ਗਉੜੀ ਮਹਲਾ

Gauree, Third Mehl:

ਗਊੜੀ ਪਾਤਸ਼ਾਹੀ ਤੀਜੀ।

ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ

The sea of Maya is agitated and turbulent; how can anyone cross over this terrifying world-ocean?

ਮਾਇਆ (ਦੇ ਮੋਹ) ਦਾ ਠਾਠਾਂ ਮਾਰ ਰਿਹਾ ਸਰੋਵਰ ਆਪਣਾ ਜ਼ੋਰ ਪਾ ਰਿਹਾ ਹੈ, ਇਸ ਵਿਚੋਂ ਤਰਨਾ ਭੀ ਬਹੁਤ ਔਖਾ ਹੈ। ਮਾਇਆ ਸਰੁ = ਮਾਇਆ (ਦੇ ਮੋਹ) ਦਾ ਸਰੋਵਰ। ਸਬਲੁ = ਬਲ ਵਾਲਾ, ਤਕੜਾ। ਵਰਤੈ = ਆਪਣਾ ਪ੍ਰਭਾਵ ਪਾ ਰਿਹਾ ਹੈ। ਦੁਤਰੁ = ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ।

ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ

Make the Lord's Name your boat, and install the Word of the Shabad as the boatman.

(ਹੇ ਭਾਈ!) ਕਿਵੇਂ ਇਸ ਵਿਚੋਂ ਪਾਰ ਲੰਘਿਆ ਜਾਏ? ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਜਹਾਜ਼ ਬਣਾ, ਗੁਰੂ ਦੇ ਸ਼ਬਦ ਨੂੰ ਮਲਾਹ ਬਣਾ ਕੇ (ਉਸ ਜ਼ਹਾਜ਼) ਵਿਚ ਬਿਠਾ। ਬੋਹਿਥਾ = ਜਹਾਜ਼।

ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ

With the Shabad installed as the boatman, the Lord Himself shall take you across. In this way, the difficult ocean is crossed.

ਜੇ ਮਨੁੱਖ ਪਰਮਾਤਮਾ ਦੇ ਨਾਮ-ਜਹਾਜ਼ ਵਿਚ ਗੁਰੂ ਦੇ ਸ਼ਬਦ-ਮਲਾਹ ਨੂੰ ਬਿਠਾ ਦੇਵੇ, ਤਾਂ ਪਰਮਾਤਮਾ ਆਪ ਹੀ (ਮਾਇਆ ਦੇ ਸਰੋਵਰ ਤੋਂ) ਪਾਰ ਲੰਘਾ ਦੇਂਦਾ ਹੈ। (ਹੇ ਭਾਈ!) ਇਸ ਦੁੱਤਰ ਮਾਇਆ-ਸਰ ਵਿਚੋਂ ਇਉਂ ਪਾਰ ਲੰਘ ਸਕੀਦਾ ਹੈ। ਖੇਵਟੁ = ਮਲਾਹ। ਇਨ ਬਿਧਿ = ਇਸ ਤਰੀਕੇ ਨਾਲ।

ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ

The Gurmukh obtains devotional worship of the Lord, and thus remains dead while yet alive.

ਗੁਰੂ ਦੀ ਸਰਨ ਪਿਆਂ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਇਸ ਤਰ੍ਹਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਮਾਇਆ ਵਲੋਂ ਅਛੋਹ ਹੋ ਜਾਈਦਾ ਹੈ। ਗੁਰਮੁਖਿ = ਗੁਰੂ ਦੀ ਸਰਨ ਪਿਆਂ। ਇਉ = ਇਸ ਤਰ੍ਹਾਂ।

ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ

In an instant, the Lord's Name erases his sinful mistakes, and his body becomes pure.

ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ (ਸਾਰੇ) ਪਾਪ ਇਕ ਖਿਨ ਵਿਚ ਕੱਟੇ ਜਾਂਦੇ ਹਨ। (ਜਿਸ ਦੇ ਕੱਟੇ ਜਾਂਦੇ ਹਨ, ਉਸ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ। ਰਾਮ ਨਾਮਿ = ਪਰਮਾਤਮਾ ਦੇ ਨਾਮ ਨੇ। ਕਿਲਵਿਖ = ਪਾਪ।

ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥

O Nanak, through the Lord's Name, emancipation is obtained, and the slag iron is transformed into gold. ||1||

ਹੇ ਨਾਨਕ! ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਮਾਇਆ-ਸਰ ਤੋਂ) ਪਾਰ ਲੰਘੀਦਾ ਹੈ ਤੇ ਲੋਹੇ ਦੀ ਮੈਲ (ਵਰਗਾ ਨਕਾਰਾ ਹੋਇਆ ਮਨ) ਸੋਨਾ ਬਣ ਜਾਂਦਾ ਹੈ ॥੧॥ ਮਨੂਰਾ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ। ਕੰਚਨ = ਸੋਨਾ ॥੧॥

ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ

Men and women are obsessed with sex; they do not know the Way of the Lord's Name.

