ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਕਬੀਰ ਜੀ।
ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥
Those who take their ritual baths in the evening and the morning
(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ ਸੰਧਿਆ = ਸ਼ਾਮ ਵੇਲੇ। ਪ੍ਰਾਤ = ਸਵੇਰੇ। ਕਰਾਹੀ = ਕਰਹੀ, ਕਰਦੇ ਹਨ।
ਜਿਉ ਭਏ ਦਾਦੁਰ ਪਾਨੀ ਮਾਹੀ ॥੧॥
are like the frogs in the water. ||1||
(ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ॥੧॥ ਭਏ = ਹੁੰਦੇ ਹਨ। ਦਾਦੁਰ = ਡੱਡੂ। ਮਾਹੀ = ਵਿਚ ॥੧॥
ਜਉ ਪੈ ਰਾਮ ਰਾਮ ਰਤਿ ਨਾਹੀ ॥
When people do not love the Lord's Name,
ਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ, ਜਉ ਪੈ = ਜੇਕਰ {ਵੇਖੋ, ਸਿਰੀ ਰਾਗ ਰਵਿਦਾਸ ਜੀ: 'ਜਉ ਪੈ ਹਮ ਨ ਪਾਪ ਕਰੰਤਾ'}। ਰਤਿ = ਪਿਆਰ।
ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥
they must all go to the Righteous Judge of Dharma. ||1||Pause||
ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ॥੧॥ ਰਹਾਉ ॥ ਤੇ ਸਭ = ਉਹ ਸਾਰੇ (ਜੀਵ)। ਧਰਮਰਾਇ ਕੈ = ਧਰਮਰਾਜ ਦੇ ਵੱਸ ਵਿਚ ॥੧॥ ਰਹਾਉ ॥
ਕਾਇਆ ਰਤਿ ਬਹੁ ਰੂਪ ਰਚਾਹੀ ॥
Those who love their bodies and try different looks,
(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ; ਕਾਇਆ = ਸਰੀਰ। ਰਤਿ = ਮੋਹ, ਪਿਆਰ। ਬਹੁ ਰੂਪ = ਕਈ ਭੇਖ। ਰਚਾਹੀ = ਰਚਦੇ ਹਨ, ਬਣਾਉਂਦੇ ਹਨ।
ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥
do not feel compassion, even in dreams. ||2||
ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ॥੨॥ ਸੁਪਨੈ ਭੀ = ਸੁਪਨੇ ਵਿਚ ਭੀ, ਕਦੇ ਭੀ। ਦਇਆ = ਤਰਸ ॥੨॥
ਚਾਰਿ ਚਰਨ ਕਹਹਿ ਬਹੁ ਆਗਰ ॥
The wise men call them four-footed creatures;
ਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?)। ਚਾਰਿ ਚਰਨ = ਚਾਰ ਵੇਦ। ਕਹਹਿ = ਉਚਾਰਦੇ ਹਨ, ਪੜ੍ਹਦੇ ਹਨ। ਬਹੁ = ਬਹੁਤੇ। ਆਗਰ = ਸਿਆਣੇ ਮਨੁੱਖ।
ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥
the Holy find peace in this ocean of pain. ||3||
ਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ॥੩॥ ਸਾਧੂ = ਸੰਤ ਜਨ। ਕਲਿ ਸਾਗਰ = ਝਗੜਿਆਂ ਦਾ ਸਮੁੰਦਰ, ਸੰਸਾਰ ॥੩॥
ਕਹੁ ਕਬੀਰ ਬਹੁ ਕਾਇ ਕਰੀਜੈ ॥
Says Kabeer, why do you perform so many rituals?
ਕਬੀਰ ਆਖਦਾ ਹੈ- ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ, ਬਹੁ ਕਾਇ ਕਰੀਜੈ = ਬਹੁਤੀਆਂ ਵਿਚਾਰਾਂ ਕਾਹਦੇ ਲਈ ਕਰਨੀਆਂ ਹੋਈਆਂ? ਭਾਵ, ਮੁੱਕਦੀ ਗੱਲ ਇਹ ਹੈ; ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ।
ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥
Renounce everything, and drink in the supreme essence of the Lord. ||4||5||
ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ॥੪॥੫॥ ਸਰਬਸੁ = (सर्वस्व) ਆਪਣਾ ਸਭ ਕੁਝ, ਸਭ ਪਦਾਰਥਾਂ ਦਾ ਮੋਹ। ਛੋਡਿ = ਛੱਡ ਕੇ। ਮਹਾ ਰਸੁ = ਸਭ ਤੋਂ ਉੱਚਾ ਨਾਮ ਰਸ। ਪੀਜੈ = ਪੀਵੀਏ।੪ ॥੪॥੫॥