ਸਿਰੀਰਾਗੁ ਮਹਲਾ ੧ ਘਰੁ ੪ ॥

Siree Raag, First Mehl, Fourth House:

ਸਿਰੀ ਰਾਗ, ਪਾਤਸ਼ਾਹੀ ਪਹਿਲੀ।

ਏਕੁ ਸੁਆਨੁ ਦੁਇ ਸੁਆਨੀ ਨਾਲਿ ॥

The dogs of greed are with me.

ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ। ਸੁਆਨੁ = ਕੁੱਤਾ, ਲੋਭ। ਦੁਇ = ਦੇ। ਸੁਆਨੀ = ਕੁੱਤੀਆਂ (ਆਸਾ, ਤ੍ਰਿਸ਼ਨਾ)।

ਭਲਕੇ ਭਉਕਹਿ ਸਦਾ ਬਇਆਲਿ ॥

In the early morning, they continually bark at the wind.

(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।) ਭਲਕੇ = ਨਿੱਤ। ਬਇਆਲਿ = ਸਵੇਰੇ।

ਕੂੜੁ ਛੁਰਾ ਮੁਠਾ ਮੁਰਦਾਰੁ ॥

Falsehood is my dagger; through deception, I eat the carcasses of the dead.

(ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ) ਕੂੜੁ = ਝੂਠ। ਮੁਠਾ = ਮੁੱਠਾ, ਮਾਇਆ ਵਿਚ ਠੱਗਿਆ ਜਾ ਰਿਹਾ ਹਾਂ।

ਧਾਣਕ ਰੂਪਿ ਰਹਾ ਕਰਤਾਰ ॥੧॥

I live as a wild hunter, O Creator! ||1||

ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ ॥੧॥ ਧਾਣਕ = ਸਾਂਹਸੀ। ਰੂਪਿ = ਰੂਪ ਵਾਲਾ, ਵੇਸ ਵਾਲਾ॥੧॥

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥

I have not followed good advice, nor have I done good deeds.

ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ। ਪੰਦਿ = ਨਸੀਹਤ, ਸਿੱਖਿਆ। ਕਰਣੀ ਕੀ ਕਾਰ = ਜੇਹੜੀ ਕਾਰ ਕਰਨੀ ਚਾਹੀਦੀ ਹੈ, ਚੰਗੀ ਕਰਣੀ।

ਹਉ ਬਿਗੜੈ ਰੂਪਿ ਰਹਾ ਬਿਕਰਾਲ ॥

I am deformed and horribly disfigured.

ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਬਿਕਰਾਲ = ਡਰਾਉਣਾ। ਆਧਾਰੁ = ਆਸਰਾ।

ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥

Your Name alone, Lord, saves the world.

ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।

ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥

This is my hope; this is my support. ||1||Pause||

ਮੈਨੂੰ ਹੁਣ ਸਿਰਫ਼ ਇਹੀ ਆਸ ਹੈ, ਇਹੋ ਆਸਰਾ ਹੈ ਕਿ ॥੧॥ ਰਹਾਉ ॥

ਮੁਖਿ ਨਿੰਦਾ ਆਖਾ ਦਿਨੁ ਰਾਤਿ ॥

With my mouth I speak slander, day and night.

ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ। ਮੁਖਿ = ਮੂੰਹ ਨਾਲ।

ਪਰ ਘਰੁ ਜੋਹੀ ਨੀਚ ਸਨਾਤਿ ॥

I spy on the houses of others-I am such a wretched low-life!

ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਪਰ ਘਰੁ = ਪਰਾਇਆ ਘਰ। ਜੋਹੀ = ਜੋਹੀਂ, ਮੈਂ ਤੱਕਦਾ ਹਾਂ। ਸਨਾਤਿ = ਨੀਵੇਂ ਅਸਲੇ ਵਾਲਾ।

ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥

Unfulfilled sexual desire and unresolved anger dwell in my body, like the outcasts who cremate the dead.

ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ। ਤਨਿ = ਤਨ ਵਿਚ, ਸਰੀਰ ਵਿਚ।

ਧਾਣਕ ਰੂਪਿ ਰਹਾ ਕਰਤਾਰ ॥੨॥

I live as a wild hunter, O Creator! ||2||

ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥੨॥

ਫਾਹੀ ਸੁਰਤਿ ਮਲੂਕੀ ਵੇਸੁ ॥

I make plans to trap others, although I appear gentle.

ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ। ਸੁਰਤਿ = ਧਿਆਨ। ਫਾਹੀ ਸੁਰਤਿ = ਧਿਆਨ ਇਸ ਪਾਸੇ ਹੈ ਕਿ ਲੋਕਾਂ ਨੂੰ ਫਸਾ ਲਵਾਂ। ਮਲੂਕੀ ਵੇਸੁ = ਫ਼ਰਿਸ਼ਤਿਆਂ ਵਾਲਾ ਬਾਣਾ, ਫ਼ਕੀਰਾਂ ਵਾਲਾ ਲਿਬਾਸ।

ਹਉ ਠਗਵਾੜਾ ਠਗੀ ਦੇਸੁ ॥

I am a robber-I rob the world.

ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ। ਠਗ ਵਾੜਾ = ਠੱਗੀ ਦਾ ਅੱਡਾ। ਠਗੀ = ਠੱਗੀਂ, ਮੈਂ ਠੱਗਦਾ ਹਾਂ।

ਖਰਾ ਸਿਆਣਾ ਬਹੁਤਾ ਭਾਰੁ ॥

I am very clever-I carry loads of sin.

(ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)। ਖਰਾ = ਬਹੁਤ। ਭਾਰੁ = ਪਾਪਾਂ ਦਾ ਬੋਝ।

ਧਾਣਕ ਰੂਪਿ ਰਹਾ ਕਰਤਾਰ ॥੩॥

I live as a wild hunter, O Creator! ||3||

ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥੩॥

ਮੈ ਕੀਤਾ ਨ ਜਾਤਾ ਹਰਾਮਖੋਰੁ ॥

I have not appreciated what You have done for me, Lord; I take from others and exploit them.

ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਹਰਾਮਖੋਰੁ = ਪਰਾਇਆ ਹੱਕ ਖਾਣ ਵਾਲਾ।

ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥

What face shall I show You, Lord? I am a sneak and a thief.

ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ? ਹਉ = ਮੈਂ। ਕਿਆ ਮੁਹੁ ਦੇਸਾ = (ਦੇਸਾਂ) ਮੈਂ ਕੀਹ ਮੂੰਹ ਦਿਆਂਗਾ, ਮੈਂ ਕੇਹੜੇ ਮੂੰਹ ਤੇਰੇ ਸਾਹਮਣੇ ਹਾਜ਼ਰ ਹੋਵਾਂਗਾ? ਤੇਰੇ ਸਾਹਮਣੇ ਪੇਸ਼ ਹੁੰਦਿਆਂ ਮੈਨੂੰ ਬੜੀ ਸ਼ਰਮ ਆਵੇਗੀ।

ਨਾਨਕੁ ਨੀਚੁ ਕਹੈ ਬੀਚਾਰੁ ॥

Nanak describes the state of the lowly.

ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ, ਨੀਚੁ = ਮੰਦ-ਕਰਮੀ। ਕਰਤਾਰ = ਹੇ ਕਰਤਾਰ!

ਧਾਣਕ ਰੂਪਿ ਰਹਾ ਕਰਤਾਰ ॥੪॥੨੯॥

I live as a wild hunter, O Creator! ||4||29||

ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥੪॥੨੯॥