ਸਬਦੁ

Shabad:

ਸ਼ਬਦ।

ਸਖੀ ਸਹੇਲੀ ਗਰਬਿ ਗਹੇਲੀ

O friends and companions, so puffed up with pride,

ਹੇ ਆਪਣੇ ਹੀ ਰਸ-ਮਾਣ ਵਿਚ ਮੱਤੀ ਸਖੀਏ! ਮੇਰੀਏ ਸਹੇਲੀਏ! (ਹੇ ਮੇਰੇ ਕੰਨ! ਹੇ ਮੇਰੀ ਜੀਭ!)। ਗਰਬਿ = ਗਰਬ ਵਿਚ, ਅਹੰਕਾਰ ਵਿਚ। ਗਹੇਲੀ = ਗ੍ਰਸੀ ਹੋਈ।

ਸੁਣਿ ਸਹ ਕੀ ਇਕ ਬਾਤ ਸੁਹੇਲੀ ॥੧॥

listen to this one joyous story of your Husband Lord. ||1||

ਖਸਮ-ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਦੀ ਹੀ ਗੱਲ ਸੁਣ (ਤੇ ਕਰ), ਇਹ ਗੱਲ ਸੁਖ ਦੇਣ ਵਾਲੀ ਹੈ ॥੧॥ ਸਹ ਕੀ = ਖਸਮ-ਪ੍ਰਭੂ ਦੀ। ਸੁਹੇਲੀ = ਸੁਖਦਾਈ ॥੧॥

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ

Who can I tell about my pain, O my mother?

ਹੇ (ਮੇਰੀ) ਮਾਂ! ਮੈਂ ਕਿਸ ਨੂੰ ਦੱਸਾਂ ਆਪਣੇ ਦਿਲ ਦੀ ਪੀੜ? (ਬਿਗਾਨੀ ਪੀੜ ਦੀ ਸਾਰ ਕੋਈ ਸਮਝ ਨਹੀਂ ਸਕਦਾ)। ਮੈ ਬੇਦਨ = ਮੇਰੇ (ਦਿਲ ਦੀ) ਪੀੜ। ਆਖਾ = ਮੈਂ ਆਖਾਂ। ਮਾਈ = ਹੇ ਮਾਂ!

ਹਰਿ ਬਿਨੁ ਜੀਉ ਰਹੈ ਕੈਸੇ ਰਾਖਾ ਮਾਈ ॥੧॥ ਰਹਾਉ

Without the Lord, my soul cannot survive; how can I comfort it, O my mother? ||1||Pause||

ਹੇ ਮਾਂ! ਪਰਮਾਤਮਾ (ਦੀ ਯਾਦ) ਤੋਂ ਬਿਨਾ ਮੇਰੀ ਜਿੰਦ ਰਹਿ ਨਹੀਂ ਸਕਦੀ। ਸਿਮਰਨ ਤੋਂ ਬਿਨਾ ਮੈਨੂੰ ਕੋਈ ਹੋਰ ਤਰੀਕਾ ਸੁੱਝਦਾ ਨਹੀਂ ਜਿਸ ਨਾਲ ਮੈਂ ਇਸ ਨੂੰ ਘਬਰਾਹਟ ਤੋਂ ਬਚਾ ਸਕਾਂ ॥੧॥ ਰਹਾਉ ॥ ਜੀਉ = ਜਿੰਦ। ਕੈਸੇ = (ਹੋਰ ਕੋਈ) ਐਸਾ (ਤਰੀਕਾ ਨਹੀਂ) ਜਿਸ ਨਾਲ। ਰਾਖਾ = ਮੈਂ ਘਬਰਾਹਟ ਤੋਂ ਬਚ ਸਕਾਂ ॥੧॥ ਰਹਾਉ ॥

ਹਉ ਦੋਹਾਗਣਿ ਖਰੀ ਰੰਞਾਣੀ

I am a dejected, discarded bride, totally miserable.

(ਜੇ ਮੇਰਾ ਇਕ ਸੁਆਸ ਭੀ ਪ੍ਰਭੂ-ਮਿਲਾਪ ਤੋਂ ਬਿਨਾ ਲੰਘੇ ਤਾਂ) ਮੈਂ (ਆਪਣੇ ਆਪ ਨੂੰ) ਮੰਦੇ ਭਾਗਾਂ ਵਾਲੀ (ਸਮਝਦੀ ਹਾਂ), ਮੈਂ ਬੜੀ ਦੁਖੀ (ਹੁੰਦੀ ਹਾਂ), ਦੋਹਾਗਣਿ = ਮੰਦੇ ਭਾਗਾਂ ਵਾਲੀ। ਖਰੀ = ਬਹੁਤ। ਰੰਞਾਣੀ = ਦੁਖੀ।

