ਨਟ ਮਹਲਾ ੪ ॥
Nat, Fourth Mehl:
ਨਟ ਚੌਥੀ ਪਾਤਸ਼ਾਹੀ।
ਰਾਮ ਜਪਿ ਜਨ ਰਾਮੈ ਨਾਮਿ ਰਲੇ ॥
Meditating on the Lord, His humble servants are blended with the Lord's Name.
ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਹੋ ਜਾਂਦੇ ਹਨ। ਜਪਿ = ਜਪ ਕੇ। ਨਾਮਿ = ਨਾਮ ਵਿਚ। ਰਲੇ = ਲੀਨ ਹੋ ਜਾਂਦੇ ਹਨ। ਜਨ = ਦਾਸ।
ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥
Chanting the Lord's Name, following the Guru's Teachings, the Lord showers His Mercy upon them. ||1||Pause||
(ਪਰ) ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ (ਸਿਰਫ਼ ਉਸ ਮਨੁੱਖ ਨੇ) ਜਪਿਆ ਹੈ (ਜਿਸ ਉਤੇ) ਪਰਮਾਤਮਾ ਨੇ ਆਪ ਮਿਹਰ ਕੀਤੀ ਹੈ ॥੧॥ ਰਹਾਉ ॥ ਗੁਰ ਬਚਨੀ = ਗੁਰੂ ਦੇ ਬਚਨਾਂ ਦੀ ਰਾਹੀਂ। ਕ੍ਰਿਪਲੇ = ਕਿਰਪਾ ॥੧॥ ਰਹਾਉ ॥
ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥
Our Lord and Master, Har, Har, is inaccessible and unfathomable. Meditating on Him, His humble servant merges with Him, like water with water.
ਮਾਲਕ-ਪ੍ਰਭੂ ਅਪਹੁੰਚ ਹੈ, ਇੰਦ੍ਰਿਆਂ ਦੀ ਰਾਹੀਂ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਦੇ ਭਗਤ ਉਸ ਦਾ ਨਾਮ ਜਪ ਕੇ (ਇਉਂ ਹੋ ਜਾਂਦੇ ਹਨ, ਜਿਵੇਂ) ਪਾਣੀ ਵਿਚ ਪਾਣੀ ਮਿਲ ਕੇ (ਇੱਕ-ਰੂਪ ਹੋ ਜਾਂਦਾ ਹੈ)। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਇੰਦ੍ਰਿਆਂ ਦੀ ਪਹੁੰਚ ਤੋਂ ਪਰੇ। ਮਿਲਿ = ਮਿਲ ਕੇ। ਸਲਲ = ਪਾਣੀ। ਸਲਲੇ = ਪਾਣੀ ਵਿਚ।
ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥
Meeting with the Lord's Saints, I have obtained the sublime essence of the Lord. I am a sacrifice, a sacrifice to His humble servants. ||1||
ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤ ਵਿਚ) ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ ॥੧॥ ਜਨ ਕੈ = ਜਨਾਂ ਤੋਂ। ਬਲਿ ਬਲਲੇ = ਸਦਕੇ, ਕੁਰਬਾਨ ॥੧॥
ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥
The Lord's humble servant sings the Praises of the Name of the Supreme, Primal Soul, and all poverty and pain are destroyed.
ਜਿਸ ਸੇਵਕ ਨੇ ਉੱਤਮ ਪੁਰਖ ਪ੍ਰਭੂ ਦਾ ਨਾਮ ਜਪਿਆ, ਪ੍ਰਭੂ ਨੇ ਉਸ ਦੇ ਸਾਰੇ ਦੁੱਖ ਦਰਿੱਦਰ ਨਾਸ ਕਰ ਦਿੱਤੇ। ਪੁਰਖੋਤਮੁ = ਉੱਤਮ ਪੁਰਖ, ਸਰਬ-ਵਿਆਪਕ ਪ੍ਰਭੂ। ਜਨਿ = (ਜਿਸ) ਜਨ ਨੇ। ਸਭਿ = ਸਾਰੇ। ਦਾਲਦ = ਦਲਿੱਦਰ। ਦਲਲੇ = ਦਲੇ ਗਏ।
ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥
Within the body are the five evil and uncontrollable passions. The Lord destroys them in an instant. ||2||
ਮਨੁੱਖਾ ਸਰੀਰ ਵਿਚ ਕਾਮਾਦਿਕ ਪੰਜ ਬਲੀ ਵਿਕਾਰ ਵੱਸਦੇ ਹਨ, (ਨਾਮ ਜਪਣ ਵਾਲੇ ਦੇ ਅੰਦਰੋਂ) ਪ੍ਰਭੂ ਇਹ ਵਿਕਾਰ ਇਕ ਖਿਨ ਵਿਚ ਨਾਸ ਕਰ ਦੇਂਦਾ ਹੈ ॥੨॥ ਦੇਹੀ = ਸਰੀਰ। ਪੰਚ ਧਾਤੂ = ਪੰਜ ਕਾਮਾਦਿਕ ਵਿਕਾਰ। ਪਰਲੇ = ਪ੍ਰਲੈ, ਨਾਸ ॥੨॥
ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥
The Lord's Saint loves the Lord in his mind, like the lotus flower gazing at the moon.
ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਨੇ (ਆਪਣੇ ਚਰਨਾਂ ਵਿਚ) ਪ੍ਰੀਤ ਇਉਂ ਲਾਈ ਹੈ, ਜਿਵੇਂ (ਚਕੋਰ) ਚੰਦ੍ਰਮਾ ਨੂੰ (ਪਿਆਰ ਨਾਲ) ਵੇਖਦਾ ਹੈ, ਜਿਵੇਂ (ਭੌਰਾ) ਕੌਲ ਫੁੱਲ ਨੂੰ ਵੇਖਦਾ ਹੈ, ਮਨਿ = ਮਨ ਵਿਚ। ਸਸਿ = ਚੰਦ੍ਰਮਾ। ਕਮਲੇ = ਕੌਲ ਫੁੱਲ ਨੂੰ।
ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥
The clouds hang low, the clouds tremble with thunder, and the mind dances joyfully like the peacock. ||3||
ਜਿਵੇਂ ਪੈਲ ਪਾਂਦਾ ਮੋਰ ਆਪਣੇ ਮਨ ਵਿਚ (ਤਦੋਂ) ਖ਼ੁਸ਼ ਹੁੰਦਾ ਹੈ (ਜਦੋਂ) ਬੱਦਲ ਝੁਕਦਾ ਹੈ ਤੇ ਬਹੁਤ ਗੱਜਦਾ ਹੈ ॥੩॥ ਉਨਵੈ = ਝੁਕਦਾ ਹੈ। ਘਨੁ = ਬੱਦਲ। ਘਨ = ਬਹੁਤ। ਘਨਿਹਰੁ = ਬੱਦਲ। ਗਰਜੈ = ਗੱਜਦਾ ਹੈ। ਬਿਗਸੈ = ਖ਼ੁਸ਼ ਹੁੰਦਾ ਹੈ। ਮੋਰ ਮੁਰਲੇ = ਪੈਲਾਂ ਪਾਣ ਵਾਲਾ ਮੋਰ ॥੩॥
ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹ ਦੇਖਿ ਹਰਿ ਮਿਲੇ ॥
My Lord and Master has placed this yearning within me; I live by seeing and meeting my Lord.
ਮੇਰੇ ਮਾਲਕ-ਪ੍ਰਭੂ ਨੇ ਮੇਰੇ ਅੰਦਰ (ਆਪਣੇ ਨਾਮ ਦੀ) ਲਗਨ ਲਾ ਦਿੱਤੀ ਹੈ, ਮੈਂ ਉਸ ਨੂੰ ਵੇਖ ਵੇਖ ਕੇ ਉਸ ਦੇ ਚਰਨਾਂ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ। ਲੋਚ = ਤਾਂਘ, ਲਗਨ। ਜੀਵਹ = ਅਸੀਂ ਜੀਊਂਦੇ ਹਾਂ, ਆਤਮਕ ਜੀਵਨ ਹਾਸਲ ਕਰਦੇ ਹਾਂ। ਮਿਲੇ = ਮਿਲਿ, ਮਿਲ ਕੇ।
ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥
Servant Nanak is addicted to the intoxication of the Lord; meeting with the Lord, he finds sublime bliss. ||4||2||
ਹੇ ਦਾਸ ਨਾਨਕ! ਹੇ ਹਰੀ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਲਾਇਆ ਹੈ, ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਇਸੇ ਵਿਚ ਹੀ ਮੈਨੂੰ ਸੋਹਣਾ ਆਨੰਦ ਹੈ ॥੪॥੨॥ ਅਮਲ = (ਅਫੀਮ ਆਦਿਕ ਵਾਂਗ) ਨਸ਼ਾ। ਭਲੇ = ਸੋਹਣੇ ॥੪॥੨॥