ਆਸਾ ਮਹਲਾ ੧ ॥
Aasaa, First Mehl:
ਰਾਗ ਆਸਾ ਪਹਿਲੀ ਪਾਤਿਸ਼ਾਹੀ।
ਗੁਰਮਤਿ ਸਾਚੀ ਹੁਜਤਿ ਦੂਰਿ ॥
Receiving the True Teachings from the Guru, arguments depart.
ਜੋ ਮਨੁੱਖ ਗੁਰੂ ਦੀ (ਇਸ) ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, (ਪਰਮਾਤਮਾ ਦੀ ਅੰਗ-ਸੰਗਤਾ ਬਾਰੇ) ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ। ਹੁਜਤਿ = ਦਲੀਲ-ਬਾਜ਼ੀ, ਅਸਰਧਾ।
ਬਹੁਤੁ ਸਿਆਣਪ ਲਾਗੈ ਧੂਰਿ ॥
But through excessive cleverness, one is only plastered with dirt.
(ਗੁਰੂ ਦੀ ਮਤਿ ਉਤੇ ਸਰਧਾ ਦੇ ਥਾਂ) ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ। ਧੂਰਿ = ਮੈਲ।
ਲਾਗੀ ਮੈਲੁ ਮਿਟੈ ਸਚ ਨਾਇ ॥
The filth of attachment is removed by the True Name of the Lord.
ਇਹ ਇਕੱਠੀ ਹੋਈ ਮੈਲ ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਮਿਟ ਸਕਦੀ ਹੈ, ਨਾਇ = ਨਾਮ ਦੀ ਰਾਹੀਂ।
ਗੁਰ ਪਰਸਾਦਿ ਰਹੈ ਲਿਵ ਲਾਇ ॥੧॥
By Guru's Grace, one remains lovingly attached to the Lord. ||1||
ਤੇ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਟਿਕਾ ਕੇ ਰੱਖ ਸਕਦਾ ਹੈ ॥੧॥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ ॥੧॥
ਹੈ ਹਜੂਰਿ ਹਾਜਰੁ ਅਰਦਾਸਿ ॥
He is the Presence Ever-present; offer your prayers to Him.
(ਹੇ ਭਾਈ!) ਪਰਮਾਤਮਾ ਹਰ ਵੇਲੇ ਸਾਡੇ ਅੰਗ-ਸੰਗ ਹੈ, ਇਕ-ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ। ਹਜੂਰਿ = ਅੰਗ ਸੰਗ। ਹਾਜਰੁ = ਹਾਜ਼ਰ ਹੋ ਕੇ, ਇਕ-ਮਨ ਹੋ ਕੇ।
ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥
Pain and pleasure are in the Hands of God, the True Creator. ||1||Pause||
ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ-ਸੁਖ ਉਹ ਕਰਤਾਰ ਪ੍ਰਭੂ ਜਾਣਦਾ ਹੈ ॥੧॥ ਰਹਾਉ ॥ ਸਾਚੁ = ਇਹ ਯਕੀਨ ਜਾਣੋ। ਪ੍ਰਭ ਪਾਸਿ = ਪ੍ਰਭੂ ਦੇ ਕੋਲ, ਪ੍ਰਭੂ ਜਾਣਦਾ ਹੈ ॥੧॥ ਰਹਾਉ ॥
ਕੂੜੁ ਕਮਾਵੈ ਆਵੈ ਜਾਵੈ ॥
One who practices falsehood comes and goes.
ਜੋ ਮਨੁੱਖ (ਅਸਰਧਾ-ਭਰੀਆਂ ਚਤੁਰਾਈਆਂ ਦੀ) ਵਿਅਰਥ ਕਮਾਈ ਕਰਦਾ ਹੈ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕੂੜੁ = ਹੁੱਜਤ ਆਦਿਕ ਵਿਅਰਥ ਕੰਮ।
ਕਹਣਿ ਕਥਨਿ ਵਾਰਾ ਨਹੀ ਆਵੈ ॥
By speaking and talking, His limits cannot be found.
ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ। ਵਾਰਾ = ਅੰਤ। ਕਹਣਿ ਕਥਨਿ = ਕਹਣ ਵਿਚ ਕਥਨ ਵਿਚ, ਵਿਅਰਥ ਗੱਲਾਂ ਵਿਚ।
ਕਿਆ ਦੇਖਾ ਸੂਝ ਬੂਝ ਨ ਪਾਵੈ ॥
Whatever one sees, is not understood.
