ਵਡਹੰਸੁ ਮਹਲਾ ੧ ॥
Wadahans, First Mehl:
ਵਡਹੰਸ ਪਹਿਲੀ ਪਾਤਸ਼ਾਹੀ।
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥
The One who creates and dissolves the world - that Lord and Master alone knows His creative power.
ਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ। ਜਿਨਿ = ਜਿਸ ਪਰਮਾਤਮਾ ਨੇ। ਸਿਰਜਿ = ਪੈਦਾ ਕਰ ਕੇ। ਸਮਾਇਆ = (ਆਪਣੇ ਆਪ ਵਿਚ) ਲੀਨ ਕਰ ਲਿਆ। ਕੁਦਰਤਿ ਜਾਣੋਵਾ = ਕੁਦਰਤ ਵਿਚ ਵੱਸਦਾ ਜਾਣ।
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥
Do not search for the True Lord far away; recognize the Word of the Shabad in each and every heart.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ। ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ। ਸਚੜਾ = ਸਦਾ-ਥਿਰ ਰਹਿਣ ਵਾਲਾ। ਘਟਿ ਘਟਿ = ਹਰੇਕ ਘਟ ਵਿਚ। ਸਬਦੁ ਪਛਾਣੋਵਾ = ਉਸ ਪਰਮਾਤਮਾ ਦਾ ਸ਼ਬਦ ਪਛਾਣ।
ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥
Recognize the Shabad, and do not think that the Lord is far away; He created this creation.
ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ (ਕਿਤੇ ਵੱਖਰਾ) ਨਾਹ ਸਮਝੋ, (ਹਰੇਕ ਸਰੀਰ ਵਿਚ) ਉਸ ਦਾ ਅਟੱਲ ਹੁਕਮ ਵਰਤਦਾ ਪਛਾਣੋ। ਸਬਦੁ = ਹੁਕਮ। ਸਚੁ = ਸਦਾ-ਥਿਰ। ਜਿਨਿ = ਜਿਸ ਪਰਮਾਤਮਾ ਨੇ। ਰਾਚੀ = ਰਚੀ, ਬਣਾਈ।
ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥
Meditating on the Naam, the Name of the Lord, one obtains peace; without the Naam, he plays a losing game.
ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਅਸਮਰਥ ਹੋ ਜਾਂਦੀ ਹੈ। ਪਿੜ ਕਾਚੀ = ਪਿੜ ਦੀ ਕੱਚੀ, ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ।
ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥
The One who established the Universe, He alone knows the Way; what can anyone say?
ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਭੀ ਜਾਣਦਾ ਹੈ, ਹੋਰ ਕੋਈ ਜੋ ਮਰਜੀ ਕਹੇ। ਬਿਧਿ = ਤਰੀਕਾ। ਵਖਾਣੋ = ਵਖਾਣੁ, ਉਪਦੇਸ਼।
ਜਿਨਿ ਜਗੁ ਥਾਪਿ ਵਤਾਇਆ ਜਾਲੋੁ ਸੋ ਸਾਹਿਬੁ ਪਰਵਾਣੋ ॥੧॥
The One who established the world cast the net of Maya over it; accept Him as your Lord and Master. ||1||
ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ (ਇਸ ਦੇ ਉਪਰ ਮਾਇਆ ਦੇ ਮੋਹ ਦਾ) ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ ॥੧॥ ਵਤਾਇਆ = ਵਿਛਾਇਆ। ਜਾਲ = (ਅਸਲ ਪਾਠ 'ਜਾਲੁ' ਹੈ, ਇਥੇ 'ਜਾਲੋ' ਪੜ੍ਹਨਾ ਹੈ) ॥੧॥
ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥
O Baba, he has come, and now he must get up and depart; this world is only a way-station.