(ਮਾਇਆ ਦੇ ਮੋਹ ਦੇ ਪ੍ਰਭਾਵ ਵਿਚ) ਇਸਤ੍ਰੀ ਅਤੇ ਮਰਦ ਕਾਮ-ਵਾਸ਼ਨਾ ਵਿਚ ਫਸੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਦੀ ਜਾਚ ਨਹੀਂ ਸਿੱਖਦੇ। ਕਾਮਿ = ਕਾਮ-ਵਾਸਨਾ ਵਿਚ। ਵਿਆਪੇ = ਫਸੇ ਰਹਿੰਦੇ ਹਨ। ਬਿਧਿ = ਜੁਗਤਿ।

ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ

Mother, father, children and siblings are very dear, but they drown, even without water.

(ਮਾਇਆ ਦੇ ਮੋਹ ਵਿਚ ਫਸੇ ਜੀਵਾਂ ਨੂੰ ਆਪਣੇ) ਮਾਂ ਪਿਉ ਪੁੱਤਰ, ਭਰਾ (ਹੀ) ਬਹੁਤ ਪਿਆਰੇ ਲੱਗਦੇ ਹਨ, (ਜਿਸ ਸਰੋਵਰ ਵਿਚ) ਪਾਣੀ ਨਹੀਂ, (ਪਾਣੀ ਦੀ ਥਾਂ ਮੋਹ ਹੈ ਉਸ ਵਿਚ) ਡੁੱਬ ਕੇ (ਨਕਾ-ਨਕ ਫਸ ਕੇ) ਆਤਮਕ ਮੌਤ ਸਹੇੜ ਲੈਂਦੇ ਹਨ। ਸੁਤ = ਪੁੱਤਰ। ਖਰੇ = ਬਹੁਤ। ਡੂਬਿ = ਡੁੱਬ ਕੇ, ਮਾਇਆ-ਮੋਹ ਦੇ ਸਰੋਵਰ ਵਿਚ ਨਕਾ-ਨਕ ਫਸ ਕੇ। ਮੁਏ = ਆਤਮਕ ਮੌਤ ਮਰ ਗਏ।

ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ

They are drowned to death without water - they do not know the path of salvation, and they wander around the world in egotism.

ਮੋਹ-ਰੂਪੀ ਪਾਣੀ ਵਾਲੇ ਮਾਇਆ-ਸਰ ਵਿਚ ਨਕਾ-ਨਕ ਫਸ ਕੇ ਜੀਵ ਆਤਮਕ ਮੌਤ ਸਹੇੜਦੇ ਹਨ ਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਰਖਦੇ-ਜਾਚਦੇ। (ਇਸ ਤਰ੍ਹਾਂ) ਸੰਸਾਰ ਵਿਚ (ਜੀਵਾਂ ਨੂੰ) ਹਉਮੈ ਦੀ ਭਟਕਣਾ ਲੱਗੀ ਹੋਈ ਹੈ। ਗਤਿ = ਆਤਮਕ ਜੀਵਨ ਦੀ ਹਾਲਤ। ਧਾਤੁ = ਭਟਕਣਾ। ਸੰਸਾਰੇ = ਸੰਸਾਰਿ, ਸੰਸਾਰ ਵਿਚ।

ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ

All those who come into the world shall depart. Only those who contemplate the Guru shall be saved.

ਜੇਹੜਾ ਭੀ ਜੀਵ ਜਗਤ ਵਿਚ (ਜਨਮ ਲੈ ਕੇ) ਆਉਂਦਾ ਹੈ ਉਹ (ਇਸ ਭਟਕਣਾ ਵਿਚ) ਫਸਦਾ ਜਾਂਦਾ ਹੈ, (ਇਸ ਵਿਚੋਂ ਉਹੀ) ਬਚਦੇ ਹਨ ਜੋ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਵਸਾਂਦੇ ਹਨ। ਸਭੁ ਕੋ = ਹਰੇਕ ਜੀਵ। ਜਾਸੀ = ਫਸ ਜਾਇਗਾ। ਉਬਰੇ = ਬਚ ਗਏ।

ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ

Those who become Gurmukh and chant the Lord's Name, save themselves and save their families as well.

