ਕੇਦਾਰਾ ਮਹਲਾ ੫ ਘਰੁ ੨ ॥
Kaydaaraa, Fifth Mehl, Second House:
ਰਾਗ ਕੇਦਾਰਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਾਈ ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥
O mother, I have awakened in the Society of the Saints. Seeing the Love of my Beloved, I chant His Name, the greatest treasure ||Pause||
ਹੇ ਮਾਂ! (ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਸੰਗਤ ਵਿਚ (ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ, (ਉਹ ਹਰ ਪਾਸੇ) ਪਿਆਰੇ ਪ੍ਰਭੂ ਦੇ ਹੀ (ਕੀਤੇ) ਕੌਤਕ ਵੇਖਦੀ ਹੈ, (ਉਹ ਜੀਵ-ਇਸਤ੍ਰੀ ਪਰਮਾਤਮਾ ਦਾ) ਨਾਮ ਜਪਦੀ ਸੁਖਾਂ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ ॥ ਰਹਾਉ॥ ਮਾਈ = ਹੇ ਮਾਂ! ਸੰਤ ਸੰਗਿ = ਗੁਰੂ ਦੀ ਸੰਗਤ ਵਿਚ। ਜਾਗੀ = (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੀ ਹੈ। ਪ੍ਰਿਅ ਰੰਗ = ਪਿਆਰੇ (ਪ੍ਰਭੂ) ਦੇ ਕੌਤਕ {ਬਹੁ-ਵਚਨ}। ਦੇਖੈ = ਵੇਖਦੀ ਹੈ। ਜਪਤੀ = ਜਪਦੀ ਜਪਦੀ। ਨਿਧਾਨੀ = ਨਿਧਾਨ ਵਾਲੀ, ਖ਼ਜ਼ਾਨੇ ਵਾਲੀ, ਖ਼ਜ਼ਾਨੇ ਦੀ ਮਾਲਕ, ਸੁਖਾਂ ਦੇ ਖ਼ਜ਼ਾਨੇ ਦੀ ਮਾਲਕ ॥ਰਹਾਉ॥
ਦਰਸਨ ਪਿਆਸ ਲੋਚਨ ਤਾਰ ਲਾਗੀ ॥
I am so thirsty for the Blessed Vision of His Darshan. my eyes are focused on Him;
ਹੇ ਮਾਂ! (ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ) ਦਰਸਨ ਦੀ ਤਾਂਘ ਬਣੀ ਰਹਿੰਦੀ ਹੈ (ਦਰਸਨ ਦੀ ਉਡੀਕ ਵਿਚ ਹੀ ਉਸ ਦੀਆਂ) ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ। ਪਿਆਸ = ਤਾਂਘ। ਲੋਚਨ = ਅੱਖਾਂ। ਲੋਚਨ ਤਾਰ = ਅੱਖਾਂ ਦੀ ਤਾਰ।
ਬਿਸਰੀ ਤਿਆਸ ਬਿਡਾਨੀ ॥੧॥
I have forgotten other thirsts. ||1||
ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ ॥੧॥ ਤਿਆਸ = ਤ੍ਰਿਹ, ਪਿਆਸ। ਬਿਡਾਨੀ = ਬਿਗਾਨੀ, ਹੋਰ ਹੋਰ ਪਾਸੇ ਦੀ ॥੧॥
ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥
Now, I have found my Peace-giving Guru with ease; seeing His Darshan, my mind clings to Him.
ਹੇ ਮਾਂ! (ਮੈਨੂੰ ਭੀ) ਹੁਣ ਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। (ਉਸ ਦਾ) ਦਰਸਨ ਕਰ ਕੇ (ਮੇਰਾ) ਮਨ (ਉਸ ਦੇ ਚਰਨਾਂ ਵਿਚ) ਲਪਟ ਗਿਆ ਹੈ। ਅਬ = ਹੁਣ। ਸਹਜ = ਆਤਮਕ ਅਡੋਲਤਾ। ਦਾਇਕ = ਦੇਣ ਵਾਲਾ। ਪੇਖਤ = ਵੇਖਦਿਆਂ। ਲਪਟਾਨੀ = ਮਗਨ ਹੋ ਜਾਂਦਾ ਹੈ।
ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥
Seeing my Lord, joy has welled up in my mind; O Nanak, the speech of my Beloved is so sweet! ||2||1||
ਨਾਨਕ ਆਖਦਾ ਹੈ (ਹੇ ਮਾਂ!) ਪਰਮਾਤਮਾ ਦਾ ਦਰਸਨ ਕਰ ਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੨॥੧॥ ਦੇਖਿ = ਵੇਖ ਕੇ। ਦਮੋਦਰ = {ਦਾਮ-ਉਦਰ। ਦਾਮ = ਰੱਸੀ, ਤੜਾਗੀ। ਉਦਰ = ਪੇਟ। ਜਿਸ ਦੇ ਲੱਕ ਦੇ ਦੁਆਲੇ ਤੜਾਗੀ ਹੈ, ਕ੍ਰਿਸ਼ਨ} ਪਰਮਾਤਮਾ। ਨਾਨਕ = ਹੇ ਨਾਨਕ! ਪ੍ਰਿਅ ਬਾਨੀ = ਪਿਆਰੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਰਹਸੁ = ਹੁਲਾਸ, ਖ਼ੁਸ਼ੀ ॥੨॥੧॥