ਪੀਪਾ

Peepaa:

ਪੀਪਾ।

ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ

Within the body, the Divine Lord is embodied. The body is the temple, the place of pilgrimage, and the pilgrim.

(ਸੋ) ਕਾਇਆਂ (ਦੀ ਖੋਜ) ਹੀ ਮੇਰਾ ਦੇਵਤਾ ਹੈ (ਜਿਸ ਦੀ ਮੈਂ ਆਰਤੀ ਕਰਨੀ ਹੈ), ਸਰੀਰ (ਦੀ ਖੋਜ) ਹੀ ਮੇਰਾ ਮੰਦਰ ਹੈ (ਜਿਥੇ ਮੈਂ ਸਰੀਰ ਅੰਦਰ ਵੱਸਦੇ ਪ੍ਰਭੂ ਦੀ ਆਰਤੀ ਕਰਦਾ ਹਾਂ), ਕਾਇਆਂ (ਦੀ ਖੋਜ) ਹੀ ਮੈਂ ਜੰਗਮ ਅਤੇ ਜਾਤ੍ਰੂ ਲਈ (ਤੀਰਥ ਦੀ ਜਾਤ੍ਰਾ ਹੈ)। ਕਾਯਉ = ਕਾਯਾ ਹੀ, ਕਾਇਆਂ ਹੀ, ਸਰੀਰ। ਕਾਇਅਉ = ਕਾਇਆ ਹੀ। ਦੇਵਲ = {Skt. देव-आलय} ਦੇਵਾਲਾ, ਮੰਦਰ। ਜੰਗਮ = ਸ਼ਿਵ-ਉਪਾਸ਼ਕ ਰਮਤੇ ਜੋਗੀ, ਜਿਨ੍ਹਾਂ ਨੇ ਸਿਰ ਉਤੇ ਮੋਰਾਂ ਦੇ ਖੰਭ ਬੱਧੇ ਹੁੰਦੇ ਹਨ। ਜਾਤੀ = ਜਾਤ੍ਰੀ।

ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥

Within the body are incense, lamps and offerings. Within the body are the flower offerings. ||1||

ਸਰੀਰ (ਦੀ ਖੋਜ) ਹੀ (ਮੇਰੇ ਵਾਸਤੇ ਮੇਰੇ ਅੰਦਰ ਵੱਸਦੇ ਦੇਵਤੇ ਲਈ) ਧੂਪ ਦੀਪ ਤੇ ਨੈਵੇਦ ਹੈ, ਕਾਇਆ ਦੀ ਖੋਜ (ਕਰ ਕੇ) ਹੀ, ਮੈਂ ਮਾਨੋ, ਪੱਤਰ ਭੇਟ ਰੱਖ ਕੇ (ਆਪਣੇ ਅੰਦਰ ਵੱਸਦੇ ਇਸ਼ਟ ਦੇਵ ਦੀ) ਪੂਜਾ ਕਰ ਰਿਹਾ ਹਾਂ ॥੧॥ ਨਈਬੇਦਾ = ਦੁੱਧ ਦੀ ਖੀਰ ਆਦਿਕ ਸੁਆਦਲੇ ਭੋਜਨ, ਜੋ ਮੂਰਤੀ ਦੀ ਭੇਟ ਕੀਤੇ ਜਾਣ। ਪੂਜਉ = ਮੈਂ ਪੂਜਦਾ ਹਾਂ। ਪਤੀ = ਪੱਤਰ (ਆਦਿਕ ਭੇਟ ਧਰ ਕੇ) ॥੧॥

ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ

I searched throughout many realms, but I found the nine treasures within the body.

ਦੇਸ ਦੇਸਾਂਤਰਾਂ ਨੂੰ ਖੋਜ ਕੇ (ਆਖ਼ਰ ਆਪਣੇ) ਸਰੀਰ ਦੇ ਅੰਦਰ ਹੀ ਮੈਂ ਪ੍ਰਭੂ ਦਾ ਨਾਮ-ਰੂਪ ਨੌ ਨਿਧੀ ਲੱਭ ਲਈ ਹੈ, ਬਹੁ ਖੰਡ = ਦੇਸ ਦੇਸਾਂਤਰ। ਨਵ ਨਿਧਿ = (ਨਾਮ-ਰੂਪ) ਨੌ ਖ਼ਜ਼ਾਨੇ।

ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ

Nothing comes, and nothing goes; I pray to the Lord for Mercy. ||1||Pause||

(ਹੁਣ ਮੇਰੀ ਕਾਇਆਂ ਵਿਚ) ਪਰਮਾਤਮਾ (ਦੀ ਯਾਦ) ਦਾ ਹੀ ਤੇਜ-ਪ੍ਰਤਾਪ ਹੈ, (ਉਸ ਦੀ ਬਰਕਤਿ ਨਾਲ ਮੇਰੇ ਲਈ) ਨਾ ਕੁਝ ਜੰਮਦਾ ਹੈ ਨਾਹ ਮਰਦਾ ਹੈ (ਭਾਵ, ਮੇਰਾ ਜਨਮ ਮਰਨ ਮਿਟ ਗਿਆ ਹੈ) ॥੧॥ ਰਹਾਉ ॥ ਆਇਬੋ = ਜੰਮੇਗਾ। ਜਾਇਬੋ = ਮਰੇਗਾ। ਦੁਹਾਈ = ਤੇਜ ਪ੍ਰਤਾਪ ॥੧॥ ਰਹਾਉ ॥

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ

The One who pervades the Universe also dwells in the body; whoever seeks Him, finds Him there.

ਜੋ ਸ੍ਰਿਸ਼ਟੀ ਦਾ ਰਚਣਹਾਰ ਪਰਮਾਤਮਾ ਸਾਰੇ ਬ੍ਰਹਮੰਡ ਵਿਚ (ਵਿਆਪਕ) ਹੈ ਉਹੀ (ਮਨੁੱਖਾ) ਸਰੀਰ ਵਿਚ ਹੈ, ਜੋ ਮਨੁੱਖ ਖੋਜ ਕਰਦਾ ਹੈ ਉਹ ਉਸ ਨੂੰ ਲੱਭ ਲੈਂਦਾ ਹੈ, ਪਿੰਡੇ = ਸਰੀਰ ਵਿਚ। ਪਾਵੈ = ਲੱਭ ਲੈਂਦਾ ਹੈ।

ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥

Peepaa prays, the Lord is the supreme essence; He reveals Himself through the True Guru. ||2||3||

ਪੀਪਾ ਬੇਨਤੀ ਕਰਦਾ ਹੈ- ਜੇ ਸਤਿਗੁਰੂ ਮਿਲ ਪਏ ਤਾਂ ਉਹ (ਅੰਦਰ ਹੀ) ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦੇ ਅਸਲ ਸੋਮੇ ਦਾ ਦਰਸ਼ਨ ਕਰਾ ਦੇਂਦਾ ਹੈ ॥੨॥੩॥ ਪ੍ਰਣਵੈ = ਬੇਨਤੀ ਕਰਦਾ ਹੈ। ਪਰਮ ਤਤੁ = ਪਰਮ ਆਤਮਾ, ਪਰਮਾਤਮਾ, ਸਭ ਤੋਂ ਵੱਡੀ ਅਸਲੀਅਤ, ਪਰਲੇ ਤੋਂ ਪਰਲਾ ਤੱਤ, ਸ੍ਰਿਸ਼ਟੀ ਦਾ ਅਸਲ ਸੋਮਾ। ਲਖਾਵੈ = ਜਣਾਉਂਦਾ ਹੈ।੨ ॥੨॥੩॥