(ਅਗਿਆਨੀ ਅੰਨ੍ਹੇ ਨੇ ਹੁੱਦਤਾਂ ਵਿਚ ਹੀ ਰਹਿ ਕੇ) ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ, ਕਿਆ ਦੇਖਾ = ਉਸ ਨੇ ਵੇਖਿਆ ਕੁਝ ਨਹੀਂ।
ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥
Without the Name, satisfaction does not enter into the mind. ||2||
ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ ॥੨॥ ਮਨਿ = ਮਨ ਵਿਚ। ਤ੍ਰਿਪਤਿ = ਸ਼ਾਂਤੀ ॥੨॥
ਜੋ ਜਨਮੇ ਸੇ ਰੋਗਿ ਵਿਆਪੇ ॥
Whoever is born is afflicted by disease,
ਜੋ ਭੀ ਜੀਵ ਜਗਤ ਵਿਚ ਜਨਮ ਲੈਂਦੇ ਹਨ (ਪਰਮਾਤਮਾ ਦੀ ਹਸਤੀ ਵਲੋਂ ਅਸਰਧਾ ਦੇ ਕਾਰਨ) ਆਤਮਕ ਰੋਗ ਵਿਚ ਦਬੇ ਰਹਿੰਦੇ ਹਨ, ਰੋਗਿ = ਰੋਗ ਵਿਚ। ਵਿਆਪੇ = ਗ੍ਰਸੇ ਹੋਏ।
ਹਉਮੈ ਮਾਇਆ ਦੂਖਿ ਸੰਤਾਪੇ ॥
tortured by the pain of egotism and Maya.
ਤੇ, ਹਉਮੈ ਦੇ ਦੁੱਖ ਵਿਚ, ਮਾਇਆ ਦੇ ਮੋਹ ਦੇ ਦੁੱਖ ਵਿਚ ਉਹ ਕਲੇਸ਼ ਪਾਂਦੇ ਰਹਿੰਦੇ ਹਨ। ਹਉਮੈ = ਮੈਂ ਮੈਂ, ਅਹੰਕਾਰ, ਵਡੱਪਣ ਦੀ ਲਾਲਸਾ।
ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥
They alone are saved, who are protected by God.
ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ; ਬਾਚੇ = ਬਚੇ। ਪ੍ਰਭਿ = ਪ੍ਰਭੂ ਨੇ।
ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥
Serving the True Guru, they drink in the Amrit, the Ambrosial Nectar. ||3||
ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ-ਨਾਮ ਚੱਖਿਆ ॥੩॥
ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥
The unstable mind is restrained by tasting this Nectar.
ਜੋ ਮਨੁੱਖ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਚੰਚਲ ਮਨ ਨੂੰ ਕਾਬੂ ਵਿਚ ਰੱਖਦਾ ਹੈ, ਚਲਤਉ = ਚੰਚਲ।
ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥
Serving the True Guru, one comes to cherish the Ambrosial Nectar of the Shabad.
ਜੋ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਟੱਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਸੇਵਿ = ਸੇਵ ਕੇ, ਹੁਕਮ ਵਿਚ ਤੁਰ ਕੇ। ਭਾਖੈ = ਉਚਾਰਦਾ ਹੈ।
ਸਾਚੈ ਸਬਦਿ ਮੁਕਤਿ ਗਤਿ ਪਾਏ ॥
Through the True Word of the Shabad, the state of liberation is obtained.
ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਸਬਦਿ = ਸ਼ਬਦ ਦੀ ਰਾਹੀਂ।
ਨਾਨਕ ਵਿਚਹੁ ਆਪੁ ਗਵਾਏ ॥੪॥੧੩॥
O Nanak, self-conceit is eradicated from within. ||4||13||
ਤੇ, ਹੇ ਨਾਨਕ! ਉਹ ਆਪਣੇ ਅੰਦਰੋਂ (ਆਪਣੀ ਸਿਆਣਪ ਦਾ) ਅਹੰਕਾਰ ਦੂਰ ਕਰ ਲੈਂਦਾ ਹੈ ॥੪॥੧੩॥ ਵਿਚਹੁ = ਆਪਣੇ ਅੰਦਰੋਂ। ਆਪੁ = ਆਪਾ-ਭਾਵ, ਸੁਆਰਥ ॥੪॥੧੩॥