ਜਉ ਤੁਮੑ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ

If You keep me far away from You, then tell me, what is liberation?

ਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ? ਜਉ = ਜੇ। ਮੋ ਕਉ = ਮੈਨੂੰ। ਦੂਰ ਕਰਤ ਹਉ = ਤੂੰ (ਮੈਨੂੰ) ਆਪਣੇ ਚਰਨਾਂ ਤੋਂ ਵਿਛੋੜ ਦੇਵੇਂ।

ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥

The One has many forms, and is contained within all; how can I be fooled now? ||1||

ਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ)। ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ)? ॥੧॥ ਭਰਮਾਵਹੁ = ਮੈਨੂੰ ਭੁਲੇਖੇ ਵਿਚ ਪਾਂਦਾ ਹੈਂ ॥੧॥

ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ

O Lord, where will You take me, to save me?

ਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ। ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ? (ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ। ਰਾਮ = ਹੇ ਰਾਮ! ਤਾਰਿ = ਤਾਰ ਕੇ। ਕਹਾ = (ਆਪਣੇ ਚਰਨਾਂ ਤੋਂ ਪਰੇ ਹੋਰ) ਕਿੱਥੇ? ਲੈ ਜਈ ਹੈ = ਲੈ ਜਾਏਂਗਾ।

ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ

Tell me where, and what sort of liberation shall You give me? By Your Grace, I have already obtained it. ||1||Pause||

ਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ-ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ॥੧॥ ਰਹਾਉ ॥ ਸੋਧਉ = ਸੋਧਉਂ, ਮੈਂ ਪੁੱਛਦਾ ਹਾਂ। ਕੈਸੀ = ਕਿਹੋ ਜਿਹੀ (ਮੁਕਤੀ)? ਪ੍ਰਸਾਦੁ = ਕਿਰਪਾ। ਮੋਹਿ = ਮੈਂ। ਪਾਈ ਹੈ = ਲੱਭ ਲਈ ਹੈ ॥੧॥ ਰਹਾਉ ॥

ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਜਾਨਿਆ

People talk of salvation and being saved, as long as they do not understand the essence of reality.

ਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ-ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ। ਤਾਰਨ = (ਕਿਸੇ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣਾ। ਤਰਨੁ = ਤਰਨਾ, ਪਾਰ ਲੰਘਣਾ। ਕਹੀਐ = (ਇਹ ਗੱਲ) ਆਖੀਦੀ ਹੈ। ਤਤੁ = ਸਾਰੇ ਜਗਤ ਦਾ ਮੂਲ-ਪ੍ਰਭੂ। ਨ ਜਾਨਿਆ = ਜਾਣ-ਪਛਾਣ ਨਹੀਂ ਕੀਤੀ, ਸਾਂਝ ਨਹੀਂ ਪਾਈ।

ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥

I have now become pure within my heart, says Kabeer, and my mind is pleased and appeased. ||2||5||

ਕਬੀਰ ਆਖਦਾ ਹੈ ਕਿ ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ॥੨॥੫॥ ਬਿਮਲ = ਪਵਿੱਤਰ। ਘਟ ਹੀ ਮਹਿ = ਹਿਰਦੇ ਵਿਚ ਹੀ। ਮਾਨਿਆ = ਮੰਨ ਗਿਆ ਹੈ, ਗਿੱਝ ਗਿਆ ਹੈ, ਪਰਚ ਗਿਆ ਹੈ ॥੨॥੫॥