ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ,
ਸਭ ਤੇ ਊਚ ਜਾ ਕਾ ਦਰਬਾਰੁ ॥
His Regal Court is the highest of all.
ਜਿਸ (ਪਰਮਾਤਮਾ) ਦਾ ਦਰਬਾਰ ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਨਾਲੋਂ ਉੱਚਾ ਹੈ, ਸਭ ਤੇ = ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਤੋਂ। ਜਾ ਕਾ = ਜਿਸ (ਪ੍ਰਭੂ-ਪਾਤਿਸ਼ਾਹ) ਦਾ।
ਸਦਾ ਸਦਾ ਤਾ ਕਉ ਜੋਹਾਰੁ ॥
I humbly bow to Him, forever and ever.
ਉਸ (ਪ੍ਰਭੂ-ਪਾਤਿਸ਼ਾਹ) ਨੂੰ ਸਦਾ ਹੀ ਸਦਾ ਨਮਸਕਾਰ ਕਰਨੀ ਚਾਹੀਦੀ ਹੈ। ਤਾ ਕਉ = ਉਸ ਨੂੰ। ਜੋਹਾਰੁ = ਨਮਸਕਾਰ।
ਊਚੇ ਤੇ ਊਚਾ ਜਾ ਕਾ ਥਾਨ ॥
His place is the highest of the high.
ਜਿਸ ਪ੍ਰਭੂ-ਪਾਤਿਸ਼ਾਹ ਦਾ ਮਹੱਲ ਉੱਚੇ ਤੋਂ ਉੱਚਾ ਹੈ,
ਕੋਟਿ ਅਘਾ ਮਿਟਹਿ ਹਰਿ ਨਾਮ ॥੧॥
Millions of sins are erased by the Name of the Lord. ||1||
ਉਸ ਹਰੀ-ਪਾਤਿਸ਼ਾਹ ਦੇ ਨਾਮ ਦੀ ਬਰਕਤਿ ਨਾਲ ਕ੍ਰੋੜਾਂ ਪਾਪ ਖ਼ਤਮ ਹੋ ਜਾਂਦੇ ਹਨ ॥੧॥ ਕੋਟਿ = ਕ੍ਰੋੜਾਂ। ਅਘਾ = ਅਘਾਂ, ਪਾਪ। ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ} ॥੧॥
ਤਿਸੁ ਸਰਣਾਈ ਸਦਾ ਸੁਖੁ ਹੋਇ ॥
In His Sanctuary, we find eternal peace.
ਉਸ (ਪ੍ਰਭੂ) ਦੀ ਸਰਨ ਵਿਚ (ਰਹਿ ਕੇ) ਉਸ ਮਨੁੱਖ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ, ਸਰਣਾਈ = ਸਰਨ ਪਿਆਂ।
ਕਰਿ ਕਿਰਪਾ ਜਾ ਕਉ ਮੇਲੈ ਸੋਇ ॥੧॥ ਰਹਾਉ ॥
He Mercifully unites us with Himself. ||1||Pause||
ਪ੍ਰਭੂ ਆਪ ਹੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ॥੧॥ ਰਹਾਉ ॥ ਜਾ ਕਉ = ਜਿਸ (ਮਨੁੱਖ) ਨੂੰ। ਸੋਇ = ਉਹ (ਪ੍ਰਭੂ ਆਪ) ਹੀ ॥੧॥ ਰਹਾਉ ॥
ਜਾ ਕੇ ਕਰਤਬ ਲਖੇ ਨ ਜਾਹਿ ॥
His wondrous actions cannot even be described.
ਜਿਸ ਪ੍ਰਭੂ-ਪਾਤਿਸ਼ਾਹ ਦੇ ਚੋਜ-ਤਮਾਸ਼ੇ ਸਮਝੇ ਨਹੀਂ ਜਾ ਸਕਦੇ, ਲਖੇ ਨ ਜਾਹਿ = ਸਮਝੇ ਨਹੀਂ ਜਾ ਸਕਦੇ।
ਜਾ ਕਾ ਭਰਵਾਸਾ ਸਭ ਘਟ ਮਾਹਿ ॥
All hearts rest their faith and hope in Him.
ਜਿਸ ਪਰਮਾਤਮਾ ਦਾ ਸਹਾਰਾ ਹਰੇਕ ਜੀਵ ਦੇ ਹਿਰਦੇ ਵਿਚ ਹੈ, ਭਰਵਾਸਾ = ਸਹਾਰਾ। ਘਟ = ਹਿਰਦਾ।
ਪ੍ਰਗਟ ਭਇਆ ਸਾਧੂ ਕੈ ਸੰਗਿ ॥
He is manifest in the Saadh Sangat, the Company of the Holy.