ਹੇ ਭਾਈ! ਜੇਹੜਾ ਵੀ ਜੀਵ (ਜਗਤ ਵਿਚ ਜਨਮ ਲੈ ਕੇ) ਆਇਆ ਹੈ ਉਸ ਨੇ ਜ਼ਰੂਰ (ਇਥੋਂ) ਚਲੇ ਜਾਣਾ ਹੈ, ਜਗਤ ਤਾਂ ਆਉਣ ਜਾਣ (ਜਨਮ ਮਰਨ) ਦੇ ਚਕਰ ਵਿਚ ਹੈ। ਬਾਬਾ = ਹੇ ਭਾਈ! ਅਧ ਪੰਧੈ = ਅੱਧ ਵਾਟੇ, ਜਨਮ ਮਰਨ ਵਿਚ। ਸੰਸਾਰੋਵਾ = ਸੰਸਾਰ, ਜਗਤ।
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥
Upon each and every head, the True Lord writes their destiny of pain and pleasure, according to their past actions.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਹਰੇਕ ਜੀਵ ਦੇ ਸਿਰ ਉਤੇ ਉਸ ਦੇ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਦੁੱਖ ਅਤੇ ਸੁਖ (ਭੋਗਣ) ਦੇ ਲੇਖ ਲਿਖ ਦਿੱਤੇ ਹਨ। ਸਿਰਿ ਸਿਰਿ = ਹਰੇਕ ਦੇ ਸਿਰ ਉੱਤੇ। ਸਚੜੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ। ਪੁਰਬਿ ਵੀਚਾਰੋਵਾ = ਪੁਰਬਿ ਵੀਚਾਰੁ, ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦਾ ਵਿਚਾਰ।
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥
He bestows pain and pleasure, according to the deeds done; the record of these deeds stays with the soul.
ਜਿਹੋ ਜਿਹਾ ਕਰਮ ਜੀਵ ਨੇ ਕੀਤਾ ਉਹੋ ਜਿਹਾ ਦੁੱਖ ਤੇ ਸੁਖ ਪਰਮਾਤਮਾ ਨੇ ਉਸ ਨੂੰ ਦੇ ਦਿੱਤਾ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਭਦਾ ਹੈ। ਜੇਹਾ ਕੀਆ = ਜਿਹੋ ਜਿਹਾ ਕਿਸੇ ਨੇ ਕਰਮ ਕੀਤਾ।
ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥
He does those deeds which the Creator Lord causes him to do; he attempts no other actions.
(ਪਰ ਜੀਵਾਂ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਂਦਾ ਹੈ (ਉਹੋ ਜਿਹੇ ਕਰਮ ਜੀਵ ਕਰਦੇ ਹਨ) ਕੋਈ ਭੀ ਜੀਵ (ਪ੍ਰਭੂ ਦੀ ਰਜ਼ਾ ਤੋਂ ਲਾਂਭੇ ਜਾ ਕੇ) ਕੋਈ ਹੋਰ ਕੰਮ ਨਹੀਂ ਕਰ ਸਕਦਾ। ਦੂਜੀ = ਕੋਈ ਹੋਰ।
ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥
The Lord Himself is detached, while the world is entangled in conflict; by His Command, He emancipates it.
ਪਰਮਾਤਮਾ ਆਪ ਤਾਂ (ਕਰਮਾਂ ਤੋਂ) ਨਿਰਲੇਪ ਹੈ, ਲੁਕਾਈ ਉਸ ਦੇ ਹੁਕਮ ਅਨੁਸਾਰ (ਮਾਇਆ ਦੇ) ਆਹਰ ਵਿਚ ਬੱਝੀ ਪਈ ਹੈ। (ਮਾਇਆ ਦੇ ਇਹਨਾਂ ਬੰਧਨਾਂ ਤੋਂ ਭੀ) ਪਰਮਾਤਮਾ ਆਪ ਹੀ ਹੁਕਮ ਕਰ ਕੇ ਛੁਡਾਣ ਦੇ ਸਮਰੱਥ ਹੈ। ਨਿਰਾਲਮੁ = ਨਿਰਲੇਪ। ਬਾਧੀ = ਬੱਝੀ ਹੋਈ।
ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥
He may put this off today, but tomorrow he is seized by death; in love with duality, he practices corruption. ||2||
ਅੱਜ (ਸਿਮਰਨ) ਕਰਦਾ ਹਾਂ, ਭਲਕੇ ਕਰਾਂਗਾ (ਇਹੀ ਟਾਲ-ਮਟੋਲੇ) ਕਰਦੇ ਨੂੰ ਮੌਤ ਆ ਦਬਾਂਦੀ ਹੈ। (ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਵਿਚ ਫਸਿਆ ਵਿਅਰਥ ਕੰਮ ਕਰਦਾ ਰਹਿੰਦਾ ਹੈ ॥੨॥ ਕਾਲੁ ਵਿਆਪੈ = ਮੌਤ ਆ ਦਬਾਂਦੀ ਹੈ। ਭਾਇ = ਪਿਆਰ ਵਿਚ। ਵਿਕਾਰੋ = ਵਿਕਾਰੁ, ਵਿਅਰਥ ਕੰਮ ॥੨॥
ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥
The path of death is dark and dismal; the way cannot be seen.
