਾਤਮਾ ਨਾਲੋਂ ਵਿਛੁੱੜੇ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ (ਜੰਮਦੇ ਹਨ ਮਰਦੇ ਹਨ, ਜੰਮਦੇ ਹਨ ਮਰਦੇ ਹਨ) ॥੩॥ ਹੋ = ਹੇ ਭਾਈ! ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ, ਮਾਇਆ-ਵੇੜ੍ਹੇ ਜੀਵ ॥੩॥

ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ

As the Guru has taught me, so have I spoken.

(ਹੇ ਭਾਈ!) ਜਿਸ ਤਰ੍ਹਾਂ ਗੁਰੂ ਨੇ (ਮੈਨੂੰ) ਉਪਦੇਸ਼ ਦਿੱਤਾ ਹੈ, ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ। ਗੁਰਿ = ਗੁਰੂ ਨੇ। ਤੈਸੋ = ਉਹੋ ਜਿਹਾ।

ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥

Says Nanak, listen, people: sing the Kirtan of the Lord's Praises, and you shall be saved. ||4||1||158||

ਨਾਨਕ ਆਖਦਾ ਹੈ-ਹੇ (ਮੇਰੇ) ਮਨ! ਸੁਣ ਪਰਮਾਤਮਾ ਦਾ ਕੀਰਤਨ ਕਰਦਾ ਰਹੁ (ਕੀਰਤਨ ਦੀ ਬਰਕਤਿ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ) ਬਚਾਉ ਹੋ ਜਾਂਦਾ ਹੈ ॥੪॥੧॥੧੫੮॥ ਪੁਕਾਰਿ = ਉੱਚੀ ਬੋਲ ਕੇ। ਉਧਾਰੁ = ਬਚਾਉ ॥੪॥