ਉਹ ਪ੍ਰਭੂ-ਪਾਤਿਸ਼ਾਹ ਗੁਰੂ ਦੀ ਸੰਗਤ ਵਿਚ ਰਿਹਾਂ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। ਸਾਧੂ ਕੈ ਸੰਗਿ = ਗੁਰੂ ਦੀ ਸੰਗਤ ਵਿਚ।
ਭਗਤ ਅਰਾਧਹਿ ਅਨਦਿਨੁ ਰੰਗਿ ॥੨॥
The devotees lovingly worship and adore Him night and day. ||2||
ਉਸ ਦੇ ਭਗਤ ਹਰ ਵੇਲੇ ਪ੍ਰੇਮ ਨਾਲ ਉਸ ਦਾ ਨਾਮ ਜਪਦੇ ਰਹਿੰਦੇ ਹਨ ॥੨॥ ਅਰਾਧਹਿ = ਆਰਾਧਦੇ ਹਨ, ਨਾਮ ਜਪਦੇ ਹਨ। ਅਨਦਿਨੁ = ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ ਨਾਲ ॥੨॥
ਦੇਦੇ ਤੋਟਿ ਨਹੀ ਭੰਡਾਰ ॥
He gives, but His treasures are never exhausted.
(ਜੀਵਾਂ ਨੂੰ ਬੇਅੰਤ ਦਾਤਾਂ) ਦੇਂਦਿਆਂ ਭੀ (ਉਸ ਦੇ) ਖ਼ਜ਼ਾਨਿਆਂ ਵਿਚ ਕਮੀ ਨਹੀਂ ਹੁੰਦੀ। ਦੇਦੇ = ਦੇਂਦੇ, ਦੇਂਦਿਆਂ। ਤੋਟਿ = ਘਾਟਾ, ਕਮੀ।
ਖਿਨ ਮਹਿ ਥਾਪਿ ਉਥਾਪਨਹਾਰ ॥
In an instant, He establishes and disestablishes.
ਉਹ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰਥਾ ਵਾਲਾ ਹੈ। ਥਾਪਿ = ਪੈਦਾ ਕਰ ਕੇ। ਉਥਾਪਨਹਾਰ = ਨਾਸ ਕਰ ਸਕਣ ਵਾਲਾ।
ਜਾ ਕਾ ਹੁਕਮੁ ਨ ਮੇਟੈ ਕੋਇ ॥
No one can erase the Hukam of His Command.
ਕੋਈ ਭੀ ਜੀਵ ਉਸ ਦਾ ਹੁਕਮ ਮੋੜ ਨਹੀਂ ਸਕਦਾ। ਨ ਮੇਟੈ = ਮੋੜ ਨਹੀਂ ਸਕਦਾ।
ਸਿਰਿ ਪਾਤਿਸਾਹਾ ਸਾਚਾ ਸੋਇ ॥੩॥
The True Lord is above the heads of kings. ||3||
(ਦੁਨੀਆ ਦੇ) ਪਾਤਿਸ਼ਾਹਾਂ ਦੇ ਸਿਰ ਉੱਤੇ ਸਦਾ ਕਾਇਮ ਰਹਿਣ ਵਾਲਾ (ਪਾਤਿਸ਼ਾਹ) ਉਹ (ਪਰਮਾਤਮਾ) ਹੀ ਹੈ ॥੩॥ ਸਿਰਿ ਪਾਤਿਸ਼ਾਹਾ = (ਸਾਰੇ) ਪਾਤਿਸ਼ਾਹਾਂ ਦੇ ਸਿਰ ਉੱਤੇ। ਸਾਚਾ = ਸਦਾ ਕਾਇਮ ਰਹਿਣ ਵਾਲਾ ॥੩॥
ਜਿਸ ਕੀ ਓਟ ਤਿਸੈ ਕੀ ਆਸਾ ॥
He is my Anchor and Support; I place my hopes in Him.
(ਦੁੱਖਾਂ ਤੋਂ ਬਚਣ ਲਈ ਅਸਾਂ ਜੀਵਾਂ ਨੂੰ) ਜਿਸ (ਪਰਮਾਤਮਾ) ਦਾ ਆਸਰਾ ਹੈ, (ਸੁਖਾਂ ਦੀ ਪ੍ਰਾਪਤੀ ਲਈ ਭੀ) ਉਸੇ ਦੀ (ਸਹਾਇਤਾ ਦੀ) ਆਸ ਹੈ। ਜਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।
ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥
I place my pain and pleasure before Him.
ਦੁੱਖ (ਤੋਂ ਬਚਣ ਲਈ, ਤੇ) ਸੁਖ (ਦੀ ਪ੍ਰਾਪਤੀ ਲਈ) ਅਸਾਂ ਜੀਵਾਂ ਦੀ ਉਸ ਦੇ ਪਾਸ ਹੀ (ਸਦਾ ਅਰਦਾਸ) ਹੈ। ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।
ਰਾਖਿ ਲੀਨੋ ਸਭੁ ਜਨ ਕਾ ਪੜਦਾ ॥
He covers the faults of His humble servant.
ਆਪਣੇ ਸੇਵਕ ਦੀ ਇੱਜ਼ਤ ਪਰਮਾਤਮਾ ਹਰ ਥਾਂ ਰੱਖ ਲੈਂਦਾ ਹੈ, ਸਭੁ = ਸਾਰਾ, ਹਰ ਥਾ।
ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥
Nanak sings His Praises. ||4||19||32||
ਨਾਨਕ ਉਸ ਦੀ (ਹੀ ਸਦਾ) ਸਿਫ਼ਤ-ਸਾਲਾਹ ਕਰਦਾ ਹੈ ॥੪॥੧੯॥੩੨॥