ਰਾਤੀ ਰੁਤੀ ਥਿਤੀ ਵਾਰ

Nights, days, weeks and seasons;

ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਰਾਤੀ = ਰਾਤਾਂ। ਰੁਤੀ = ਰੁੱਤਾਂ। ਥਿਤੀ = ਥਿੱਤਾਂ। ਵਾਰ = ਦਿਹਾੜੇ, ਦਿਨ।

ਪਵਣ ਪਾਣੀ ਅਗਨੀ ਪਾਤਾਲ

wind, water, fire and the nether regions

ਹਵਾ, ਪਾਣੀ, ਅੱਗ ਅਤੇ ਪਾਤਾਲ- ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ) ਪਵਣ = ਸਭ ਪ੍ਰਕਾਰ ਦੀ ਹਵਾ। ਪਾਤਾਲ = ਸਾਰੇ ਪਾਤਾਲ।

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ

in the midst of these, He established the earth as a home for Dharma.

ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ। ਇੱਥੇ 'ਤਿਸੁ' ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ। 'ਤਿਸੁ' ਇਕ-ਵਚਨ ਹੈ, ਜਿਸ ਦਾ ਅਰਥ ਹੈ: 'ਸਾਰਿਆਂ ਦਾ ਇਕੱਠ'। ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ। ਧਰਮਸਾਲ = ਧਰਮ ਕਮਾਣ ਦਾ ਅਸਥਾਨ।

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ

Upon it, He placed the various species of beings.

ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ), ਤਿਸੁ ਵਿਚਿ = ਉਸ ਧਰਤੀ ਉੱਤੇ। ਜੀਅ = ਜੀਵ ਜੰਤ। ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ। ਕੇ ਰੰਗ = ਕਈ ਰੰਗਾਂ ਦੇ।

ਤਿਨ ਕੇ ਨਾਮ ਅਨੇਕ ਅਨੰਤ

Their names are uncounted and endless.

ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ। ਤਿਨ ਕੇ = ਉਹਨਾਂ ਜੀਵਾਂ ਦੇ। ਅਨੰਤ = ਬੇਅੰਤ। ❀ 'ਕੇ ਰੰਗ' ਬਾਰੇ ਨੋਟ: ਇਸ 'ਕੇ ਰੰਗ' ਨੂੰ ਸਮਝਣ ਲਈ ਹੇਠ-ਲਿਖੀਆਂ ਤੁਕਾਂ ਨੂੰ ਗਹੁ ਨਾਲ ਵਿਚਾਰਨਾ ਜ਼ਰੂਰੀ ਹੈ: (੧) ਜੀਅ ਜਾਤਿ ਰੰਗਾ ਕੇ ਨਾਵ। ਸਭਨਾ ਲਿਖਿਆ ਵੁੜੀ ਕਲਾਮ। (ਪਉੜੀ ੧੬)। (੨) ਤਿਥੈ ਭਗਤ ਵਸਹਿ ਕੇ ਲੋਅ। (ਪਉੜੀ ੩੭)। (੩) ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ। (ਪਉੜੀ ੭)। (੪) ਆਪੇ ਜਾਣੈ ਆਪੇ ਦੇਇ। ਆਖਹਿ ਸਿ ਭਿ ਕੇਈ ਕੇਇ। (ਪਉੜੀ ੨੫)। (੫) ਏਤੇ ਕੀਤੇ ਹੋਰਿ ਕਰੇਹਿ। ਤਾ ਆਖਿ ਨ ਸਕਹਿ ਕੇਈ ਕੇਇ। (ਪਉੜੀ ੨੬)। (੬) ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ। ਇਹਨਾਂ ਸਾਰੀਆਂ ਤੁਕਾਂ ਵਿਚ 'ਕੇ' ਦਾ ਅਰਥ ਹੈ 'ਕਈ'; 'ਨ ਕੇ' ਅਰਥ ਹੈ 'ਕੋਈ ਭੀ ਨਹੀਂ'। ਪਉੜੀ ਨੰ: ੨੧ ਵਿਚ 'ਕੇਈ ਕੇਇ' ਵਰਤਿਆ ਗਿਆ ਹੈ, ਅੱਜ ਕੱਲ ਦੀ ਪੰਜਾਬੀ ਵਿਚ ਭੀ ਅਸੀਂ 'ਕਈ ਕਈ' ਆਖਦੇ ਹਾਂ। ਜਿਵੇਂ 'ਕੇ ਰੰਗ' ਦਾ ਅਰਥ ਹੈ 'ਕਈ ਰੰਗਾਂ ਦੇ', ਤਿਵੇਂ 'ਕੇ ਨਾਵ' ਦਾ ਅਰਥ ਹੈ 'ਕਈ ਨਾਵਾਂ ਵਾਲੇ', 'ਕੇ ਲੋਅ' ਦਾ ਅਰਥ 'ਕਈ ਲੋਕਾਂ ਦੇ, ਕਈ ਭਾਵਨਾਂ ਦੇ'।

ਕਰਮੀ ਕਰਮੀ ਹੋਇ ਵੀਚਾਰੁ

By their deeds and their actions, they shall be judged.

(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ ਕਰਮੀ ਕਰਮੀ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ।

ਸਚਾ ਆਪਿ ਸਚਾ ਦਰਬਾਰੁ

God Himself is True, and True is His Court.

(ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ।

ਤਿਥੈ ਸੋਹਨਿ ਪੰਚ ਪਰਵਾਣੁ

There, in perfect grace and ease, sit the self-elect, the self-realized Saints.

ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ 'ਤੇ ਸੋਭਦੇ ਹਨ, ਤਿਥੈ = ਅਕਾਲ ਪੁਰਖ ਦੇ ਦਰਬਾਰ ਵਿਚ। ਸੋਹਨਿ = ਸੋਭਦੇ ਹਨ। ਪਰਵਾਣੁ = ਪਰਤੱਖ ਤੌਰ 'ਤੇ।

ਨਦਰੀ ਕਰਮਿ ਪਵੈ ਨੀਸਾਣੁ

They receive the Mark of Grace from the Merciful Lord.

ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ। ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ। ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ। ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ। ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ,ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ 'ਤੇ) ਚਮਕ ਪੈਂਦਾ ਹੈ।

ਕਚ ਪਕਾਈ ਓਥੈ ਪਾਇ

The ripe and the unripe, the good and the bad, shall there be judged.

(ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ। ਕਚ = ਕਚਿਆਈ। ਪਕਾਈ = ਪਕਿਆਈ। ਓਥੈ = ਅਕਾਲ ਪੁਰਖ ਦੀ ਦਰਗਾਹ ਵਿਚ। ਪਾਇ = ਪਾਈ ਜਾਂਦੀ ਹੇ, ਪਤਾ ਲਗਦੀ ਹੈ।

ਨਾਨਕ ਗਇਆ ਜਾਪੈ ਜਾਇ ॥੩੪॥

O Nanak, when you go home, you will see this. ||34||

ਹੇ ਨਾਨਕ! ਅਕਾਲ ਪੁਰਖ ਦੇ ਦਰ 'ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ॥੩੪॥ ਗਇਆ = ਜਾ ਕੇ ਹੀ, ਅੱਪੜ ਕੇ ਹੀ। ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ ॥੩੪॥