ਗੋਂਡ ਮਹਲਾ ੫ ॥
Gond, Fifth Mehl:
ਗੋਂਡ ਪੰਜਵੀਂ ਪਾਤਿਸ਼ਾਹੀ।
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
Meditate on the image of the Guru within your mind;
(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ) ਗੁਰੂ ਦੀ (ਇਸ) ਮੂਰਤੀ ਦਾ (ਮੇਰੇ) ਮਨ ਵਿਚ ਧਿਆਨ ਟਿਕਿਆ ਰਹਿੰਦਾ ਹੈ। ਗੁਰ ਕੀ ਮੂਰਤਿ = ਗੁਰੂ ਦਾ ਸ਼ਬਦ-ਰੂਪ ਮੂਰਤੀ। ਗੁਰ ਕੀ ਮੂਰਤਿ ਧਿਆਨੁ = ਗੁਰੂ ਦੇ ਸ਼ਬਦ-ਰੂਪ ਮੂਰਤੀ ਦਾ ਧਿਆਨ।
ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥
let your mind accept the Word of the Guru's Shabad, and His Mantra.
ਗੁਰੂ ਦੇ ਸ਼ਬਦ ਦੀ ਰਾਹੀਂ ਮੇਰਾ ਮਨ ਨਾਮ-ਮੰਤ੍ਰ ਨੂੰ (ਸਭ ਮੰਤ੍ਰਾਂ ਤੋਂ ਸ੍ਰੇਸ਼ਟ ਮੰਤ੍ਰ) ਮੰਨ ਰਿਹਾ ਹੈ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮੰਤ੍ਰੁ = ਨਾਮ-ਮੰਤ੍ਰ। ਮਾਨ = ਮੰਨਦਾ ਹੈ।
ਗੁਰ ਕੇ ਚਰਨ ਰਿਦੈ ਲੈ ਧਾਰਉ ॥
Enshrine the Guru's feet within your heart.
(ਤਾਹੀਏਂ, ਹੇ ਭਾਈ!) ਗੁਰੂ ਦੇ ਚਰਨ ਆਪਣੇ ਹਿਰਦੇ ਵਿਚ ਲੈ ਕੇ ਵਸਾਈ ਰੱਖਦਾ ਹਾਂ। ਰਿਦੈ = ਹਿਰਦੇ ਵਿਚ। ਲੈ = ਲੈ ਕੇ। ਧਾਰਉ = ਧਾਰਉਂ, ਮੈਂ ਧਾਰਦਾ ਹਾਂ।
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥੧॥
Bow in humility forever before the Guru, the Supreme Lord God. ||1||
ਮੈਂ ਤਾਂ ਗੁਰੂ (ਨੂੰ) ਪਰਮਾਤਮਾ (ਦਾ ਰੂਪ ਜਾਣ ਕੇ ਉਸ) ਨੂੰ ਸਦਾ ਨਮਸਕਾਰ ਕਰਦਾ ਹਾਂ ॥੧॥
ਮਤ ਕੋ ਭਰਮਿ ਭੁਲੈ ਸੰਸਾਰਿ ॥
Let no one wander in doubt in the world.
ਹੇ ਭਾਈ! ਦੁਨੀਆ ਵਿਚ ਕਿਤੇ ਕੋਈ ਮਨੁੱਖ ਭਟਕਣਾ ਵਿਚ ਪੈ ਕੇ (ਇਹ ਗੱਲ) ਨਾਹ ਭੁੱਲ ਜਾਏ, ਮਤ = ਮਤਾਂ। ਮਤ ਕੋ ਭੁਲੈ = ਮਤਾਂ ਕੋਈ ਭੁੱਲ ਜਾਏ, ਕਿਤੇ ਕੋਈ ਭੁੱਲ ਨਾਹ ਜਾਏ। ਸੰਸਾਰਿ = ਸੰਸਾਰ ਵਿਚ।
ਗੁਰ ਬਿਨੁ ਕੋਇ ਨ ਉਤਰਸਿ ਪਾਰਿ ॥੧॥ ਰਹਾਉ ॥
Without the Guru, no one can cross over. ||1||Pause||
ਕਿ ਗੁਰੂ ਤੋਂ ਬਿਨਾ ਕੋਈ ਭੀ ਜੀਵ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੇਗਾ ॥੧॥ ਰਹਾਉ ॥
ਭੂਲੇ ਕਉ ਗੁਰਿ ਮਾਰਗਿ ਪਾਇਆ ॥
The Guru shows the Path to those who have wandered off.
ਹੇ ਭਾਈ! ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ, ਕਉ = ਨੂੰ। ਗੁਰਿ = ਗੁਰੂ ਨੇ। ਮਾਰਗਿ = ਰਸਤੇ ਉਤੇ।
ਅਵਰ ਤਿਆਗਿ ਹਰਿ ਭਗਤੀ ਲਾਇਆ ॥
He leads them to renounce others, and attaches them to devotional worship of the Lord.
ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ। ਅਵਰ = ਹੋਰ (ਦੇਵੀ ਦੇਵਤੇ ਆਦਿਕ ਦੀ ਭਗਤੀ)।
ਜਨਮ ਮਰਨ ਕੀ ਤ੍ਰਾਸ ਮਿਟਾਈ ॥
He obliterates the fear of birth and death.