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਉਚਾਰਦਾ ਹੈ, ਉਹ ਆਪ (ਇਸ ਮਾਇਆ-ਸਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ। ਵਖਾਣੈ = ਉਚਾਰਦਾ ਹੈ।

ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥

O Nanak, the Naam, the Name of the Lord, abides deep within their hearts; through the Guru's Teachings, they meet their Beloved. ||2||

ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਪਿਆਰੇ ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥ ਘਟ = ਹਿਰਦਾ। ਗੁਰਮਤਿ = ਗੁਰੂ ਦੀ ਮਤਿ ਲੈ ਕੇ ॥੨॥

ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ

Without the Lord's Name, nothing is stable. This world is just a drama.

ਹੇ ਭਾਈ! ਇਹ ਜਗਤ (ਪਰਮਾਤਮਾ ਦੀ ਰਚੀ ਹੋਈ ਇਕ) ਖੇਡ ਹੈ (ਇਸ ਵਿਚ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਕੋ = ਕੋਈ ਭੀ। ਥਿਰੁ = ਸਦਾ ਕਾਇਮ ਰਹਿਣ ਵਾਲਾ। ਬਾਜੀ = ਖੇਡ।

ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ

Implant true devotional worship within your heart, and trade in the Name of the Lord.

ਹੇ ਭਾਈ! ਪਰਮਾਤਮਾ ਦੀ ਭਗਤੀ ਨੂੰ (ਆਪਣੇ ਹਿਰਦੇ ਵਿਚ) ਪੱਕੀ ਤਰ੍ਹਾਂ ਟਿਕਾ ਰੱਖ (ਇਹੀ) ਸਦਾ ਰਹਿਣ ਵਾਲੀ (ਚੀਜ਼) ਹੈ, ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਹੈ। ਦ੍ਰਿੜੁ = ਪੱਕੀ ਕਰ ਕੇ ਟਿਕਾ। ਸਚੀ = ਸਦਾ ਕਾਇਮ ਰਹਿਣ ਵਾਲੀ। ਵਾਪਾਰਾ = ਵਣਜ।

ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ

Trade in the Lord's Name is infinite and unfathomable. Through the Guru's Teachings, this wealth is obtained.

ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ-ਵਣਜ ਹੀ ਸਦਾ ਕਾਇਮ ਰਹਿਣ ਵਾਲਾ ਧਨ ਹੈ, ਇਹ ਧਨ ਗੁਰੂ ਦੀ ਮਤਿ ਤੇ ਤੁਰਿਆਂ ਮਿਲਦਾ ਹੈ। ਅਗਮ = ਅਪਹੁੰਚ। ਅਪਾਰਾ = ਬੇਅੰਤ। ਪਾਈਐ = ਹਾਸਲ ਕਰੀਦਾ ਹੈ।

ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ

This selfless service, meditation and devotion is true, if you eliminate selfishness and conceit from within.

ਪ੍ਰਭੂ ਦੀ ਸੇਵਾ-ਭਗਤੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨੀ-ਇਹ ਸਦਾ ਕਾਇਮ ਰਹਿਣ ਵਾਲੀ (ਰਾਸਿ) ਹੈ (ਇਸ ਦੀ ਬਰਕਤਿ ਨਾਲ ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਸਕੀਦਾ ਹੈ। ਆਪੁ = ਆਪਾ-ਭਾਵ।

ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ

I am senseless, foolish, idiotic and blind, but the True Guru has placed me on the Path.

ਸਾਨੂੰ ਮਤਿ-ਹੀਣਿਆਂ ਨੂੰ, ਮੂਰਖਾਂ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਇਆਂ ਨੂੰ ਸਤਿਗੁਰੂ ਨੇ ਹੀ ਜੀਵਨ ਦੇ ਸਹੀ ਰਸਤੇ ਉਤੇ ਪਾਇਆ ਹੈ। ਮੁਗਧ = ਮੂਰਖ। ਸਤਿਗੁਰਿ = ਸਤਿਗੁਰੂ ਨੇ। ਮਾਰਗਿ = ਰਸਤੇ ਉਤੇ।

ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥

O Nanak, the Gurmukhs are adorned with the Shabad; night and day, they sing the Glorious Praises of the Lord. ||3||

ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਤੇ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੩॥ ਸੁਹਾਵੇ = ਸੋਹਣੇ ਜੀਵਨ ਵਾਲੇ। ਅਨਦਿਨੁ = ਹਰ ਰੋਜ਼ ॥੩॥

ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ

He Himself acts, and inspires others to act; He Himself embellishes us with the Word of His Shabad.