ਜੀਵ ਜਮ ਵਾਲਾ ਰਸਤਾ ਫੜਦਾ ਹੈ, ਤੇ ਉਸ ਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਆਉਂਦੀ, ਉਜਾੜ ਤੇ ਘੁੱਪ ਹਨੇਰੇ ਵਿਚ ਹੀ ਫਸਿਆ ਰਹਿੰਦਾ ਹੈ। ਮਾਰਗੁ = ਰਸਤਾ। ਪੰਥੁ = ਰਸਤਾ। ਉਝੜੁ = ਉਜਾੜ। ਅੰਧ ਗੁਬਾਰੋਵਾ = ਅੰਧ ਗੁਬਾਰੁ, ਘੁੱਪ ਹਨੇਰਾ।
ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥
There is no water, no quilt or mattress, and no food there.
(ਆਖਰ ਵੇਲੇ) ਨਾਹ ਪਾਣੀ, ਨਾਹ ਲੇਫ, ਨਾਹ ਤੁਲਾਈ ਨਾ ਕਿਸੇ ਕਿਸਮ ਦਾ ਭੋਜਨ, ਪਰਕਾਰੋ = ਪਰਕਾਰ, ਕਿਸਮ। ਨਾ ਭੋਜਨ ਪਰਕਾਰੋਵਾ = ਨਾਹ ਕਿਸੇ ਕਿਸਮ ਦਾ ਭੋਜਨ।
ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥
He receives no food there, no honor or water, no clothes or decorations.
ਭੋਜਨ ਭਾਉ ਨਹੀਂ, ਨਾਹ ਠੰਢਾ ਪਾਣੀ, ਨਾਹ ਕੋਈ ਸੋਹਣਾ ਕੱਪੜਾ, ਨਾਹ ਹੋਰ ਸਿੰਗਾਰ (ਨਾਲ ਜਾਂਦਾ ਹੈ)।
ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥
The chain is put around his neck, and the Messenger of Death standing over his head strikes him; he cannot see the door of his home.
ਜਮਰਾਜ ਜੀਵ ਦੇ ਗਲ ਵਿਚ (ਮੋਹ ਦਾ) ਸੰਗਲ ਪਾ ਕੇ ਇਸ ਦੇ ਸਿਰ ਉਤੇ ਖਲੋਤਾ ਚੋਟਾਂ ਮਾਰਦਾ ਹੈ, ਤਾਂ ਇਸ ਨੂੰ ਕੋਈ ਘਰ-ਬਾਹਰ ਨਹੀਂ ਦਿੱਸਦਾ। ਗਲਿ = ਗਲ ਵਿਚ। ਸਿਰਿ = ਸਿਰ ਉਤੇ। ਊਭੌ = ਖਲੋਤਾ ਹੋਇਆ। ਘਰ ਬਾਰੋ = ਘਰ ਘਾਟ, ਕੋਈ ਆਸਰਾ।
ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥
The seeds planted on this path do not sprout; bearing the weight of his sins upon his head, he regrets and repents.
ਉਸ (ਮੌਤ) ਵੇਲੇ ਦੇ ਬੀਜੇ ਹੋਏ (ਸਿਮਰਨ ਸੇਵਾ ਆਦਿਕ ਦੇ ਬੀਜ) ਉੱਗ ਨਹੀਂ ਸਕਦੇ। ਤਦੋਂ ਪਛੁਤਾਂਦਾ ਹੈ ਕਿਉਂਕਿ ਕੀਤੇ ਪਾਪਾਂ ਦਾ ਭਾਰ ਸਿਰ ਉਤੇ ਪਿਆ ਹੈ (ਜੋ ਲਹਿ ਨਹੀਂ ਸਕਦਾ)। ਇਬ ਕੇ ਰਾਹੇ = ਹੁਣ ਦੇ ਬੀਜੇ ਹੋਏ। ਜੰਮਨਿ ਨਾਹੀ = ਨਹੀਂ ਉੱਗਦੇ।
ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥੩॥
Without the True Lord, no one is his friend; reflect upon this as true. ||3||
ਇਸ ਅਟੱਲ ਵਿਚਾਰ ਨੂੰ ਚੇਤੇ ਰੱਖੋ ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ ॥੩॥
ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥
O Baba, they alone are known to truly weep and wail, who meet together and weep, chanting the Praises of the Lord.
ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਵੈਰਾਗਵਾਨ ਹੁੰਦੇ ਹਨ ਉਹ (ਲੋਕ ਪਰਲੋਕ ਵਿਚ) ਆਦਰ ਪਾਂਦੇ ਹਨ। ਬਾਬਾ = ਹੇ ਭਾਈ! ਰੋਵਹਿ = ਜੋ ਵੈਰਾਗ ਵਿਚ ਆਉਂਦੇ ਹਨ। ਰਵਹਿ = ਜੋ ਨਾਮ ਸਿਮਰਦੇ ਹਨ। ਸੁ = ਉਹ ਬੰਦੇ। ਜਾਣੀਅਹਿ = ਆਦਰ ਪਾਂਦੇ ਹਨ। ਮਿਲਿ = (ਸਾਧ ਸੰਗਤ ਵਿਚ) ਮਿਲ ਕੇ। ਰੋਵੈ = ਜੋ ਵੈਰਾਗਵਾਨ ਹੁੰਦਾ ਹੈ। ਸਾਰੇਵਾ = ਸੰਭਾਲਦਾ ਹੈ।
ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥
Defrauded by Maya and worldly affairs, the weepers weep.
ਪਰ ਜਿਸ ਜੀਵ-ਇਸਤ੍ਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ ਉਹ ਦੁੱਖੀ ਹੁੰਦੀ ਹੈ। ਰੋਵੈ = ਦੁੱਖੀ ਹੁੰਦਾ ਹੈ। ਮੁਠੜੀ = ਲੁੱਟੀ ਹੋਈ।
ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥
They weep for the sake of worldly affairs, and they do not wash off their own filth; the world is merely a dream.
ਜੀਵ (ਸਾਰੀ ਉਮਰ ਮਾਇਆ ਦਾ) ਧੰਧਾ ਹੀ ਪਿੱਟਦੇ ਹਨ ਤੇ ਇੰਜ ਕਰਮਾ ਦੀ ਮੈਲ ਨਹੀਂ ਲਾਹੁੰਦੇ, ਉਹਨ੍ਹਾਂ ਲਈ ਸੰਸਾਰ ਇਕ ਸੁਪਨਾ ਹੀ ਬਣਿਆ ਰਹਿੰਦਾ ਹੈ। ਸੁਪਨੰਤਰੁ = ਸੁਪਨ-ਅੰਤਰੁ, ਇਕ ਹੋਰ ਸੁਪਨਾ।
ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥
Like the juggler, deceiving by his tricks, one is deluded by egotism, falsehood and illusion.
ਜਿਵੇਂ ਬਾਜ਼ੀਗਰ (ਤਮਾਸ਼ਾ ਵਿਖਾਂਦਾ ਹੈ, ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿਚ ਰੁੱਝਾ ਰਹਿੰਦਾ ਹੈ, ਤਿਵੇਂ) ਕੂੜੇ ਮੋਹ ਦੀ ਠਗੀ ਹੋਈ ਜੀਵ-ਇਸਤ੍ਰੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਤੇ (ਕੂੜੀ ਮਾਇਆ ਦਾ) ਮਾਣ ਕਰਦੀ ਹੈ।
ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥
The Lord Himself reveals the Path; He Himself is the Doer of deeds.
ਪਰ ਪਰਮਾਤਮਾ ਆਪ ਹੀ (ਜੀਵਾਂ ਨੂੰ) ਸਹੀ ਰਸਤੇ ਤੇ ਪਾਣ ਵਾਲਾ ਹੈ ਤੇ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਕਰਮ ਕਰ ਰਿਹਾ ਹੈ। ਮਾਰਗਿ = ਰਸਤੇ ਉਤੇ।
ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥
Those who are imbued with the Naam, are protected by the Perfect Guru, O Nanak; they merge in celestial bliss. ||4||4||
ਹੇ ਨਾਨਕ! ਜੇਹੜੇ ਆਤਮਕ ਅਡੋਲਤਾ ਵਿਚ ਟਿਕੇ ਰਹਿ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਪੂਰੇ ਗੁਰੂ ਨੇ (ਮਾਇਆ ਦੇ ਮੋਹ ਤੋਂ) ਬਚਾ ਲਿਆ ਹੈ ॥੪॥੪॥ ਨਾਮਿ = ਨਾਮ ਵਿਚ। ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸ੍ਰੇਸ਼ਟ ਪ੍ਰੇਮ ਵਿਚ ॥੪॥੪॥