(ਤੇ, ਇਸ ਤਰ੍ਹਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ। ਤ੍ਰਾਸ = ਡਰ।
ਗੁਰ ਪੂਰੇ ਕੀ ਬੇਅੰਤ ਵਡਾਈ ॥੨॥
The glorious greatness of the Perfect Guru is endless. ||2||
ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ॥੨॥
ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥
By Guru's Grace, the inverted heart-lotus blossoms forth,
ਹੇ ਭਾਈ! (ਮਾਇਆ ਵਲ) ਉਲਟਿਆ ਹੋਇਆ ਹਿਰਦਾ-ਕੌਲ ਗੁਰੂ ਦੀ ਕਿਰਪਾ ਨਾਲ (ਪਰਤ ਕੇ) ਖਿੜ ਪੈਂਦਾ ਹੈ। ਪ੍ਰਸਾਦਿ = ਕਿਰਪਾ ਨਾਲ। ਊਰਧ = ਉਲਟਿਆ ਹੋਇਆ। ਬਿਗਾਸ = ਖਿੜਾਉ।
ਅੰਧਕਾਰ ਮਹਿ ਭਇਆ ਪ੍ਰਗਾਸ ॥
and the Light shines forth in the darkness.
(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ (ਸਹੀ ਉੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ। ਅੰਧਕਾਰ = ਹਨੇਰਾ। ਪ੍ਰਗਾਸ = ਚਾਨਣ।
ਜਿਨਿ ਕੀਆ ਸੋ ਗੁਰ ਤੇ ਜਾਨਿਆ ॥
Through the Guru, know the One who created you.
ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਜਾਣ-ਪਛਾਣ ਬਣ ਜਾਂਦੀ ਹੈ ਜਿਸ ਨੇ (ਇਹ ਸਾਰਾ ਜਗਤ) ਪੈਦਾ ਕੀਤਾ ਹੈ। ਜਿਨਿ = ਜਿਸ (ਪ੍ਰਭੂ) ਨੇ। ਤੇ = ਤੋਂ, ਦੀ ਰਾਹੀਂ। ਜਾਨਿਆ = ਜਾਣ ਲਿਆ, ਸਾਂਝ ਪਾ ਲਈ।
ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥੩॥
By the Guru's Mercy, the foolish mind comes to believe. ||3||
(ਇਹ) ਮੂਰਖ ਮਨ ਗੁਰੂ ਦੀ ਕਿਰਪਾ ਨਾਲ (ਪ੍ਰਭੂ-ਚਰਨਾਂ ਵਿਚ ਜੁੜਨਾ) ਗਿੱਝ ਜਾਂਦਾ ਹੈ ॥੩॥ ਮੁਗਧ = ਮੂਰਖ। ਮਾਨਿਆ = ਪਤੀਜ ਗਿਆ, ਗਿੱਝ ਗਿਆ ॥੩॥
ਗੁਰੁ ਕਰਤਾ ਗੁਰੁ ਕਰਣੈ ਜੋਗੁ ॥
The Guru is the Creator; the Guru has the power to do everything.
ਹੇ ਭਾਈ! ਗੁਰੂ (ਆਤਮਕ ਅਵਸਥਾ ਵਿਚ ਕਰਤਾਰ ਨਾਲ ਇਕ-ਸੁਰ ਹੋਣ ਕਰਕੇ ਉਸ) ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰਥ ਹੈ। ਕਰਣੈ ਜੋਗੁ = ਸਭ ਕੁਝ ਕਰਨ ਦੀ ਸਮਰਥਾ ਵਾਲਾ।
ਗੁਰੁ ਪਰਮੇਸਰੁ ਹੈ ਭੀ ਹੋਗੁ ॥
The Guru is the Transcendent Lord; He is, and always shall be.
ਗੁਰੂ ਉਸ ਪਰਮੇਸਰ ਦਾ ਰੂਪ ਹੈ, ਜੋ (ਪਹਿਲਾਂ ਭੀ ਮੌਜੂਦ ਸੀ) ਹੁਣ ਭੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ। ਹੋਗੁ = ਸਦਾ ਰਹੇਗਾ।
ਕਹੁ ਨਾਨਕ ਪ੍ਰਭਿ ਇਹੈ ਜਨਾਈ ॥
Says Nanak, God has inspired me to know this.
ਨਾਨਕ ਆਖਦਾ ਹੈ- ਪ੍ਰਭੂ ਨੇ ਮੈਨੂੰ ਇਹੀ ਗੱਲ ਸਮਝਾਈ ਹੈ (ਕਿ) ਪ੍ਰਭਿ = ਪ੍ਰਭੂ ਨੇ। ਇਹੈ = ਇਹੀ ਗੱਲ। ਜਨਾਈ = ਸਮਝਾਈ ਹੈ।
ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥੪॥੫॥੭॥
Without the Guru, liberation is not obtained, O Siblings of Destiny. ||4||5||7||
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ ॥੪॥੫॥੭॥ ਮੁਕਤਿ = (ਮਾਇਆ ਦੇ ਮੋਹ ਦੇ ਅੰਧਕਾਰ ਤੋਂ) ਖ਼ਲਾਸੀ। ਭਾਈ = ਹੇ ਭਾਈ! ॥੪॥੫॥੭॥