(ਪਰ) ਹੇ ਭਾਈ! (ਜੀਵਾਂ ਦੇ ਕੁੱਝ ਵੱਸ ਨਹੀਂ। ਮਾਇਆ-ਸਰ ਵਿਚੋਂ ਡੁੱਬਣ ਤੋਂ ਬਚਾਣ ਵਾਲਾ ਪ੍ਰਭੂ ਆਪ ਹੀ ਹੈ) ਪ੍ਰਭੂ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ ਕੰਮ) ਕਰਾਂਦਾ ਹੈ (ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਭ ਕੁਝ) ਕਰਦਾ ਹੈ, ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਜੀਵਾਂ ਦੇ) ਜੀਵਨ ਸੋਹਣੇ ਬਣਾਂਦਾ ਹੈ। ਕਰਾਏ = (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ। ਆਪੇ = ਆਪ ਹੀ। ਸਬਦਿ = ਸ਼ਬਦ ਵਿਚ (ਜੋੜ ਕੇ)। ਸਵਾਰੇ = (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈ।

ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ

He Himself is the True Guru, and He Himself is the Shabad; in each and every age, He loves His devotees.

ਪ੍ਰਭੂ ਆਪ ਹੀ ਸਤਿਗੁਰੂ ਮਿਲਾਂਦਾ ਹੈ, ਆਪ ਹੀ (ਗੁਰੂ ਦਾ) ਸ਼ਬਦ ਬਖ਼ਸ਼ਦਾ ਹੈ, ਤੇ ਆਪ ਹੀ ਹਰੇਕ ਜੁਗ ਵਿਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ।

ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ

In age after age, He loves His devotees; the Lord Himself adorns them, and He Himself enjoins them to worship Him with devotion.

ਹਰੇਕ ਜੁਗ ਵਿਚ ਹਰੀ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ, ਆਪ ਹੀ ਉਹਨਾਂ ਦੇ ਜੀਵਨ ਸਵਾਰਦਾ ਹੈ, ਆਪ ਹੀ (ਉਹਨਾਂ ਨੂੰ) ਭਗਤੀ ਵਿਚ ਜੋੜਦਾ ਹੈ। ਜੁਗੁ ਜੁਗੁ = ਹਰੇਕ ਜੁਗ ਵਿਚ।

ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ

He Himself is All-knowing, and He Himself is All-seeing; He inspires us to serve Him.

ਉਹ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਤੇ ਪਛਾਣਨ ਵਾਲਾ ਹੈ, ਉਹ ਆਪ ਹੀ (ਆਪਣੇ ਭਗਤਾਂ ਪਾਸੋਂ ਆਪਣੀ) ਸੇਵਾ-ਭਗਤੀ ਕਰਾਂਦਾ ਹੈ। ਦਾਨਾ = ਸਿਆਣਾ, ਜਾਣਨ ਵਾਲਾ। ਬੀਨਾ = ਪਰਖਣ ਵਾਲਾ।

ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ

He Himself is the Giver of merits, and the Destroyer of demerits; He causes His Name to dwell within our hearts.

(ਹੇ ਭਾਈ!) ਪਰਮਾਤਮਾ ਆਪ ਹੀ (ਆਪਣੇ) ਗੁਣਾਂ ਦੀ ਦਾਤ ਬਖ਼ਸ਼ਦਾ ਹੈ, (ਸਾਡੇ) ਅਉਗਣ ਦੂਰ ਕਰਦਾ ਹੈ, ਤੇ (ਸਾਡੇ) ਹਿਰਦੇ ਵਿਚ (ਆਪਣਾ) ਨਾਮ ਵਸਾਂਦਾ ਹੈ। ਹਿਰਦੈ = ਹਿਰਦੇ ਵਿਚ।

ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥

Nanak is forever a sacrifice to the True Lord, who Himself is the Doer, the Cause of causes. ||4||4||

ਹੇ ਨਾਨਕ! (ਆਖ-ਮੈਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਤੋਂ ਸਦਾ ਸਦਕੇ ਜਾਂਦਾ ਹਾਂ, ਉਹ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਸਭ ਕੁਝ ਕਰਾਂਦਾ ਹੈ ॥੪॥੪॥ ਵਿਟਹੁ = ਤੋਂ ॥੪॥