ਗਇਆ ਸੁ ਜੋਬਨੁ ਧਨ ਪਛੁਤਾਣੀ ॥੨॥

I have lost my youth; I regret and repent. ||2||

(ਜਿਵੇਂ) ਜਿਸ ਇਸਤ੍ਰੀ ਦਾ ਜਦੋਂ ਉਹ ਜੋਬਨ ਲੰਘ ਜਾਂਦਾ ਹੈ ਜੋ ਉਸ ਨੂੰ ਪਤੀ ਨਾਲ ਮਿਲਾ ਸਕਦਾ ਹੈ ਤਾਂ ਉਹ ਪਛੁਤਾਂਦੀ ਹੈ ॥੨॥ ਸੁ ਜੋਬਨ = ਉਹ ਜਵਾਨੀ (ਜੋ ਪਤੀ ਨਾਲ ਮਿਲਾਂਦੀ ਹੈ)। ਧਨ = ਇਸਤ੍ਰੀ ॥੨॥

ਤੂ ਦਾਨਾ ਸਾਹਿਬੁ ਸਿਰਿ ਮੇਰਾ

You are my wise Lord and Master, above my head.

(ਹੇ ਪ੍ਰਭੂ!) ਤੂੰ ਮੇਰੇ ਸਿਰ ਉਤੇ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਦਾ ਹੈਂ। ਸਾਹਿਬੁ = ਮਾਲਕ। ਦਾਨਾ = (ਮੇਰੇ) ਦਿਲ ਦੀ ਜਾਣਨ ਵਾਲਾ। ਸਿਰਿ = ਸਿਰ ਉਤੇ।

ਖਿਜਮਤਿ ਕਰੀ ਜਨੁ ਬੰਦਾ ਤੇਰਾ ॥੩॥

I serve You as Your humble slave. ||3||

(ਮੇਰੀ ਤਾਂਘ ਹੈ ਕਿ) ਤੇਰੀ ਚਾਕਰੀ ਕਰਦਾ ਰਹਾਂ, ਮੈਂ ਤੇਰਾ ਦਾਸ ਬਣਿਆ ਰਹਾਂ, ਮੈਂ ਤੇਰਾ ਗ਼ੁਲਾਮ ਬਣਿਆ ਰਹਾਂ ॥੩॥ ਖਿਜਮਤਿ = ਖ਼ਿਦਮਤਿ, ਸੇਵਾ (ਨੋਟ: ਅਰਬੀ ਲਫ਼ਜ਼ਾਂ ਦਾ 'ਜ਼' ਅਤੇ 'ਦ' ਉਚਾਰਨ ਵਿਚ ਕਈ ਵਾਰ ਵਟਾਏ ਜਾ ਸਕਦੇ ਹਨ; ਜਿਵੇਂ 'ਕਾਜ਼ੀ' ਤੇ 'ਕਾਦੀ'; 'ਨਜ਼ਰਿ' ਤੇ 'ਨਦਰਿ', 'ਕਾਗ਼ਜ਼' ਤੇ 'ਕਾਗ਼ਦ'; ਕਾਜ਼ੀਆਂ ਤੇ 'ਕਾਦੀਆਂ')। ਕਰੀ = ਮੈਂ ਕਰਾਂ। ਬੰਦਾ = ਗ਼ੁਲਾਮ ॥੩॥

ਭਣਤਿ ਨਾਨਕੁ ਅੰਦੇਸਾ ਏਹੀ

Nanak humbly prays, this is my only concern:

ਨਾਨਕ ਆਖਦਾ ਹੈ ਕਿ ਮੈਨੂੰ ਇਹੀ ਚਿੰਤਾ ਰਹਿੰਦੀ ਹੈ, ਭਣਤਿ = ਆਖਦਾ ਹੈ। ਅੰਦੇਸਾ = ਫ਼ਿਕਰ, ਤੌਖ਼ਲਾ, ਚਿੰਤਾ।

ਬਿਨੁ ਦਰਸਨ ਕੈਸੇ ਰਵਉ ਸਨੇਹੀ ॥੪॥੫॥

without the Blessed Vision of my Beloved, how can I enjoy Him? ||4||5||

ਕਿ ਮੈਂ ਕਿਤੇ ਪਰਮਾਤਮਾ ਦੇ ਦਰਸ਼ਨ ਤੋਂ ਵਾਂਜਿਆ ਹੀ ਨਾਹ ਰਹਿ ਜਾਵਾਂ। ਕੋਈ ਐਸਾ ਤਰੀਕਾ ਹੋਵੇ ਜਿਸ ਨਾਲ ਮੈਂ ਉਸ ਪਿਆਰੇ ਪ੍ਰਭੂ ਨੂੰ ਮਿਲ ਸਕਾਂ ॥੪॥੫॥ ਕੈਸੇ = (ਕੋਈ) ਐਸਾ (ਤਰੀਕਾ ਹੋਵੇ) ਜਿਸ ਨਾਲ। ਰਵਉ = ਮੈਂ ਮਿਲ ਸਕਾਂ। ਸਨੇਹੀ = ਸਨੇਹ ਕਰਨ ਵਾਲੇ ਪ੍ਰਭੂ ਨੂੰ, ਪਿਆਰੇ ਪ੍ਰਭੂ ਨੂੰ ॥੪॥੫॥