ਭੁਜੰਗ ਛੰਦ

ਭੁਜੰਗ ਛੰਦ:

ਚਹੂੰ ਓਰ ਤੇ ਚਾਵਡੈ ਚੀਤਕਾਰੀ

ਚੌਹਾਂ ਪਾਸਿਆਂ ਤੋਂ ਇਲਾਂ ਚੀਕਾਂ ਮਾਰਦੀਆਂ ਹਨ।

ਰਹੇ ਗਿਧ ਆਕਾਸ ਮੰਡਰਾਇ ਭਾਰੀ

ਆਕਾਸ਼ ਵਿਚ ਵੱਡੀਆਂ ਗਿਧਾਂ ਮੰਡਰਾ ਰਹੀਆਂ ਹਨ।

ਲਗੇ ਘਾਇ ਜੋਧਾ ਗਿਰੇ ਭੂਮਿ ਭਾਰੇ

ਵੱਡੇ ਯੋਧੇ ਘਾਓ ਲਗਣ ਤੇ ਭੂਮੀ ਉਤੇ ਡਿਗੇ ਪਏ ਹਨ।

ਐਸੀ ਭਾਤਿ ਝੂਮੇ ਮਨੌ ਮਤਵਾਰੇ ॥੨੭॥

ਇਸ ਤਰ੍ਹਾਂ ਝੂਮਦੇ ਹਨ, ਮਾਨੋ ਬਹੁਤ ਹੀ ਮਸਤੀ ਵਿਚ ਹੋਣ ॥੨੭॥

ਪਰੀ ਬਾਨ ਗੋਲਾਨ ਕੀ ਭੀਰ ਭਾਰੀ

ਗੋਲਿਆਂ ਅਤੇ ਬਾਣਾਂ ਦੀ ਭਾਰੀ (ਬਰਖਾ) ਹੋ ਰਹੀ ਹੈ।

ਬਹੈ ਤੀਰ ਤਰਵਾਰਿ ਕਾਤੀ ਕਟਾਰੀ

ਤਲਵਾਰਾਂ, ਛੁਰੀਆਂ, ਕਟਾਰਾਂ ਅਤੇ ਤੀਰ ਚਲ ਰਹੇ ਹਨ।

ਹਠੈ ਐਠਿਯਾਰੇ ਮਹਾਬੀਰ ਧਾਏ

ਵੱਡੇ ਹਠੀ ਅਤੇ ਹੈਂਕੜਬਾਜ਼ ਸੂਰਮੇ ਪੈ ਗਏ ਹਨ।

ਬਧੇ ਗੋਲ ਗਾੜੇ ਚਲੇ ਖੇਤ ਆਏ ॥੨੮॥

ਗੋਲ ਪਰ੍ਹੇ ਬਣਾ ਕੇ ਯੁੱਧ-ਭੂਮੀ ਵਿਚ ਆ ਗਏ ਹਨ ॥੨੮॥

ਗੁਰਿਯਾ ਖੇਲ ਮਹਮੰਦਿ ਲੇਜਾਕ ਮਾਰੇ

ਗੁਰਿਯਾ ਖੇਲ (ਗੁਰੇਖੇਲ) ਮਹਮੰਦਿ, ਲੇਜਾਕ,

ਦਓਜਈ ਅਫਰੀਤਿ ਲੋਦੀ ਸੰਘਾਰੇ

ਦਓਜਈ, ਅਫਰੀਦੀ ਅਤੇ ਲੋਦੀ ਜਾਤਾਂ ਵਾਲੇ ਮਾਰੇ ਗਏ ਹਨ।

ਬਲੀ ਸੂਰ ਨ੍ਰਯਾਜੀ ਐਸੀ ਭਾਤਿ ਕੂਟੇ

ਬਲਵਾਨ ਨਿਆਜ਼ੀ ਸੂਰਮੇ ਇਸ ਤਰ੍ਹਾਂ ਕੁਟੇ ਗਏ ਹਨ।

ਚਲੇ ਭਾਜ ਜੋਧਾ ਸਭੈ ਸੀਸ ਫੂਟੇ ॥੨੯॥

(ਜਿਨ੍ਹਾਂ ਦੇ) ਸਿਰ ਪਾਟ ਗਏ ਹਨ, ਉਹ ਸਭ ਸੂਰਮੇ ਭਜ ਚਲੇ ਹਨ ॥੨੯॥